ਪਟਿਆਲਾ, 19 ਜੁਲਾਈ (ਅ. ਸ. ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ ਅਤੇ ਬਾਹਰ ਸਰਕਾਰ ਵਲੋਂ ਵਿਛਾਏ ਜਾ ਰਹੇ ਸੜਕਾਂ ਦੇ ਜਾਲ ਨਾਲ ਨਾਗਰਿਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਇਹ ਸੜਕਾਂ ਲੁੱਕ, ਬਜਰੀ ਮਿਸ਼ਰਨ ਤੇ ਕੰਕਰੀਟ ਦੀਆਂ ਬਣਾਈਆਂ ਜਾ ਰਹੀਆਂ ਹਨ। ਨਗਰ ਨਿਗਮ ਦੇ 60 ਵਾਰਡਾਂ ’ਚ ਇਨ੍ਹਾਂ ਸੜਕਾਂ ਨੂੰ ਬਣਾਉਣ ਲੱਗਿਆਂ ਕਈ ਹਜ਼ਾਰ ਸੀਵਰੇਜ ਦੇ ਮੇਨ ਹੋਲ਼ ਹੇਠਾਂ ਹੀ ਦੱਬ ਚੁੱਕੇ ਹਨ। ਸੀਵਰੇਜ ਬਲਾਕ ਹੋਣ ਦੀ ਸਮੱਸਿਆ ਆਉਣ ਤੋਂ ਬਾਅਦ ਨਿਗਮ ਮੁਲਾਜ਼ਮਾਂ ਨੂੰ ਸਫ਼ਾਈ ਕਰਨ ਲਈ ਮੇਨ ਹੋਲ਼ਾਂ ਦੇ ਇਹ ਢੱਕਣ ਸੜਕ ਤੋੜ ਕੇ ਕੱਢਣੇ ਪੈਂਦੇ ਹਨ, ਜਿਸ ਤੋਂ ਬਾਅਦ ਇਨ੍ਹਾਂ ਨੂੰ ਬਿਲਕੁਲ ਪਹਿਲਾਂ ਦੀ ਤਰ੍ਹਾਂ ਬਣਾਉਣਾ ਉਨ੍ਹਾਂ ਮੁਲਾਜ਼ਮਾਂ ਲਈ ਅਸੰਭਵ ਹੁੰਦਾ ਹੈ। ਇਹ ਮੇਨ ਹੋਲ਼ ਸੜਕ ਹੇਠੋਂ ਕੱਢਣ ਲਈ ਤਕਰੀਬਨ 8 ਤੋਂ 9 ਇੰਚ ਤੇ ਕਿਤੇ-ਕਿਤੇ ਇਕ ਫੁੱਟ ਤੱਕ ਡੂੰਘੀ ਸੜਕ ਤੋੜਨੀ ਪੈਂਦੀ ਹੈ। ਜਿਸ ਤੋਂ ਬਾਅਦ ਮੇਨ ਹੋਲ਼ ’ਚੋਂ ਸਫ਼ਾਈ ਕੀਤੀ ਜਾਂਦੀ ਹੈ ਬਾਅਦ ’ਚ ਸੜਕਾਂ ’ਤੇ ਢੱਕੇ ਪਰ 8-8 ਇੰਚ ਡੂੰਘੇ ਮੇਨ ਹੋਲ਼ ਕਾਰਨ ਰਾਤ ਬਰਾਤੇ ਤਾਂ ਕਿ ਦਿਨੇ ਵੀ ਨਾਗਰਿਕਾਂ ਦੇ ਵਾਹਨ ਇਨ੍ਹਾਂ ’ਚ ਡਿੱਗਣ ਕਾਰਨ ਨੁਕਸਾਨੇ ਜਾ ਰਹੇ ਹਨ। ਦੋਪਹੀਆ ਵਾਹਨ ਚਾਲਕ ਕਈ ਥਾਈਂ ਇਸ ਕਾਰਨ ਜ਼ਖ਼ਮੀ ਵੀ ਹੋਏ ਦੱਸੇ ਗਏ। ਅਜਿਹੇ ਮੇਨ ਹੋਲ਼ਾਂ ਦੀ ਗਿਣਤੀ ਪਟਿਆਲਾ ’ਚ ਹਜ਼ਾਰਾਂ ’ਚ ਦੱਸੀ ਗਈ ਹੈ। ਇਸ ਸੰਬੰਧੀ ਨਗਰ ਨਿਗਮ ਦੇ ਐਸ. ਈ. ਜੇ. ਪੀ. ਸਿੰਘ ਨੇ ਮੰਨਿਆ ਕਿ ਇਹ ਸਮੱਸਿਆ ਤਾਂ ਆ ਰਹੀ ਹੈ ਕਿਉਂਕਿ ਸੜਕ ਬਣਾਉਣ ਵਾਲੇ ਠੇਕੇਦਾਰ ਦੇ ਟੈਂਡਰ ’ਚ ਮੇਨ ਹੋਲ਼ ਨੂੰ ਉੱਪਰ ਕਰ ਕੇ ਬਣਾਉਣਾ ਨਿਰਧਾਰਿਤ ਨਹੀਂ ਕੀਤਾ ਜਾਂਦਾ। ਬਣੀ ਹੋਈ ਸੜਕ ਉੱਪਰ ਸੜਕ ਬਣਨ ਕਾਰਨ ਮੇਨ ਹੋਲ਼ ਨੂੰ ਸਾਫ਼ ਕਰਨ ਲੱਗਿਆਂ ਸੜਕ ਪੁੱਟਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧ ਉਹ ਉੱਚ ਅਧਿਕਾਰੀਆਂ ਦੇ ਧਿਆਨ ’ਚ ਇਹ ਮਸਲਾ ਲਿਆਉਣਗੇ ਤੇ ਅਜਿਹੇ ਮੇਨ ਹੋਲ਼ਾਂ ਦੇ ਢੱਕਣਾਂ ਨੂੰ ਕੜੇ ਪਾ ਕੇ ਸੜਕ ਦੇ ਬਰਾਬਰ ਕਰਨ ਲਈ ਵੱਖਰੇ ਤੌਰ ’ਤੇ ਕਾਰਵਾਈ ਅਮਲ ’ਚ ਜਲਦੀ ਲਿਆਂਦੀ ਜਾਵੇਗੀ। ਉਨ੍ਹਾਂ ਮੁਤਾਬਿਕ ਕੰਕਰੀਟ ਵਾਲੀਆਂ ਸੜਕਾਂ ਬਣਾਉਣ ਲੱਗਿਆਂ ਠੇਕੇਦਾਰ ਦੀ ਜ਼ਿੰਮੇਵਾਰੀ ਇਨ੍ਹਾਂ ਮੇਨ ਹੋਲ਼ਾਂ ਨੂੰ ਸੜਕ ਦੇ ਬਰਾਬਰ ਕਰਨ ਦੀ ਹੁੰਦੀ ਹੈ। ਇਸ ਸੰਬੰਧੀ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਹਰ ਤਰ੍ਹਾਂ ਦੇ ਵਿਕਾਸ ਕਾਰਜਾਂ ਦੇ ਨਾਲ ਨਾਲ ਨਾਗਰਿਕਾਂ ਦੇ ਜਾਨ ਮਾਲ ਦੀ ਸੁਰੱਖਿਆ ਸਰਕਾਰ ਤੇ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸੰਬੰਧਿਤ ਅਧਿਕਾਰੀ ਠੇਕੇਦਾਰਾਂ ਨਾਲ ਅਗਲੇ ਦੋ ਦਿਨਾਂ ’ਚ ਗਲ ਕਰ ਕੇ ਇਸ ਸਮੱਸਿਆ ਦਾ ਸਥਾਈ ਹੱਲ ਕੱਢ ਦਿੱਤਾ ਜਾਵੇਗਾ ਤਾਂ ਕਿ ਇਸ ਨਾਲ ਭਵਿੱਖ ’ਚ ਕਿਸੇ ਨਾਗਰਿਕ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ।