24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਰੱਖੜਾ ਨੇ ਸਮਾਣਾ ਸ਼ਹਿਰ ਤੋਂ ‘ਮਾਨ ਦੇ ਮੁਨਾਫ਼ੇ’ ਡੋਰ-ਟੂ-ਡੋਰ ਮੁਹਿੰਮ ਦੀ ਕੀਤੀ ਸ਼ੁਰੂਆਤ

ਸਮਾਣਾ, 23 ਸਤੰਬਰ (ਹਰਵਿੰਦਰ ਸਿੰਘ ਟੋਨੀ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਦੀਆਂ ਲੋਕ-ਭਲਾਈ ਗਰੰਟੀਆਂ ਨੂੰ ਘਰ-ਘਰ ਪਹੁੰਚਾਉਣ ਲਈ ਸਾਬਕਾ ਕੈਬਨਿਟ ਮੰਤਰੀ ਤੇ ‘ਆਪ’ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਰੱਖੜਾ ਨੇ ਸਾਥੀਆਂ ਸਮੇਤ ਸਮਾਣਾ ਸ਼ਹਿਰ ਤੋਂ ‘ਮਾਨ ਦੇ ਮੁਨਾਫ਼ੇ’ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਸਮੇਂ ਸ.

ਸੁਰਜੀਤ ਸਿੰਘ ਰੱਖੜਾ ਸਾਥੀਆਂ ਸਮੇਤ ਸਮਾਣਾ ਸ਼ਹਿਰ ਤੋਂ ‘ਮਾਨ ਦੇ ਮੁਨਾਫ਼ੇ’ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ। ਅਜੀਤ ਤਸਵੀਰ 24-09-2026
ਸਮਾਣਾ, 23 ਸਤੰਬਰ (ਹਰਵਿੰਦਰ ਸਿੰਘ ਟੋਨੀ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਦੀਆਂ ਲੋਕ-ਭਲਾਈ ਗਰੰਟੀਆਂ ਨੂੰ ਘਰ-ਘਰ ਪਹੁੰਚਾਉਣ ਲਈ ਸਾਬਕਾ ਕੈਬਨਿਟ ਮੰਤਰੀ ਤੇ ‘ਆਪ’ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਰੱਖੜਾ ਨੇ ਸਾਥੀਆਂ ਸਮੇਤ ਸਮਾਣਾ ਸ਼ਹਿਰ ਤੋਂ ‘ਮਾਨ ਦੇ ਮੁਨਾਫ਼ੇ’ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਸਮੇਂ ਸ. ਰੱਖੜਾ ਨੇ ਡੋਰ-ਟੂ-ਡੋਰ ਮਹਿੰਮ ਦੌਰਾਨ ਸ਼ਹਿਰ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਦੱਸਿਆ ਕਿ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਸਦਕਾ ਅੱਜ ਪੰਜਾਬ ਦੇ ਹਰੇਕ ਆਮ ਪਰਿਵਾਰ ਨੂੰ ਸਾਲਾਨਾ ਲਗਪਗ 1 ਲੱਖ 82 ਹਜ਼ਾਰ ਰੁਪਏ ਤੋਂ ਵੀ ਵੱਧ ਦਾ ਸਿੱਧਾ ਮੁਨਾਫ਼ਾ ਹੋ ਰਿਹਾ ਹੈ। ਉਨ੍ਹਾਂ ਸਥਾਨਕ ਵਾਸੀਆਂ ਨੂੰ ਦੱਸਿਆ ਕਿ ਜ਼ੀਰੋ ਬਿਜਲੀ ਬਿੱਲ, ਮਾਵਾਂ-ਧੀਆਂ ਨੂੰ ਵਿੱਤੀ ਸਹਾਇਤਾ, ਸਰਕਾਰੀ ਬੱਸਾਂ ‘ਚ ਮੁਫ਼ਤ ਸਫ਼ਰ, ਸਰਕਾਰੀ ਸਕੂਲਾਂ ‘ਚ ਮੁਫ਼ਤ ਕਿਤਾਬਾਂ-ਵਰਦੀਆਂ, ਮੁਫ਼ਤ ਰਾਸ਼ਨ, ਮਾਵਾਂ-ਧੀਆਂ ਸਤਿਕਾਰ ਯੋਜਨਾ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤੇ ਆਮ ਆਦਮੀ ਕਲੀਨਿਕਾਂ ਰਾਹੀਂ ਮਿਲ ਰਹੀਆਂ ਮੁਫ਼ਤ ਸਿਹਤ ਸਹੂਲਤਾਂ ਨੇ ਆਮ ਪਰਿਵਾਰਾਂ ਦੀਆਂ ਜੇਬਾਂ ‘ਤੇ ਪੈਣ ਵਾਲਾ ਵੱਡਾ ਬੋਝ ਘਟਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਸਮੇਂ ਇਹ ਪੈਸਾ ਮਹਿੰਗੀਆਂ ਫ਼ੀਸਾਂ, ਭਾਰੀ ਬਿੱਲਾਂ ਤੇ ਦਵਾਈਆਂ ਦੇ ਖ਼ਰਚਿਆਂ ਵਿੱਚ ਬਰਬਾਦ ਹੁੰਦਾ ਸੀ, ਜੋ ਹੁਣ ਲੋਕਾਂ ਦੀਆਂ ਜੇਬਾਂ ਵਿਚ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਜੋ ਵਾਅਦੇ ਕੀਤੇ ਉਹ ਪੂਰੇ ਕਰਨ ਤੋਂ ਇਲਾਵਾ ਹੋਰ ਕਈ ਵਾਅਦੇ ਬਿਨਾਂ ਕਹੇ ਵੀ ਸਿਰੇ ਚੜ੍ਹਾਏ, ਜਿਨ੍ਹਾਂ ਵਿਚ ਟੇਲਾਂ ਤੱਕ ਪਾਣੀ, ਪਾਈਪ ਲਾਈਨਾਂ ਲਈ 100 ਫ਼ੀਸਦੀ ਸਬਸਿਡੀ, ਬੰਦ ਪਏ ਥਰਮਲ ਪਲਾਂਟਾਂ ਨੂੰ ਮੁੜ ਚਾਲੂ ਕਰਵਾਉਣਾ ਅਤੇ ਪ੍ਰਾਈਵੇਟ ਨਵੇਂ ਥਰਮਲ ਪਲਾਂਟਾਂ ਦੀ ਖਰੀਦ, ਕਿਸਾਨਾਂ ਨੂੰ ਖੇਤਾਂ ਦੇ ਪਾਣੀ ਲਈ ਰਾਤ ਦੀ ਬਜਾਏ ਦਿਨੀਂ ਬਿਜਲੀ ਪ੍ਰਬੰਧਾਂ ਤੇ ਵੱਡੀ ਤਦਾਦ ਵਿੱਚ ਮਿਆਦ ਪੁਗਾ ਚੁੱਕੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣਾ ਆਦਿ ਲੋਕ ਪੱਖੀ ਕੰਮਾਂ ਵਿਚ ਸ਼ਲਾਘਾਯੋਗ ਤੇ ਨਿਵੇਕਲੇ ਕਦਮ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਦਾ ਮਕਸਦ ਸਿਰਫ਼ ਦਫ਼ਤਰਾਂ ‘ਚ ਬੈਠ ਕੇ ਨੀਤੀਆਂ ਬਣਾਉਣਾ ਨਹੀਂ, ਸਗੋਂ ਲੋਕਾਂ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖਦਿਆਂ ਲੋਕਾਂ ਲਈ ਲੋਕ ਪੱਖੀ ਫ਼ੈਸਲਿਆਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨਾ ਹੈ। ਸ. ਰੱਖੜਾ ਨੇ ਕਿਹਾ ਕਿ ਲੋਕਾਂ ਪਾਸੋਂ ਮਿਲ ਰਿਹਾ ਸਕਾਰਾਤਮਿਕ ਹੁੰਗਾਰਾ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਪੱਖੀ ਉਪਰਾਲਿਆਂ ਅਤੇ ਫ਼ੈਸਲਿਆਂ ਪ੍ਰਤੀ ਲੋਕਾਂ ਦੇ ਵਿਸ਼ਵਾਸ ਦੀ ਗਵਾਹੀ ਭਰ ਰਿਹਾ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ, ਹਲਕਾ ਸੰਗਠਨ ਇੰਚਾਰਜ ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਸਾਬਕਾ ਚੇਅਰਮੈਨ ਅਸ਼ੋਕ ਮੋਦਗਿੱਲ, ਕੌਂਸਲਰ ਮਨਜਿੰਦਰ ਸਿੰਘ ਰਾਣਾ ਸੇਖੋਂ, ਵਾਈਸ ਪ੍ਰਧਾਨ ਧਰਮਪਾਲ ਨਾਹਰ,ਕੌਂਸਲਰ ਸੋਨੀ ਕਿੰਗ, ਕੌਂਸਲਰ ਸੁਰਜੀਤ ਰਾਮ ਪੱਪੀ, ਕੌਂਸਲਰ ਕੋਮਲ ਮਹੰਤ, ਕੌਂਸਲਰ ਰਾਣੀ, ਰਾਜ ਕੌਰ ਵਾਹਲਾ, ਗੁਰਦੀਪ ਸ਼ਰਮਾ, ਗੁਰਦਿਆਲ ਸਿੰਘ ਰੰਧਾਵਾ, ਗੁਰਭੇਜ ਸਿੰਘ ਭੇਜਾ ਤੇ ਹੋਰ ‘ਆਪ’ ਵਰਕਰ ਤੇ ਸਥਾਨਕ ਵਾਸੀ ਮੌਜੂਦ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਤਿਆਰੀਆਂ ਨੂੰ ਸਮਰਪਿਤ ਇਕੱਤਰਤਾ ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਬਰੈੱਡ ਬਣਾਉਣ ਦੀਆਂ ਤਕਨੀਕਾਂ ਸੰਬੰਧੀ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।