ਰਾਜਪੁਰਾ, 19 ਅਗਸਤ (ਜੀ.ਪੀ. ਸਿੰਘ)-ਹੌਸਲੇ ਹੋਣ ਬੁਲੰਦ ਅਤੇ ਇਰਾਦੇ ਪੱਕੇ ਤਾਂ ਉੱਚੇ ਪਹਾੜ ਵੀ ਨੀਵੇਂ ਲੱਗਦੇ ਹਨ। ਇਸ ਕਹਾਵਤ ਨੂੰ ਸਰਕਾਰੀ ਹਾਈ ਸਕੂਲ ਪਿੰਡ ਉਪਲਹੇੜੀ ਵਿਖੇ ਸੇਵਾਵਾਂ ਨਿਭਾਅ ਰਹੇ ਡੀ.ਪੀ.ਈ. ਮਨਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਕੰਪਿਊਟਰ ਫੈਕਲਟੀ ਸਰਬਜੀਤ ਕੌਰ ਨੇ ਸੱਚ ਕਰ ਦਿਖਾਇਆ ਹੈ। ਦੋਵਾਂ ਨੇ ਕੁੱਝ ਦਿਨ ਪਹਿਲਾਂ ਦੁਨੀਆ ਦੇ ਸਭ ਤੋਂ ਪ੍ਰਸਿੱਧ ਪਹਾੜੀ ਟਰੈਕਾਂ ਵਿਚੋਂ ਇਕ ਐਵਰੈਸਟ ਬੇਸ ਕੈਂਪ ਤੱਕ ਪਹੁੰਚ ਕੇ ਆਪਣੇ ਸੁਪਨੇ ਨੂੰ ਹਕੀਕਤ ਵਿਚ ਬਦਲ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮਨਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਸਰਬਜੀਤ ਕੌਰ ਨੇ ਸਾਲ 2024 ਵਿਚ ਐਵਰੈਸਟ ਬੇਸ ਕੈਂਪ ਤੱਕ ਜਾਣ ਦਾ ਸੁਪਨਾ ਦੇਖਿਆ ਸੀ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਲਗਾਤਾਰ ਮਿਹਨਤ, ਸਰੀਰਕ ਤਿਆਰੀ ਅਤੇ ਮਜ਼ਬੂਤ ਇਰਾਦਿਆਂ ਨਾਲ ਤਿਆਰੀ ਕੀਤੀ ਅਤੇ ਆਖ਼ਰਕਾਰ ਕੁਝ ਦਿਨ ਪਹਿਲਾਂ 2026 ਵਿਚ ਉਹ ਐਵਰੈਸਟ ਬੇਸ ਕੈਂਪ ਦੀ 5364 ਮੀਟਰ ਉਚਾਈ ਤੱਕ ਪਹੁੰਚਣ ਵਿਚ ਸਫਲ ਰਹੇ। ਇਸ ਮੁਹਿੰਮ ਦੀ ਖ਼ਾਸ ਗੱਲ ਇਹ ਰਹੀ ਕਿ ਮਨਦੀਪ ਸਿੰਘ ਅਤੇ ਸਰਬਜੀਤ ਕੌਰ ਨੇ ਇਹ ਚੁਨੌਤੀ ਬਿਨਾਂ ਕਿਸੇ ਗਾਈਡ, ਬਿਨਾਂ ਪੋਰਟਰ ਅਤੇ ਬਿਨਾਂ ਹਵਾਈ ਯਾਤਰਾ ਦੇ ਪੂਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲਗਭਗ 120 ਕਿੱਲੋਮੀਟਰ ਦਾ ਆਉਣ ਜਾਣ ਦਾ ਸਫ਼ਰ ਪੈਦਲ ਤੈਅ ਕੀਤਾ। ਉੱਚੇ ਪਹਾੜਾਂ, ਬਰਫ਼ੀਲੇ ਰਸਤਿਆਂ, ਘੱਟ ਆਕਸੀਜਨ ਅਤੇ ਬਦਲਦੇ ਮੌਸਮ ਵਰਗੀਆਂ ਚੁਨੌਤੀਆਂ ਦੇ ਬਾਵਜੂਦ ਦੋਵਾਂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਕਿਹਾ ਕਿ ਸਿਰਫ਼ ਮੰਜ਼ਿਲ ਹੀ ਨਹੀਂ, ਸਗੋਂ ਔਖੇ ਰਸਤਿਆਂ ਦਾ ਸਫ਼ਰ ਵੀ ਬਹੁਤ ਖ਼ੂਬਸੂਰਤ ਹੁੰਦਾ ਹੈ। ਉਨ੍ਹਾਂ ਅਨੁਸਾਰ ਐਵਰੈਸਟ ਬੇਸ ਕੈਂਪ ਤੱਕ ਪਹੁੰਚ ਕੇ ਹਿਮਾਲਿਆ ਦੀ ਕੁਦਰਤੀ ਸੁੰਦਰਤਾ ਨੂੰ ਨੇੜਿਉਂ ਦੇਖਣਾ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਯਾਦਗਾਰ ਪਲਾਂ ਵਿਚੋਂ ਇਕ ਹੈ। ਮਨਦੀਪ ਸਿੰਘ ਅਤੇ ਸਰਬਜੀਤ ਕੌਰ ਦੀ ਇਸ ਪ੍ਰਾਪਤੀ ਨਾਲ ਸਰਕਾਰੀ ਹਾਈ ਸਕੂਲ ਉਪਲਹੇੜੀ ਦੇ ਸਟਾਫ਼, ਵਿਦਿਆਰਥੀਆਂ ਅਤੇ ਇਲਾਕਾ ਵਾਸੀਆਂ ਵਿਚ ਵੀ ਖ਼ੁਸ਼ੀ ਦੀ ਲਹਿਰ ਹੈ। ਉਨ੍ਹਾਂ ਦੀ ਇਹ ਪ੍ਰੇਰਣਾਦਾਇਕ ਯਾਤਰਾ ਨੌਜਵਾਨਾਂ ਨੂੰ ਸੁਪਨੇ ਦੇਖਣ, ਮਿਹਨਤ ਕਰਨ ਅਤੇ ਚੁਨੌਤੀਆਂ ਦਾ ਡਟ ਕੇ ਸਾਹਮਣਾ ਕਰਨ ਲਈ ਪ੍ਰੇਰਿਤ ਕਰਦੀ ਹੈ।