ਸਰਕਾਰੀ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਹੱਲਾ ਬੋਲ ਕੇ ਸੜਿਆ ਪੁਤਲਾ, ਕੀਤੀ ਨਾਅਰੇਬਾਜ਼ੀ
ਰਾਜਪੁਰਾ, 27 ਅਗਸਤ (ਰਣਜੀਤ ਸਿੰਘ)-ਅੱਜ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਹਲਕਾ ਰਾਜਪੁਰਾ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਚੁੱਪ ਦਾ ਪਹਿਰਾ ਰਿਹਾ ਅਤੇ ਸਮੂਹ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਸਰਕਾਰੀ ਕੰਮ ਨੂੰ ਬਰੇਕਾਂ ਲਾ ਦਿੱਤੀਆਂ। ਇਸ ਮੌਕੇ ’ਤੇ ਮੁਲਾਜ਼ਮਾਂ ਨੇ ਸਰਕਾਰ ਦੇ ਖ਼ਿਲਾਫ਼ ਆਕਾਸ਼ ਗੁੰਜਾਊਂ ਨਾਅਰੇਬਾਜ਼ੀ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ।
ਰਾਜਪੁਰਾ, 27 ਅਗਸਤ (ਰਣਜੀਤ ਸਿੰਘ)-ਅੱਜ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਹਲਕਾ ਰਾਜਪੁਰਾ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਚੁੱਪ ਦਾ ਪਹਿਰਾ ਰਿਹਾ ਅਤੇ ਸਮੂਹ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਸਰਕਾਰੀ ਕੰਮ ਨੂੰ ਬਰੇਕਾਂ ਲਾ ਦਿੱਤੀਆਂ। ਇਸ ਮੌਕੇ ’ਤੇ ਮੁਲਾਜ਼ਮਾਂ ਨੇ ਸਰਕਾਰ ਦੇ ਖ਼ਿਲਾਫ਼ ਆਕਾਸ਼ ਗੁੰਜਾਊਂ ਨਾਅਰੇਬਾਜ਼ੀ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਇਸ ਮੌਕੇ ’ਤੇ ਆਗੂਆਂ ਨੇ ਕਿਹਾ ਕਿ ਅੱਜ ਦੇ ਮਹਾਂਬੰਦ ਦੇ ਸੱਦੇ ਦੀ ਕਾਮਯਾਬੀ ਤੋਂ ਬਾਅਦ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਅਤੇ ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਰਕਾਰ ਦੇ ਖ਼ਿਲਾਫ਼ ਭੁਗਤਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਜਿਹੜੇ ਮੁੱਖ ਮੰਤਰੀ ਤੇ ਸੈਕਟਰੀਏਟ ਦੇ ਮੁਲਾਜ਼ਮਾਂ ਨੇ ਫੁੱਲਾਂ ਦੀ ਵਰਖਾ ਕੀਤੀ ਸੀ ਪਰ ਹੁਣ ਹਾਲਾਤ ਬਦਲ ਗਏ ਹਨ ਅਤੇ ਹੁਣ ਫੁੱਲਾਂ ਦੀ ਬਜਾਏ ਕਿਸੇ ਹੋਰ ਚੀਜ਼ ਦੀ ਵਰਖਾ ਹੋ ਸਕਦੀ ਹੈ। ਇਸ ਮੌਕੇ ’ਤੇ ਜਿੱਥੇ ਹੋਰ ਸਰਕਾਰੀ ਦਫ਼ਤਰ ਬੰਦ ਰਹੇ ਉੱਥੇ ਹੀ ਸਿਵਲ ਹਸਪਤਾਲ ਦੀ ਉ.ਪੀ.ਡੀ. ਬੰਦ ਰਹੀ ਅਤੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੇ ਵੀ ਹੜਤਾਲ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁਲਾਜ਼ਮ ਆਗੂ ਪੁਸ਼ਪਿੰਦਰ ਸਿੰਘ ਹਰਪਾਲਪੁਰ, ਕੁਲਬੀਰ ਸਿੰਘ ਸੈਦਖੇੜੀ, ਗੁਰਜੀਤ ਘੱਗਾ, ਸੰਦੀਪ ਕੁਮਾਰ ਅਤੇ ਹੋਰਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਦਾ ਮਹਾਂਬੰਦ ਪੂਰਨ ਤੌਰ ’ਤੇ ਸਫਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨਜ਼ਰ ਅੰਦਾਜ਼ ਕਰਨ ਖ਼ਿਲਾਫ਼ 7 ਅਗਸਤ ਨੂੰ ਹੋਈ ਚੰਡੀਗੜ੍ਹ ਮਹਾਂਰੈਲੀ ਵਿਚ ਹੋਏ ਲੱਖਾਂ ਦੇ ਇਕੱਠ ਅਤੇ ਅੱਜ ਦੇ ਠਾਠਾਂ ਮਾਰਦੇ ਇਕੱਠ ਅਤੇ ਪੰਜਾਬ ਮਹਾਂਬੰਦ ਦੇ ਪੂਰਨ ਤੌਰ ਤੇ ਮਿਲੇ ਹੁੰਗਾਰੇ ਨੂੰ ਪੰਜਾਬ ਸਰਕਾਰ ਕੰਧ ’ਤੇ ਲਿਖਿਆ ਪੜ੍ਹ ਲਵੇ। ਇਸ ਮਹਾਂਬੰਦ ਦੇ ਮੌਕੇ ’ਤੇ ਆਗੂਆਂ ਨੇ ਮੁੱਖ ਮੰਗਾਂ ਬਾਰੇ ਵਿਚ ਬੋਲਦਿਆਂ ਕਿਹਾ ਕਿ ਸਰਕਾਰ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਚਾਹੀਦੀ ਹੈ, ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਅਤੇ ਕੱਚੇ ਮੁਲਾਜ਼ਮ ਪੱਕੇ ਕਰਨੇ ਚਾਹੀਦੇ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਕੁਰਸੀ ’ਤੇ ਬੈਠਿਆਂ ਸਾਢੇ ਚਾਰ ਸਾਲ ਤੋ ਵੱਧ ਦਾ ਸਮਾਂ ਹੋ ਗਿਆ ਹੈ ਪਰ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਗੱਲਾਂ-ਬਾਤਾਂ ਦਾ ਕੜਾਹ ਖਵਾ ਰਹੀ ਹੈ। ਆਗੂਆਂ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਪਾਣੀ ਸਿਰ ਦੇ ਉੱਪਰੋਂ ਲੰਘ ਚੁੱਕਾ ਹੈ ਇਸ ਲਈ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ। ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੋਟ ਦੀ ਚੋਟ ਨਾਲ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ’ਤੇ ਸਰਕਾਰ ਦਾ ਪੁਤਲਾ ਸਾੜਿਆ ਗਿਆ। ਹੋਰਨਾਂ ਸਮੇਤ ਵਿਕਰਮ ਅਲੂਣਾ, ਬਲਵਿੰਦਰ ਸਿੰਘ ਕੋਟਲਾ, ਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਸ਼ਮਾ ਰਾਣੀ, ਵੀਨਾ ਅਰੋੜਾ, ਸੁਰਿੰਦਰ ਸਿੰਘ ਪਟਵਾਰੀ, ਗੁਰਦਾਸ ਸਿੰਘ, ਭਾਗ ਸਿੰਘ, ਦੀਪਕ ਚਾਵਲਾ, ਜਵਾਲਾ ਸਿੰਘ ਚੈਹਿਲ, ਮਨਜੀਤ ਸਿੰਘ ਲੈਬ ਇੰਚਾਰਜ ਅਤੇ ਹੋਰ ਮੁਲਾਜ਼ਮ ਆਗੂ ਹਾਜ਼ਰ ਸਨ।