14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਮਾਲਵਾ ਜ਼ੋਨ ਅੰਦਰ ਧਰਮ ਪ੍ਰਚਾਰ ਲਹਿਰ ਨੂੰ ਗੁਰਮਤਿ ਸਮਾਗਮਾਂ ਰਾਹੀਂ ਪ੍ਰਚੰਡ ਕਰਾਂਗੇ-ਐਡਵੋਕੇਟ ਧਾਮੀ

ਅਜੀਤ ਡੈਸਕ 18-07-2026
ਪਟਿਆਲਾ, 17 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)-ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਮਾਲਵਾ ਜ਼ੋਨ ਦੇ ਪ੍ਰਚਾਰਕਾਂ ਦੀ ਇਕੱਤਰਤਾ ਕੀਤੀ ਗਈ, ਜਿਸ ਦਾ ਮੰਤਵ ਮਾਲਵਾ ਜ਼ੋਨ ਅੰਦਰ ‘ਚੱਲਦਾ ਵਹੀਰ’ ਨਾਮ ਦੀ ਮੁਹਿੰਮ ਰਾਹੀਂ ਗੁਰਮਤਿ ਸਮਾਗਮ ਕਰਵਾਕੇ ਧਰਮ ਪ੍ਰਚਾਰ ਪਸਾਰ ਦੀ ਲਹਿਰ ਨੂੰ ਵਧੇਰੇ ਪ੍ਰਚੰਡ ਕਰਨਾ ਦੱਸਿਆ ਗਿਆ । ਅੱਜ ਦੀ ਇਕੱਤਰਤਾ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਸਮੇਤ ਸ਼ੋ੍ਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਬੀਬੀ ਪਰਮਜੀਤ ਕੌਰ ਭੰਗੂ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮੱਥਰੇਵਾਲ ਅਤੇ ਮਾਲਵ ਜ਼ੋਨ ਦੇ ਪ੍ਰਚਾਰਕਾਂ ਦੇ ਇੰਚਾਰਜ ਭੋਲਾ ਸਿੰਘ ਵੀ ਪੁੱਜੇ ਹੋਏ ਸਨ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਚੱਲਦਾ ਵਹੀਰ ਵਿਚ ਜਿਥੇ ਧਰਮ ਪ੍ਰਚਾਰ ਲਹਿਰ ਤਹਿਤ ਗੁਰਮਤਿ ਸਮਾਗਮ ਹੋਣਗੇ, ਉਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਸੰਗਤਾਂ ਤੱਕ ਲਿਜਾਇਆ ਜਾਵੇਗਾ। ਐਡਵੋਕੇਟ ਧਾਮੀ ਨੇ ਕਿਹਾ ਅੱਜ ਕੁਝ ਅਜਿਹੀਆਂ ਤਾਕਤਾਂ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਅੰਦਰ ਅੰਦੂਰਨੀ ਦਖਲ ਦੇਣਾ ਚਾਹੁੰਦੀਆਂ ਨੇ ਜਿਨ੍ਹਾਂ ਦੇ ਮਨਸੂਬੇ ਕਦੇ ਵੀ ਸਫਲ ਨਹੀਂ ਹੋਣ ਦਿੱਤੇ ਜਾਣਗੇ। ਅਜਿਹੀਆਂ ਸ਼ਕਤੀਆਂ ਦਾ ਏਜੰਡਾ ਸਿੱਖ ਕੌਮ ਅੰਦਰ ਦੁਬਿਧਾ ਨੂੰ ਪੈਦਾ ਕਰਨਾ, ਗੁਰਬਾਣੀ ਤੋਂ ਦੂਰ ਕਰਨਾ ਅਤੇ ਬੇਅਦਬੀ ਵਰਗੇ ਅਜਿਹੇ ਕਾਨੂੰਨ ਲਿਆ ਕੇ ਬਾਣੀ ਦਾ ਅਦਬ, ਸਤਿਕਾਰ ਅਤੇ ਮਰਿਆਦਾ ਪ੍ਰਤੀ ਭਰਮ ਭੁਲੇਖੇ ਪੈਦਾ ਕਰਨਾ ਹੈ। ਜਿਨ੍ਹਾਂ ਦਾ ਮੁਕਾਬਲਾ ਪ੍ਰਚਾਰਕ ਸਾਹਿਬਾਨਾਂ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਕਰਨਾ ਹੋਵੇਗਾ। ਇਸ ਇਕੱਤਰਤਾ ਵਿਚਾਰਾਂ ਦੀ ਸਾਂਝ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਕਿ ਜਲਦ ਤਾਰੀਕਾਂ ਦਾ ਐਲਾਨ ਤਕਰਕੇ ਇਸ ਧਰਮ ਪ੍ਰਚਾਰ ਚੱਲਦਾ ਵਹੀਰ ਨੂੰ ਪੂਰੇ ਪੰਜਾਬ ਭਰ ਅੰਦਰ ਪ੍ਰਚੰਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਚਾਰਕ ਹੋਣ ਵਾਲੇ ਗੁਰਮਤਿ ਸਮਾਗਮਾਂ ਵਿਚ ਸੰਗਤਾਂ ਤੱਕ ਸੰਦੇਸ਼ ਪਹੁੰਚਾਉਣ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਭਵਿੱਖ ਵਿਚ ਚੱਲਦਾ ਵਹੀਰ ਦੇ ਨਾਲ ਨਾਲ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਲਹਿਰ ਨੂੰ ਵੀ ਪ੍ਰਚੰਡ ਕੀਤਾ ਜਾਵੇਗਾ ਤਾਂ ਕਿ ਅਜੋਕੀ ਪੀੜ੍ਹੀ ਨੂੰ ਗੁਰਮਤਿ ਸਭਿਆਚਾਰ ਨਾਲ ਜੋੜਿਆ ਜਾ ਸਕੇ। ਇਸ ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਵੀ ਧਰਮ ਪ੍ਰਚਾਰ ਦੀ ਇਸ ਮੁਹਿੰਮ ਦੀ ਪੁਰਜ਼ੋਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਸੰਗਤ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਵਉੱਚ ਸਿਧਾਂਤ ਦੀ ਅਹਿਮੀਅਤ ਬਾਰੇ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਵਲੋਂ ਮਾਲਵਾ ਜ਼ੋਨ ਅੰਦਰ ਧਰਮ ਪ੍ਰਚਾਰ ਹਿੱਤ ਕਾਰਜਾਂ ਵਿਚ ਪੂਰਾ ਸਹਿਯੋਗ ਕੀਤਾ ਜਾਵੇਗਾ ਤਾਂ ਜੋ ਘਰ-ਘਰ ਤੱਕ ਸਿੱਖੀ ਦਾ ਸੁਨੇਹਾ ਪਹੁੰਚਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਮੈਨੇਜਰ ਭਾਗ ਸਿੰਘ, ਐਡੀਸ਼ਨਲ ਮੈਨੇਜਰ ਮਨਦੀਪ ਸਿੰਘ ਭਲਵਾਨ, ਮੀਤ ਮੈਨੇਜਰ ਨਵਜਿੰਦਰ ਸਿੰਘ, ਮੈਨੇਜਰ ਆਤਮ ਪ੍ਰਕਾਸ਼ ਸਿੰਘ, ਮੈਨੇਜਰ ਮਨਜੀਤ ਸਿੰਘ ਕੌਲੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਅਹਿਮ ਵਰਕਰ ਮਿਲਣੀ ਸ਼ਾਹਪੁਰ ਵਿਖੇ ਹੋਵੇਗੀ-ਐਡਵੋਕੇਟ ਸ਼ਾਹਪੁਰ ਅਗਲੀ ਖ਼ਬਰ 10500 ਹਜ਼ਾਰ ਦੀ ਵੱਢੀ ਲੈਂਦਾ ਕਲਰਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।