ਦੇਵੀਗੜ੍ਹ, 23 ਜੁਲਾਈ (ਰਾਜਿੰਦਰ ਸਿੰਘ ਮੌਜੀ)-ਡਾ. ਬੀ. ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ ਜੁਲਾਹਖੇੜੀ ਵਿਖੇ ਛੋਟੇ ਬੱਚਿਆਂ ਦੇ ਮਾਨਸਿਕ ਵਿਕਾਸ ਅਤੇ ਰੰਗਾਂ ਦੀ ਪਹਿਚਾਣ ਕਰਵਾਉਣ ਦੇ ਉਦੇਸ਼ ਨਾਲ ਕਿੰਡਰਗਾਰਟਨ ਵਿਭਾਗ ਵਲੋਂ ‘ਯੈਲੋ ਡੇ’ ਮਨਾਇਆ। ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨੇ ਬੱਚੇ ਪੀਲੇ ਰੰਗ ਦੀਆਂ ਖ਼ੂਬਸੂਰਤ ਪੁਸ਼ਾਕਾਂ ਪਹਿਨ ਕੇ ਸਕੂਲ ਪਹੁੰਚੇ, ਜਿਸ ਨਾਲ ਪੂਰਾ ਕੈਂਪਸ ਪੀਲੇ ਰੰਗ ਦੀ ਖ਼ੁਸ਼ਹਾਲੀ ਅਤੇ ਤਾਜ਼ਗੀ ਨਾਲ ਮਹਿਕ ਉੱਠਿਆ। ਸਮਾਗਮ ਦੌਰਾਨ ਬੱਚਿਆਂ ਨੂੰ ਪੀਲੇ ਰੰਗ ਦੀ ਮਹੱਤਤਾ ਅਤੇ ਕੁਦਰਤ ਵਿਚ ਇਸ ਦੀ ਵਰਤੋਂ ਬਾਰੇ ਰੋਚਕ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਦੁਆਰਾ ਬੱਚਿਆਂ ਲਈ ਵੱਖ-ਵੱਖ ਰੰਗਦਾਰ ਗਤੀਵਿਧੀਆਂ ਜਿਵੇਂ ਕਿ ਪੀਲੇ ਰੰਗ ਦੇ ਫੁੱਲ, ਸੂਰਜ ਤੇ ਫਲਾਂ ਦੇ ਚਿੱਤਰਾਂ ਵਿਚ ਰੰਗ ਭਰਨਾ ਅਤੇ ਆਰਟ ਐਂਡ ਕ੍ਰਾਫ਼ਟ ਦਾ ਕੰਮ ਕਰਵਾਇਆ। ਬੱਚੇ ਆਪਣੇ ਨਾਲ ਪੀਲੇ ਰੰਗ ਦੇ ਖਾਣ-ਪੀਣ ਦੇ ਪਦਾਰਥ ਜਿਵੇਂ ਅੰਬ, ਕੇਲੇ ਤੇ ਹੋਰ ਵਸਤੂਆਂ ਲੈ ਕੇ ਆਏ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਸ ਵਿਚ ਸਾਂਝਾ ਕੀਤਾ। ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿਚ ਰਚਨਾਤਮਕਤਾ ਅਤੇ ਖ਼ੁਸ਼ੀ ਦੀ ਭਾਵਨਾ ਪੈਦਾ ਕਰਦੀਆਂ ਹਨ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕੌਰ ਸੰਧੂ ਨੇ ਕਿਹਾ ਕਿ ਖੇਡ-ਖੇਡ ਵਿਚ ਸਿੱਖਣ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਤੇਜ਼ੀ ਨਾਲ ਹੁੰਦਾ ਹੈ ਅਤੇ ਸਕੂਲ ਵਲੋਂ ਹਮੇਸ਼ਾ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ ਨੇ ਕਿਹਾ ਕਿ ਕਿੰਡਰਗਾਰਟਨ ਦੇ ਬੱਚਿਆਂ ਵਿਚ ਉਤਸ਼ਾਹ ਦੇਖਣਯੋਗ ਸੀ। ਉਨ੍ਹਾਂ ਨੇ ਸਮੂਹ ਕਿੰਡਰਗਾਰਟਨ ਸਟਾਫ਼ ਤੇ ਬੱਚਿਆਂ ਦੀ ਇਸ ਸ਼ਾਨਦਾਰ ਪਹਿਲ ਲਈ ਸ਼ਲਾਘਾ ਕੀਤੀ।