27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਜ਼ਿਲ੍ਹਾ ਸੁਧਾਰ ਘਰ 'ਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ

ਅਜੀਤ ਡੈਸਕ 21-01-2026
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਜਨਤਕ ਸੁਰੱਖਿਆ, ਅਮਨ-ਕਾਨੂੰਨ ਦੀ ਸਥਿਤੀ ਅਤੇ ਜੇਲ੍ਹ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਅੱਜ ਜ਼ਿਲ੍ਹਾ ਸੁਧਾਰ ਘਰ (ਜੇਲ੍ਹ) ਵਿਚ ਵਿਸ਼ੇਸ਼ 'ਤੇ ਅਚਾਨਕ ਤਲਾਸ਼ੀ ਮੁਹਿੰਮ ਚਲਾਈ ਗਈ | ਇਸ ਕਾਰਵਾਈ ਦਾ ਮੁੱਖ ਮਕਸਦ ਜੇਲ੍ਹ ਅੰਦਰ ਕਿਸੇ ਵੀ ਕਿਸਮ ਦੀ ਗ਼ੈਰਕਾਨੂੰਨੀ ਸਰਗਰਮੀ, ਨਸ਼ਿਆਂ ਦੀ ਤਸਕਰੀ ਅਤੇ ਬਾਹਰੀ ਸੰਪਰਕਾਂ 'ਤੇ ਪੂਰੀ ਤਰ੍ਹਾਂ ਨਿਗਰਾਨੀ ਕਰਨਾ ਸੀ | ਐੱਸ.ਐੱਸ.ਪੀ. ਅਭਿਮੰਨਿਊ ਰਾਣਾ ਦੀ ਸਿੱਧੀ ਨਿਗਰਾਨੀ ਹੇਠ ਇਹ ਵਿਸ਼ੇਸ਼ ਸਰਚ ਅਭਿਆਨ ਅਮਲ ਵਿਚ ਲਿਆਂਦਾ ਗਿਆ | ਇਸ ਕਾਰਵਾਈ ਦੀ ਅਗਵਾਈ ਡੀ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਬਚਨ ਸਿੰਘ ਵਲੋਂ ਕੀਤੀ ਗਈ | ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹਾਂ ਦੀ ਅੰਦਰੂਨੀ ਸੁਰੱਖਿਆ 'ਤੇ ਲਗਾਤਾਰ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਵਾਰ ਅਜਿਹੀਆਂ ਥਾਵਾਂ ਤੋਂ ਗ਼ੈਰਕਾਨੂੰਨੀ ਨੈੱਟਵਰਕ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਇਸ ਲਈ ਜੇਲ੍ਹ ਅੰਦਰ ਅਨੁਸ਼ਾਸਨ ਤੇ ਕਾਨੂੰਨੀ ਪਾਬੰਦੀਆਂ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਸਮੇਂ-ਸਮੇਂ 'ਤੇ ਕੀਤੀਆਂ ਜਾਂਦੀਆਂ ਹਨ | ਇਸ ਦੌਰਾਨ ਐੱਸ.ਆਈ. ਦਰਸ਼ਨ ਸਿੰਘ (ਮੁੱਖ ਅਫ਼ਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ) ਅਤੇ ਐੱਸ.ਆਈ. ਗੁਰਦੀਪ ਸਿੰਘ (ਮੁੱਖ ਅਫ਼ਸਰ ਥਾਣਾ ਬਰੀਵਾਲਾ) ਆਪਣੀਆਂ ਟੀਮਾਂ ਸਮੇਤ ਮੁਹਿੰਮ ਵਿਚ ਸ਼ਾਮਿਲ ਰਹੇ | ਮੌਕੇ 'ਤੇ ਜੇਲ੍ਹ ਸੁਪਰਡੈਂਟ ਦੀ ਨਿਗਰਾਨੀ ਹੇਠ ਐੱਸ.ਆਈ. ਗੁਰਦਿੱਤ ਸਿੰਘ, ਐੱਸ.ਆਈ. ਵਰਿੰਦਰ ਸਿੰਘ ਤੇ ਹੋਰ ਜੇਲ੍ਹ ਸਟਾਫ਼ ਦੀ ਹਾਜ਼ਰੀ 'ਚ ਸਰਚ ਕਾਰਵਾਈ ਕੀਤੀ ਗਈ | ਇਸ ਮੁਹਿੰਮ ਵਿਚ ਵੱਖ-ਵੱਖ ਥਾਣਿਆਂ ਤੋਂ ਤਕਰੀਬਨ 150 ਪੁਲਿਸ ਕਰਮਚਾਰੀ ਸ਼ਾਮਿਲ ਰਹੇ | ਜੇਲ੍ਹ ਦੀਆਂ ਸਾਰੀਆਂ ਬੈਰਕਾਂ ਤੇ ਸਹਾਇਕ ਥਾਵਾਂ ਦੀ ਵਿਸਥਾਰਪੂਰਕ ਜਾਂਚ ਕੀਤੀ ਗਈ | ਕੈਦੀਆਂ ਤੇ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਲੈ ਕੇ ਉਨ੍ਹਾਂ ਦੇ ਸਾਮਾਨ ਦੀ ਗਹਿਰਾਈ ਨਾਲ ਚੈਕਿੰਗ ਕੀਤੀ ਗਈ | ਜੇਲ੍ਹ ਦੇ ਅੰਦਰਲੇ ਅਤੇ ਬਾਹਰੀ ਆਵਾਜਾਈ ਰਸਤੇ ਕੰਧਾਂ ਦੇ ਕੋਨੇ ਅਤੇ ਨਾਲ ਲਗਦੀਆਂ ਥਾਵਾਂ ਦੀ ਖ਼ਾਸ ਤੌਰ 'ਤੇ ਜਾਂਚ ਕੀਤੀ ਗਈ | ਕੁਝ ਸ਼ੱਕੀ ਵਿਅਕਤੀਆਂ ਨਾਲ ਪੁੱਛਗਿੱਛ ਕਰਕੇ ਸੰਭਾਵੀ ਗ਼ੈਰਕਾਨੂੰਨੀ ਸਰਗਰਮੀਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਗਈ | ਅਧਿਕਾਰੀਆਂ ਨੇ ਕਿਹਾ ਕਿ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਜਾਂ ਨਸ਼ਾ ਤਸਕਰਾਂ ਨੂੰ ਕਿਸੇ ਵੀ ਤਰੀਕੇ ਨਾਲ ਬਾਹਰੀ ਸੰਪਰਕ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਨੇ ਸਰਕਾਰ ਦੀ ਅਰਥੀ ਫ਼ੂਕੀ ਅਗਲੀ ਖ਼ਬਰ ਲੋਕ ਮੋਰਚਾ ਪੰਜਾਬ ਵਲੋਂ ਨਿੱਜੀਕਰਨ ਦੇ ਹਮਲਿਆਂ ਖ਼ਿਲਾਫ਼ ਕਨਵੈਨਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।