ਰਾਜਪੁਰਾ, 31 ਅਕਤੂਬਰ (ਜੀ.ਪੀ. ਸਿੰਘ)- ਰਾਜਪੁਰਾ-ਅੰਬਾਲਾ ਕੌਮੀ ਸ਼ਾਹ ਮਾਰਗ ਨੰਬਰ 44 ’ਤੇ ਵਾਪਰੇ ਇਕ ਸੜਕ ਹਾਦਸੇ ’ਚ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਥਾਣਾ ਸ਼ੰਭੂ ਦੀ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅਮਨ ਸਿੰਘ ਪੁੱਤਰ ਉਦੇ ਸਿੰਘ ਵਾਸੀ ਪਿੰਡ ਪੁਰਨਾਦੇਹ ਜ਼ਿਲ੍ਹਾ ਨਵਾਦਾ ਬਿਹਾਰ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ ਚਾਚਾ ਦਾ ਲੜਕਾ ਵਿਕਾਸ ਕੁਮਾਰ ਪੁੱਤਰ ਸ਼ੰਭੂ ਸਿੰਘ ਤੇ ਉਸ ਦਾ ਸਾਥੀ ਅਦਿਤਿਆ ਕੁਮਾਰ ਪੁੱਤਰ ਧਰਮਿੰਦਰ ਸਿੰਘ ਵਾਸੀ ਪਿੰਡ ਪੁਰਨਾਦੇਹ ਜ਼ਿਲ੍ਹਾ ਨਵਾਦਾ ਬਿਹਾਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਘੱਗਰ ਸਰਾਏ ਨੇੜੇ ਜਾ ਰਹੇ ਹਨ ਤਾਂ ਇਕ ਅਣਪਛਾਤੇ ਟਰੱਕ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਂਦਿਆਂ ਉਨ੍ਹਾਂ ਦੇ ਮੋਟਰਸਾਈਕਲ ’ਚ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਾਦਸੇ ’ਚ ਦੋਵੇਂ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਥਾਣਾ ਸ਼ੰਭੂ ਦੀ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।