ਭਾਦਸੋਂ, 23 ਜੁਲਾਈ (ਪ੍ਰਦੀਪ ਦੰਦਰਾਲਾ)-ਨਾਭਾ-ਭਾਦਸੋਂ ਤੋਂ ਜਾ ਰਹੀ ਲਿੰਕ ਸੜਕ ਜੋ ਥਾਂ-ਥਾਂ ’ਤੇ ਟੁੱਟੀ ਹੋਈ ਤੇ ਇਸ ਸੜਕ ਵਿਚਕਾਰ ਅਤੇ ਆਲੇ ਦੁਆਲੇ ਪਏ ਵੱਡੇ-ਵੱਡੇ ਟੋਏ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਲੋਕ ਉੱਚ ਅਧਿਕਾਰੀਆਂ ਨੂੰ ਇਸ ਸੜਕ ਨੂੰ ਬਣਾਉਣ ਸੰਬੰਧੀ ਗੁਹਾਰ ਲਾ ਚੁੱਕੇ ਹਨ, ਪਰ ਫਿਰ ਵੀ ਇਸ ਸੜਕ ਦੀ ਹਾਲਤ ਜਿਉਂ ਦੀ ਤਿਉਂ ਹੈ। ਇਸ ਸੜਕ ’ਤੇ ਪਏ ਵੱਡੇ-ਵੱਡੇ ਟੋਇਆ ਨੂੰ ਭਰ ਕੇ ਸਮਾਜ ਸੇਵੀ ਅਮਰੀਕ ਸਿੰਘ ਭੰਗੂ ਤੇ ਹੋਰ ਆਪਣਾ ਫਰਜ਼ ਨਿਭਾ ਰਹੇ ਹਨ। ਇਸ ਸੰਬੰਧੀ ਅਮਰੀਕ ਸਿੰਘ ਭੰਗੂ ਨੇ ਦੱਸਿਆ ਕਿ ਕੇ ਮੈਂ ਰੋਜ਼ਾਨਾ ਇਸ ਸੜਕ ’ਤੇ ਆਉਂਦਾ ਜਾਂਦਾ ਹਾਂ, ਇਹ ਸੜਕ ਸਕਰਾਲੀ ਤੋਂ ਲੈ ਕੇ ਮਟੋਰਡਾ ਤੇ ਮਟੋਰਡਾ ਲੌਟ ਰਜਵਾਹੇ ਦੇ ਨਾਲ ਨਾਲ ਪੁਰੀ ਤਰ੍ਹਾਂ ਟੁੱਟ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੈਂ ਖੁਦ ਆਪਣੇ ਟਰੈਕਟਰ ਟਰਾਲੀ ਵਿਚ ਰੋੜੇ ਮਿੱਟੀ ਇੱਕਠੀ ਕਰਕੇ ਲੈ ਕੇ ਆਉਦਾ ਹਾਂ ਅਤੇ ਬਿਨਾਂ ਕਿਸੇ ਸੁਆਰਥ ਤੇ ਇਸ ਸੜਕ ’ਤੇ ਪਏ ਵੱਡੇ ਵੱਡੇ ਟੋਇਆਂ ਨੂੰ ਭਰਕੇ ਰਾਹਗੀਰਾਂ ਨੂੰ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਰਹਿੰਦੇ ਹਾਂ, ਉਨ੍ਹਾਂ ਇਹ ਵੀ ਕਿਹਾ ਕਿ ਇਨਸਾਨੀਅਤ ਦੀ ਸੇਵਾ ਕਰਨ ਵਿਚ ਮੈਨੂੰ ਇਕ ਵੱਖਰੀ ਖੁਸ਼ੀ ਮਹਿਸੂਸ ਹੁੰਦੀ ਹੈ। ਇਸ ਮੌਕੇ ਰਾਮ ਸਿੰਘ, ਸੁਖਵਿੰਦਰ ਸਿੰਘ, ਰਣਬੀਰ ਸਿੰਘ, ਰਮੇਸ਼, ਗੁਰਮੁਖ ਸਿੰਘ, ਕਰਮਜੀਤ ਸਿੰਘ ਮਾਨ ਟੇਲਰ, ਲਵਲੀ ਸੌਂਸ਼ਪੁਰ ਹਾਜ਼ਰ ਸਨ।