12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪਹਿਲੇ ਨਰਾਤੇ ਮੌਕੇ ਮਨੀਸ਼ ਸਿਸੋਦੀਆ ਨੇ ਸਿਹਤ ਮੰਤਰੀ, ਵਿਧਾਇਕ ਕੋਹਲੀ ਤੇ ਮੇਅਰ ਨਾਲ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਮੱਥਾ ਟੇਕਿਆ

ਪਟਿਆਲਾ, 11 ਅਕਤੂਬਰ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਸੂ ਦੇ ਪਹਿਲੇ ਨਰਾਤੇ ਮੌਕੇ ਪਟਿਆਲਾ ਸਥਿਤ ਪ੍ਰਸਿੱਧ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਸਿਹਤ ਮੰਤਰੀ ਡਾ.

ਅਜੀਤ ਡੈਸਕ 12-10-2026
ਪਟਿਆਲਾ, 11 ਅਕਤੂਬਰ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਸੂ ਦੇ ਪਹਿਲੇ ਨਰਾਤੇ ਮੌਕੇ ਪਟਿਆਲਾ ਸਥਿਤ ਪ੍ਰਸਿੱਧ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਅਤੇ ਮੰਦਰ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਮਨੀਸ਼ ਸਿਸੋਦੀਆ ਨੇ ‘ਆਪ’ ਆਗੂਆਂ ਨਾਲ ਹਵਨ-ਪੂਜਾ ਕੀਤੀ ਅਤੇ ਮਾਤਾ ਰਾਣੀ ਅੱਗੇ ਅਰਦਾਸ ਕੀਤੀ। ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਦੇਸ਼ ਵਾਸੀਆਂ ਦੀ ਸੁੱਖ-ਸਮ੍ਰਿੱਧੀ, ਸ਼ਾਂਤੀ ਤੇ ਤਰੱਕੀ ਦੀ ਕਾਮਨਾ ਕੀਤੀ। ਇਸ ਦੌਰਾਨ ਉਨ੍ਹਾਂ ਸਿਹਤ ਮੰਤਰੀ ਅਤੇ ‘ਆਪ’ ਆਗੂਆਂ ਨਾਲ ਮੰਦਰ ਵਿਚ ਸਥਾਪਤ ਕੀਤੇ ਗਏ ਮਾਤਾ ਰਾਣੀ ਦੇ ਨਵੇਂ ਧਵੱਜ ਨੂੰ ਲਹਿਰਾਇਆ। ਇਸ ਉਪਰੰਤ ਨਵੇਂ ਬਣੇ ਲੰਗਰ ਹਾਲ ਵਿਚ ਕੰਨਿਆ ਪੂਜਨ ਕੀਤਾ ਅਤੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ। ਮਨੀਸ਼ ਸਿਸੋਦੀਆ ਨੇ ਭਗਵੰਤ ਮਾਨ ਦੇ ਮੁੜ ਮੁੱਖ ਮੰਤਰੀ ਬਣਨ ਦੀ ਕਾਮਨਾ ਕਰਦਿਆਂ ਅਰਦਾਸ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਸੱਤਾ ਵਿਚ ਆਵੇ ਅਤੇ ਪਾਰਟੀ ਆਗੂਆਂ ਦੀ ਮਿਹਨਤ ਸਫਲ ਹੋਵੇ। ਮੰਦਰ ਵਿਚ ਚੱਲ ਰਹੇ ਉਸਾਰੀ ਅਤੇ ਨਵੀਨੀਕਰਨ ਦੇ ਕੰਮਾਂ ਬਾਰੇ ਗੱਲ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ, “ਇਹ ਆਮ ਆਦਮੀ ਪਾਰਟੀ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਮਾਂ ਕਾਲੀ ਨੇ ਸਾਡੀ ਸਰਕਾਰ ਨੂੰ ਇਸ ਪਵਿੱਤਰ ਮੰਦਰ ਦੇ ਨਵੀਨੀਕਰਨ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ।” ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਮੰਦਰ ਦਾ ਸਰੂਪ ਹੋਰ ਵੀ ਨਿਖਰ ਕੇ ਸਾਹਮਣੇ ਆਵੇਗਾ। ਮੰਦਰ ਨੂੰ ਇਕ ਸਿੱਧ ਪੀਠ ਦੱਸਦਿਆਂ ਉਨ੍ਹਾਂ ਕਿਹਾ ਕਿ ਇਥੇ ਦੇਸ਼ ਭਰ ਤੋਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ ਅਤੇ ਪੰਜਾਬ ਸਰਕਾਰ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਹਰ ਸੰਭਵ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਮਨੀਸ਼ ਸਿਸੋਦੀਆ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਸਿਰਫ਼ ਸਰਕਾਰ ਵਿਚ ਹਨ, ਲੋਕਾਂ ਦੇ ਦਿਲਾਂ ਵਿਚ ਨਹੀਂ। ਸੀ. ਬੀ. ਆਈ., ਚੋਣ ਕਮਿਸ਼ਨ ਤੇ ਈ. ਡੀ. ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਸੰਸਥਾਵਾਂ ਨੂੰ ਚੋਣਾਂ ਜਿੱਤਣ ਦੇ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਵਰਤੋਂ ਸਿਆਸੀ ਲਾਹੇ ਲਈ ਕੀਤੀ ਜਾ ਰਹੀ ਹੈ। ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰ ਸੀ. ਏ. ਅਜੈ ਅਲੀਪੁਰੀਆ ਨੇ ਦੱਸਿਆ ਕਿ ਭਾਰੀ ਮੀਂਹ ਦੇ ਬਾਵਜੂਦ ਸ਼ਰਧਾਲੂਆਂ ਨੇ ਮੰਦਰ ਦੇ ਸਰੋਵਰ ਦੇ ਆਲੇ-ਦੁਆਲੇ ਬਣੇ ਨਵੇਂ ਗਲਿਆਰੇ ਵਿਚ ਬੈਠ ਕੇ ਨਵ-ਨਿਰਮਿਤ ਇਮਾਰਤ ਦਾ ਆਨੰਦ ਮਾਣਿਆ। ਇਸ ਮੌਕੇ ਮੰਦਰ ਦੀ ਸਲਾਹਕਾਰ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਮਹੇਸ਼ ਮਿੱਤਲ, ਸੀਏ ਅਜੈ ਅਲੀਪੁਰੀਆ, ਡਾ. ਰਾਜ ਕੁਮਾਰ ਗੁਪਤਾ, ਸੰਜੇ ਸਿੰਗਲਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਲਦੀਪ ਸਿੰਘ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਨੁਪ੍ਰਿਤਾ ਜੌਹਲ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਪਹਿਲੇ ਨਰਾਤੇ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਪਿਛਲੀ ਖ਼ਬਰ ਪਰਗਟ ਸਿੰਘ ਦੀ ਤਾਜਪੋਸ਼ੀ ਮੌਕੇ ਸੰਜੀਵ ਸ਼ਰਮਾ ਕਾਲੂ ਦਾ ਸ਼ਕਤੀ ਪ੍ਰਦਰਸ਼ਨ, ਸੈਂਕੜੇ ਸਾਥੀਆਂ ਸਮੇਤ ਚੰਡੀਗੜ੍ਹ ਪਹੁੰਚੇ ਅਗਲੀ ਖ਼ਬਰ ਰਾਹਗੀਰ ਨੂੰ ਘੇਰ ਕੇ ਮੋਬਾਈਲ, ਨਕਦੀ ਤੇ ਆਰ. ਸੀ. ਖੋਹਣ ਦੇ ਦੋਸ਼ ਹੇਠ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।