20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

‘ਸਤਲੁਜ’ ਫ਼ਿਲਮ ਦੀ ਚਰਚਾ ਨਾਲੋਂ ਜ਼ਰੂਰੀ ਹੈ ਇਹ ਪਤਾ ਕਰਨਾ ਕਿ ਜਸਵੰਤ ਸਿੰਘ ਖਾਲੜਾ ਦੇ ਕਾਤਲ ਕਿੱਥੇ ਹਨ- ਕ੍ਰਿਸ਼ਨ ਸਿੰਘ ਸਨੌਰ

ਅਜੀਤ ਡੈਸਕ 16-07-2026
ਸਨੌਰ, 15 ਜੁਲਾਈ (ਮੋਹਣ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਇੰਚਾਰਜ ਕਮੇਟੀ ਦੇ ਸੀਨੀਅਰ ਮੈਂਬਰ ਕ੍ਰਿਸ਼ਨ ਸਿੰਘ ਸਨੌਰ ਨੇ ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੇ ਕਤਲ ਕੇਸ ਵਿਚ ਦੋਸ਼ੀਆਂ ਨੂੰ ਮਿਲੀ ਕਥਿਤ ਛੋਟ ਅਤੇ ਸਜ਼ਾ ਮੁਆਫ਼ੀ ਨੂੰ ਲੈ ਕੇ ਪੰਜਾਬ ਦੀ ਮੌਜੂਦਾ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਸ਼ਨ ਸਿੰਘ ਸਨੌਰ ਨੇ ਕਿਹਾ ਕਿ ਅੱਜ ਭਾਵੇਂ ਪੂਰੀ ਦੁਨੀਆ ਭਰ ਵਿੱਚ ‘ਸਤਲੁਜ’ ਫ਼ਿਲਮ ਨੂੰ ਲੈ ਕੇ ਵੱਡੀ ਚਰਚਾ ਛਿੜੀ ਹੋਈ ਹੈ ਪਰ ਅਸਲ ਅਤੇ ਸੰਜੀਦਾ ਚਰਚਾ ਤਾਂ ਇਸ ਗੱਲ ’ਤੇ ਹੋਣੀ ਚਾਹੀਦੀ ਹੈ ਕਿ ਹਜ਼ਾਰਾਂ ਲਾਵਾਰਸ ਲਾਸ਼ਾਂ ਦਾ ਸੱਚ ਦੁਨੀਆ ਸਾਹਮਣੇ ਲਿਆਉਣ ਵਾਲੇ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੇ ਕਾਤਲ ਅੱਜ ਕਿੱਥੇ ਹਨ। ਉਨ੍ਹਾਂ ਅਫ਼ਸੋਸ ਜਤਾਉਂਦਿਆਂ ਦੱਸਿਆ ਕਿ ਇਸ ਬਹੁ-ਚਰਚਿਤ ਕਤਲ ਕੇਸ ਵਿਚ ਕੁੱਲ 4 ਦੋਸ਼ੀ ਸਨ, ਜਿਨ੍ਹਾਂ ਵਿਚੋਂ ਮਹਿਜ਼ ਇਕ ਹੀ ਇਸ ਵੇਲੇ ਜੇਲ੍ਹ ਅੰਦਰ ਬੰਦ ਹੈ ਜਦਕਿ ਬਾਕੀ ਚਾਰਾਂ ਵਿਚੋਂ ਤਿੰਨ ਦੋਸ਼ੀ ਜੇਲ੍ਹ ਤੋਂ ਬਾਹਰ ਆ ਕੇ ਸ਼ਰੇਆਮ ਮੌਜਾਂ ਮਾਣ ਰਹੇ ਹਨ। ਅਕਾਲੀ ਆਗੂ ਨੇ ਪੰਜਾਬ ਸਰਕਾਰ ਦੇ ਬੁਲਾਰੇ ਬਲਤੇਜ ਪੰਨੂ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਸਖ਼ਤ ਸ਼ਬਦਾਂ ਵਿਚ ਦੋਸ਼ ਲਾਇਆ ਕਿ ਸਰਕਾਰ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਦੋਸ਼ੀ ਜਸਪਾਲ ਸਿੰਘ, ਸਤਨਾਮ ਸਿੰਘ ਅਤੇ ਜਸਵੀਰ ਸਿੰਘ ਦੇਸ਼ ਤੋਂ ਬਾਹਰ ਚਲੇ ਗਏ ਹਨ ਅਤੇ ਇਸ ਵਿਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈ। ਸਨੌਰ ਨੇ ਸਵਾਲ ਉਠਾਇਆ ਕਿ ਇਹ ਬਹੁਤ ਹੀ ਹੱਦ ਦੀ ਗੱਲ ਹੈ ਕਿ ਇੰਨੇ ਸੰਵੇਦਨਸ਼ੀਲ ਮਾਮਲੇ ਦੇ ਕਾਤਲ ਦੇਸ਼ ਛੱਡ ਕੇ ਬਾਹਰ ਚਲੇ ਜਾਣ ਅਤੇ ਪੰਜਾਬ ਸਰਕਾਰ ਤੇ ਉਸ ਦੇ ਗ੍ਰਹਿ ਵਿਭਾਗ ਨੂੰ ਇਸ ਦੀ ਭਿਣਕ ਤੱਕ ਨਾ ਹੋਵੇ। ਉਨ੍ਹਾਂ ਪੁੱਛਿਆ ਕਿ ਜੇਕਰ ਸਰਕਾਰ ਨੂੰ ਕੁਝ ਪਤਾ ਹੀ ਨਹੀਂ ਤਾਂ ਸੂਬੇ ਦੀਆਂ ਜੇਲ੍ਹਾਂ ਆਖ਼ਰ ਕਿਸ ਦੇ ਕੰਟਰੋਲ ਹੇਠ ਕੰਮ ਕਰ ਰਹੀਆਂ ਹਨ। ਇਸ ਮਾਮਲੇ ਦੇ ਕਾਨੂੰਨੀ ਪਹਿਲੂਆਂ ਦਾ ਵੇਰਵਾ ਦਿੰਦਿਆਂ ਕ੍ਰਿਸ਼ਨ ਸਿੰਘ ਸਨੌਰ ਨੇ ਦੱਸਿਆ ਕਿ ਪਟੀਸ਼ਨਰ ਪੀ.ਐੱਸ. ਆਹਲੂਵਾਲੀਆਂ ਵਲੋਂ ਮਾਨਯੋਗ ਹਾਈਕੋਰਟ ਵਿਚ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵਲੋਂ ਡਿਪਟੀ ਐਡਵੋਕੇਟ ਜਨਰਲ ਹਰਸਿਮਰਨ ਸਿੰਘ ਸਿੱਟਾ ਪੇਸ਼ ਹੋਏ ਸਨ। ਅਦਾਲਤ ਨੇ ਪੰਜਾਬ ਅਤੇ ਕੇਂਦਰ ਸਰਕਾਰ ਪਾਸੋਂ ਜਵਾਬ ਮੰਗਿਆ ਸੀ, ਜਿਸ ’ਤੇ ਕੇਂਦਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਇਨ੍ਹਾਂ ਦੋਸ਼ੀਆਂ ਨੂੰ ਰਿਹਾਅ ਕਰਨ ਜਾਂ ਕੋਈ ਛੋਟ ਦੇਣ ਦੇ ਹੱਕ ਵਿਚ ਨਹੀਂ ਹੈ ਪਰ ਬਦਕਿਸਮਤੀ ਦੀ ਗੱਲ ਹੈ ਕਿ ਤੈਅ ਤਰੀਕ ’ਤੇ ਪੰਜਾਬ ਸਰਕਾਰ ਦੇ ਵਕੀਲ ਨੇ ਅਦਾਲਤ ਤੋਂ ਸਮਾਂ ਮੰਗ ਕੇ ਗੱਲ ਨੂੰ ਟਾਲ ਦਿੱਤਾ ਅਤੇ ਕਿਹਾ ਕਿ ਉਹ ਸਰਕਾਰ ਨਾਲ ਸਲਾਹ ਕਰਕੇ ਹੀ ਫ਼ੈਸਲਾ ਲੈਣਗੇ। ਉਨ੍ਹਾਂ ਅੱਗੇ ਖ਼ੁਲਾਸਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੀ ਮਿਲੀਭੁਗਤ ਸਦਕਾ ‘ਪ੍ਰੀ-ਮਚਿਓਰ’ (ਸਮੇਂ ਤੋਂ ਪਹਿਲਾਂ) ਸਜ਼ਾ ਮੁਆਫ਼ੀ ਲੈ ਕੇ ਦੋਸ਼ੀ ਜਸਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਗਿਆ ਅਤੇ ਦੇਸ਼ ਛੱਡ ਕੇ ਫ਼ਰਾਰ ਹੋ ਗਿਆ। ਸਨੌਰ ਨੇ ਦੋਸ਼ ਲਾਇਆ ਕਿ ਇਸ ਤਰੀਕੇ ਨਾਲ ਪੰਜਾਬ ਦੀ ਮੌਜੂਦਾ ਸਰਕਾਰ ਗ਼ੈਰ-ਸੰਵਿਧਾਨਿਕ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ ਉਨ੍ਹਾਂ ਲੋਕਾਂ ਦੀ ਪਿੱਠ ਥਾਪੜ ਰਹੀ ਹੈ, ਜਿਨ੍ਹਾਂ ਨੇ ਅਤੀਤ ਵਿੱਚ ਸੈਂਕੜੇ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦੇ ਨਾਲ-ਨਾਲ ਭਾਈ ਜਸਵੰਤ ਸਿੰਘ ਖਾਲੜਾ ਵਰਗੀ ਮਾਨਵਤਾਵਾਦੀ ਸ਼ਖ਼ਸੀਅਤ ਨੂੰ ਬੇਰਹਿਮੀ ਨਾਲ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਉਹ ਇਸ ਨਾਜ਼ੁਕ ਮਾਮਲੇ ’ਤੇ ਤੁਰੰਤ ਆਪਣਾ ਸਟੈਂਡ ਸੰਗਤ ਸਾਹਮਣੇ ਸਪਸ਼ਟ ਕਰੇ ਅਤੇ ਦੇਸ਼-ਵਿਦੇਸ਼ ਭੱਜ ਚੁੱਕੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਵਾਪਸ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਡੱਕਣ ਲਈ ਠੋਸ ਅਤੇ ਤੁਰੰਤ ਕਦਮ ਚੁੱਕੇ। ਇਸ ਮੌਕੇ ਉਨ੍ਹਾਂ ਦੇ ਨਾਲ ਜਸਵੀਰ ਸਿੰਘ ਸਾਬਕਾ ਸਰਪੰਚ ਲਖਵੀਰ ਸਿੰਘ ਸੱਜਣ ਸਿੰਘ ਅਤੇ ਹੋਰ ਮੌਜੂਦ ਸਨ।
ਪਿਛਲੀ ਖ਼ਬਰ ਸਕਾਲਰਜ਼ ਸਕੂਲ ’ਚ ਮਿਸ਼ਨ ਹਰਿਆਲੀ ਦੀ ਸ਼ੁਰੂਆਤ 2500 ਬੂਟੇ ਲਗਾਉਣ ਦਾ ਮਿੱਥਿਆ ਟੀਚਾ- ਚੇਅਰਮੈਨ ਤਰਸੇਮ ਜੋਸ਼ੀ ਅਗਲੀ ਖ਼ਬਰ ਪੰਜਾਬ ਭਰ ਵਿੱਚ ਕਮਿਊਨਟੀ ਹੈਲਥ ਅਫ਼ਸਰ ਅੱਜ ਤੋਂ ਕਰਨਗੇ ਅਣਮਿੱਥੇ ਸਮੇਂ ਲਈ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।