19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਕਲੀ ਖਾਦਾਂ, ਪੋਟਾਸ਼ ਅਤੇ ਜ਼ਿੰਕ ਆਦਿ ਬਣਾਉਣ ਤੇ ਵੇਚਣ ਦੇ ਕਾਰੋਬਾਰ ਦਾ ਪਰਦਾਫ਼ਾਸ਼

ਅਜੀਤ ਡੈਸਕ 09-05-2026
ਫ਼ਰੀਦਕੋਟ, 8 ਮਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਨਰਾਇਣ ਨਗਰ ਵਿਚ ਇਕ ਘਰ ਵਿਚ ਨਕਲੀ ਖਾਦਾਂ, ਪੋਟਾਸ਼ ਅਤੇ ਜ਼ਿੰਕ ਆਦਿ ਬਣਾਉਣ ਅਤੇ ਵੇਚਣ ਦੇ ਕਾਰੋਬਾਰ ਦਾ ਚੰਡੀਗੜ੍ਹ ਤੋਂ ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਪਰਦਾਫ਼ਾਸ ਕੀਤਾ ਗਿਆ | ਇਸ ਦੌਰਾਨ ਵੱਡੀ ਮਾਤਰਾ ਵਿਚ ਨਕਲੀ ਅਤੇ ਮਿਆਦ ਪੁੱਗ ਚੁੱਕੀਆਂ ਖਾਦਾਂ, ਪੋਟਾਸ਼, ਜ਼ਿੰਕ ਆਦਿ ਬਰਾਮਦ ਕੀਤਾ ਗਿਆ | ਜਿਸ ਨੂੰ ਇਸ ਤਰੀਕੇ ਨਾਲ ਮੰਡੀ ਵਿਚ ਸਪਲਾਈ ਕੀਤਾ ਜਾ ਰਿਹਾ ਸੀ | ਜ਼ਿਕਰਯੋਗ ਹੈ ਕਿ ਉਪਰੋਕਤ ਮਾਮਲੇ ਦੀ ਸੂਚਨਾ ਮਿਲਣ 'ਤੇ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਨਰਿੰਦਰ ਸਿੰਘ ਬੈਨੀਪਾਲ ਦੀ ਅਗਵਾਈ 'ਚ ਚੰਡੀਗੜ੍ਹ ਤੋਂ ਇਕ ਟੀਮ ਬੁੱਧਵਾਰ ਨੂੰ ਫ਼ਰੀਦਕੋਟ ਪਹੁੰਚੀ | ਜਿਸ ਨੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਕੁਲਵੰਤ ਸਿੰਘ, ਏ.ਡੀ.ਓ.ਇਨਫੋਰਸਮੈਂਟ ਡਾ: ਜਤਿੰਦਰਪਾਲ ਮਾਨ ਅਤੇ ਹੋਰ ਅਧਿਕਾਰੀਆਂ ਦੇ ਨਾਲ ਸਥਾਨਕ ਨਰਾਇਣ ਨਗਰ ਦੀ ਗਲੀ ਨੰਬਰ 2 ਵਿਚ ਇਕ ਘਰ ਵਿਚ ਛਾਪਾ ਮਾਰਿਆ | ਜਿੱਥੇ ਜਾਣਕਾਰੀ ਅਨੁਸਾਰ ਵਿਭਾਗ ਦੇ ਅਧਿਕਾਰੀਆਂ ਨੇ ਵੱਡੀ ਮਾਤਰਾ 'ਚ ਨਕਲੀ ਪੋਟਾਸ਼, ਜ਼ਿੰਕ, ਖਾਦ, ਬੋਰੀਆਂ, ਖਾਲੀ ਪਾਊਚ, ਪੈਕਿੰਗ ਮਸ਼ੀਨਾਂ ਆਦਿ ਬਰਾਮਦ ਕੀਤੀਆਂ ਪਰ ਉਕਤ ਧੰਦਾ ਚਲਾਉਣ ਵਾਲਾ ਵਿਅਕਤੀ ਉਥੋਂ ਫਰਾਰ ਹੋ ਗਿਆ | ਨਰਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਦੇ ਚੰਗੇ ਸਾਧਨ ਮੁਹੱਈਆ ਕਰਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫ਼ਰੀਦਕੋਟ 'ਚ ਅਮਰਾਵਤੀ ਦੇ ਨਾਂਅ 'ਤੇ ਭੋਲੇ-ਭਾਲੇ ਕਿਸਾਨਾਂ ਨੂੰ ਨਕਲੀ ਜ਼ਿੰਕ, ਪੋਟਾਸ਼ ਅਤੇ ਹੋਰ ਸਮੱਗਰੀ ਵੇਚੀ ਜਾ ਰਹੀ ਹੈ | ਜਿਸ ਕਾਰਨ ਉਨ੍ਹਾਂ ਵਲੋਂ ਇਹ ਛਾਪੇਮਾਰੀ ਕੀਤੀ ਗਈ | ਇੱਥੇ ਆ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਦੀ ਪਹਿਲਾਂ ਵੀ ਅਨਾਜ ਮੰਡੀ 'ਚ ਦੁਕਾਨ ਸੀ ਅਤੇ ਉਥੋਂ ਉਸ ਕੋਲ ਲਾਇਸੰਸ ਸੀ ਪਰ ਛੇ ਮਹੀਨੇ ਪਹਿਲਾਂ ਉਹ ਦੁਕਾਨ ਛੱਡ ਕੇ ਚਲਾ ਗਿਆ ਅਤੇ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਉਸ ਨੇ ਇਹ ਧੰਦਾ ਸ਼ੁਰੂ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਜਿੱਥੇ ਨਕਲੀ ਸਾਮਾਨ ਪੈਕਿੰਗ ਵਿਚ ਵੇਚਿਆ ਜਾ ਰਿਹਾ ਸੀ, ਉਥੇ ਮਿਆਦ ਪੁੱਗ ਚੁੱਕੇ ਸਾਮਾਨ 'ਤੇ ਨਵੀਂ ਮਿਤੀ ਦੇ ਸਟਿੱਕਰ ਲਗਾ ਕੇ ਵੇਚਿਆ ਜਾ ਰਿਹਾ ਸੀ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਉਕਤ ਰਜਿੰਦਰ ਸੇਠੀ ਖ਼ਿਲਾਫ਼ ਫਰਟੀਲਾਈਜ਼ਰ ਐਕਟ, ਕੀਟਨਾਸ਼ਕ ਐਕਟ, ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਨ ਲਈ ਕਿਹਾ ਹੈ ਅਤੇ ਪੁਲਿਸ ਕਾਰਵਾਈ ਕਰ ਰਹੀ ਹੈ | ਹੁਣ ਪੁਲਿਸ ਅੱਗੇ ਜਾਂਚ ਕਰੇਗੀ ਕਿ ਉਹ ਇਕੱਲਾ ਕੰਮ ਕਰ ਰਿਹਾ ਸੀ ਜਾਂ ਕੋਈ ਹੋਰ ਸਾਥੀ ਹੈ |
ਪਿਛਲੀ ਖ਼ਬਰ ਭਾਕਿਯੂ ਲੱਖੋਵਾਲ 15 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰੇਗਾ-ਆਗੂ ਅਗਲੀ ਖ਼ਬਰ ਜੀ. ਐਨ. ਕਾਨਵੈਂਟ ਸਕੂਲ 'ਚ 'ਮਾਂ ਦਿਵਸ' ਸੰਬੰਧੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।