ਕੋਟਕਪੂਰਾ, 14 ਜੁਲਾਈ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਹਾਕਮ ਸਿੰਘ ਸੀ.ਆਈ.ਏ ਸਟਾਫ਼ ਫ਼ਰੀਦਕੋਟ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਥਾਣਾ ਸਿਟੀ ਕੋਟਕਪੂਰਾ ਤੋਂ ਹੁੰਦੇ ਹੋਏ ਥਾਣਾ ਸਦਰ ਕੋਟਕਪੂਰਾ ਦੇ ਏਰੀਏ ਵਿਚ ਢੈਪਈ ਵਾਲੀ ਨਹਿਰ ਦੇ ਪੁਲ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਐਨ.ਐਚ-54 ਤੋਂ ਟੀ-ਪੁਆਇੰਟ ਕੋਠੇ ਦਰਜੀਆਂ ਵਾਲਾ ਨੂੰ ਜਾਂਦੀ ਲਿੰਕ ਸੜਕ ਦੇ ਮੋੜ ਉਪਰ ਇਕ ਮੋਟਰਸਈਕਲ, ਰੰਗ ਚਿੱਟਾ ਖੜ੍ਹਾ ਦਿਖਾਈ ਦਿੱਤਾ। ਜਿਸ ਦੇ ਪਾਸ ਦੋ ਮੋਨੇ ਨੌਜਵਾਨ ਦਰੱਖਤ ਦੀ ਛਾਂ ਵਿਚ ਖੜ੍ਹੇ ਆਪਸ ਵਿਚ ਗੱਲਾਂਬਾਤਾਂ ਕਰ ਰਹੇ ਸਨ। ਸ਼ੱਕ ਦੇ ਆਧਾਰ ’ਤੇ ਸਹਾਇਕ ਥਾਣੇਦਾਰ ਹਾਕਮ ਸਿੰਘ ਨੇ ਸਰਾਕਾਰੀ ਗੱਡੀ ਨੂੰ ਹੌਲੀ ਕਰਨ ਲਈ ਕਿਹਾ ਤਾਂ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਦੋਨੇ ਨੌਜਵਾਨ ਮੋਟਰਸਾਈਕਲ ਉਪਰ ਸਵਾਰ ਹੋ ਕੇ ਮੋਟਰਸਾਈਕਲ ਨੂੰ ਸਟਾਰਟ ਕਰਕੇ ਭਜਾੳਣੁ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਪਾਰਟੀ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਪੁਲਿਸ ਪਾਰਟੀ ਨੇ ਜਦ ਇਨ੍ਹਾਂ ਦਾ ਨਾਮ ਪਤਾ ਪੁੱਛਿਆ ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਰਜਨੇਸ਼ ਉਰਫ਼ ਮੌਂਟੀ ਪੁੱਤਰ ਮਿੰਟੂ ਵਾਸੀ ਸੰਗੌਆਣਾ ਬਸਤੀ, ਬਠਿੰਡਾ ਅਤੇ ਦੂਜੇ ਨੌਜਵਾਨ ਨੇ ਆਪਣਾ ਨਾਮ ਗੁਰਜੰਟ ਸਿੰਘ ਉਰਫ਼ ਜੰਟਾ ਵਾਸੀ ਧਮੋਟ ਕਲਾਂ, ਥਾਣਾ ਪਾਇਲ, ਜ਼ਿਲ੍ਹਾ ਲੁਧਿਆਣਾ ਦੱਸਿਆ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਪੁਲਿਸ ਨੂੰ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧ ’ਚ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੇ ਉਕਤ ਦੋਹਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਇਨ੍ਹਾਂ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ।