ਦੇਵੀਗੜ੍ਹ, 28 ਜੁਲਾਈ (ਰਾਜਿੰਦਰ ਸਿੰਘ ਮੌਜੀ)-ਨਗਰ ਪੰਚਾਇਤ ਦੇਵੀਗੜ੍ਹ ਅਧੀਨ ਆਉਂਦੇ ਪਿੰਡ ਭੰਬੂਆਂ ਵਿਚ ਪਿਛਲੇ ਕਈ ਸਾਲਾਂ ਤੋਂ ਗੰਦਗੀ ਤੇ ਘਾਹ-ਫੂਸ ਨਾਲ ਭਰੇ ਪਏ ਛੱਪੜਾਂ ਦੀ ਸਫਾਈ ਦਾ ਕੰਮ ਅੱਜ ਜੰਗੀ ਪੱਧਰ ‘ਤੇ ਸ਼ੁਰੂ ਹੋ ਗਿਆ ਹੈ। ਇਹ ਵਿਸ਼ੇਸ਼ ਸਫ਼ਾਈ ਅਭਿਆਨ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਦੇ ਦਿਸ਼ਾ-ਨਿਰਦੇਸ਼ਾਂ ਤੇ ਨਗਰ ਪੰਚਾਇਤ ਦੇਵੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਲੱਖੀ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤਾ। ਇਸ ਮੌਕੇ ਪਿੰਡ ਭੰਬੂਆਂ ਪਹੁੰਚੇ ਲਖਵੀਰ ਸਿੰਘ ਲੱਖੀ ਨੇ ਛੱਪੜਾਂ ਦੀ ਸਫ਼ਾਈ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਿੰਡ ਦੀ ਨੁਹਾਰ ਬਦਲਣ ਅਤੇ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਨਗਰ ਪੰਚਾਇਤ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਕੌਂਸਲਰ ਗੁਰਮੀਤ ਸਿੰਘ ਭੰਬੂਆਂ, ਚੇਅਰਮੈਨ ਦਾਨੂੰ ਲਾਂਬਾ ਤੇ ਕੌਂਸਲਰ ਹੈਪੀ ਜ਼ੁਲਕਾਂ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਚੇਅਰਮੈਨ ਦਾਨੂੰ ਲਾਂਬਾ ਨੇ ਕਿਹਾ ਕਿ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੇ ਨੇਕ ਮਕਸਦ ਤੇ ਦਿਸ਼ਾ-ਨਿਰਦੇਸ਼ਾਂ ਸਦਕਾ ਹੀ ਇਹ ਕੰਮ ਸੰਭਵ ਹੋ ਸਕਿਆ ਹੈ। ਕੌਂਸਲਰ ਹੈਪੀ ਜ਼ੁਲਕਾਂ ਨੇ ਵੀ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਗਰ ਪੰਚਾਇਤ ਦੇਵੀਗੜ੍ਹ ਦੀ ਟੀਮ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਲਖਵੀਰ ਸਿੰਘ ਲੱਖੀ ਨੇ ਦੱਸਿਆ ਕਿ ਛੱਪੜਾਂ ਤੋਂ ਕੱਢੇ ਜਾ ਰਹੇ ਘਾਹ-ਫੂਸ ਤੇ ਗੰਦਗੀ ਨੂੰ ਟਰੈਕਟਰ-ਟਰਾਲੀਆਂ ਰਾਹੀਂ ਸੁਰੱਖਿਅਤ ਥਾਵਾਂ ‘ਤੇ ਸੁੱਟਿਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਵੀ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ।