10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਨਾਭਾ ਸ਼ਹਿਰ ਦੇ ਸਾਰੇ ਸਕੂਲ ‘ਮਿਸ਼ਨ ਹਰਿਆਲੀ-2026’ ’ਚ ਭਾਗ ਲੈਣਗੇ-ਚੇਅਰਮੈਨ ਸੰਦੀਪ ਬਾਂਸਲ

ਅਜੀਤ ਡੈਸਕ 15-07-2026
ਨਾਭਾ, 14 ਜੁਲਾਈ (ਵਰਿੰਦਰ ਵਰਮਾ)-ਵਾਤਾਵਰਣ ਸੰਭਾਲ ਅਤੇ ਹਰਿਆਲੀ ਨੂੰ ਪ੍ਰੋਤਸਾਹਨ ਦੇਣ ਲਈ ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਐਫਏਪੀ) ਵੱਲੋਂ ‘ਮਿਸ਼ਨ ਹਰਿਆਲੀ-2026’ ਦੀ ਸ਼ੁਰੂਆਤ ਕੀਤੀ ਗਈ ਹੈ। ਫੈਡਰੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਅਤੇ ਜੀ.ਬੀ. ਇੰਟਰਨੈਸ਼ਨਲ ਸਕੂਲ, ਨਾਭਾ ਦੇ ਚੇਅਰਮੈਨ ਸੰਦੀਪ ਬਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਸਿਰਫ਼ ਬੂਟੇ ਲਗਾਉਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਅਤੇ ਲਗਾਏ ਗਏ ਪੌਦਿਆਂ ਦੀ ਸਹੀ ਸੰਭਾਲ ਨੂੰ ਯਕੀਨੀ ਬਣਾਉਣਾ ਵੀ ਹੈ। ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਸਕੂਲਾਂ ਰਾਹੀਂ 9 ਲੱਖ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਅਧੀਨ ਨਾਭਾ ਸ਼ਹਿਰ ਦੇ ਸਾਰੇ ਸਕੂਲ ਵੱਧ-ਚੜ੍ਹ ਕੇ ਹਿੱਸਾ ਲੈਣਗੇ ਅਤੇ ਪੌਦੇ ਲਗਾਉਣਗੇ। ਸੰਦੀਪ ਬਾਂਸਲ ਨੇ ਇਹ ਵੀ ਦੱਸਿਆ ਕਿ ਆਪਣਾ ਪੰਜਾਬ ਫਾਊਂਡੇਸ਼ਨ ਪਿਛਲੇ ਕਈ ਸਾਲਾਂ ਤੋਂ ਲੱਖਾਂ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰ ਰਹੀ ਹੈ। ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ 5 ਤੋਂ 15 ਜੁਲਾਈ 2026 ਤੱਕ ਹਰ ਵਿਦਿਆਰਥੀ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਇੱਕ ਪੌਦਾ ਲਗਾਏਗਾ, ਜਦਕਿ ਹਰ ਸਕੂਲ ਆਪਣੇ ਕੈਂਪਸ ਜਾਂ ਕਿਸੇ ਹੋਰ ਉਚਿਤ ਸਥਾਨ ‘ਤੇ ਘੱਟੋ-ਘੱਟ 100 ਪੌਦੇ ਲਗਾਏਗਾ। ਸਕੂਲਾਂ ਨੂੰ ਪਹਿਲਾਂ ਤੋਂ ਟੋਏ ਤਿਆਰ ਕਰਨ ਅਤੇ ਘੱਟੋ-ਘੱਟ ਦੋ ਫੁੱਟ ਉੱਚੇ ਪੌਦੇ ਲਗਾਉਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਦੀ ਪਾਰਦਰਸ਼ਤਾ ਬਣਾਈ ਰੱਖਣ ਲਈ ਵਿਦਿਆਰਥੀ ਆਪਣੇ ਲਗਾਏ ਹੋਏ ਪੌਦੇ ਦੀ ਤਸਵੀਰ ਅਤੇ ਸਥਾਨ ਦੀ ਜਾਣਕਾਰੀ ਨਿਰਧਾਰਿਤ ਪੋਰਟਲ ‘ਤੇ ਅਪਲੋਡ ਕਰਨਗੇ। ਮੁਹਿੰਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਸਕੂਲਾਂ ਨੂੰ ਅੰਦਰੂਨੀ ਮੁਲਾਂਕਣ ਵਿੱਚ ਅੰਕ ਦੇਣ ਅਤੇ ਵਿਦਿਆਰਥੀਆਂ ਨੂੰ ਪੌਦਿਆਂ ਦੀ ਲਗਾਤਾਰ ਸੰਭਾਲ ਲਈ ਪ੍ਰੇਰਿਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਜਨ-ਜਾਗਰੂਕਤਾ ਵਧਾਉਣ ਲਈ ‘ਪਾਣੀ ਬਚਾਓ–ਰੁੱਖ ਲਗਾਓ’ ਸੰਦੇਸ਼ ਵਾਲੇ ਵਿਸ਼ੇਸ਼ ਵਿਨਾਇਲ ਸਟਿਕਰ ਪੰਜਾਬ ਦੀਆਂ 5,000 ਸਕੂਲ ਬੱਸਾਂ ‘ਤੇ ਲਗਾਏ ਜਾਣਗੇ। ਇਸ ਦੇ ਨਾਲ ਹੀ 50 ਮਾਡਲ ਬਾਗ਼ ਵਿਕਸਿਤ ਕੀਤੇ ਜਾਣਗੇ ਅਤੇ 100 ਸਕੂਲਾਂ ਵਿੱਚ ਰੇਨ ਵਾਟਰ ਰੀਚਾਰਜ ਪ੍ਰੋਜੈਕਟ ਸਥਾਪਿਤ ਕੀਤੇ ਜਾਣਗੇ, ਜਿਸ ਨਾਲ ਭੌਂ-ਜਲ ਪੱਧਰ ਵਿਚ ਸੁਧਾਰ ਹੋਵੇਗਾ ਅਤੇ ਜਲ ਸੰਭਾਲ ਨੂੰ ਹੋਰ ਮਜ਼ਬੂਤੀ ਮਿਲੇਗੀ। ਅੰਤ ਵਿੱਚ ਸ਼੍ਰੀ ਸੰਦੀਪ ਬਾਂਸਲ ਨੇ ਸਾਰੇ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਮੁਹਿੰਮ ਵਿੱਚ ਵੱਧ-ਚੜੵ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ‘ਮਿਸ਼ਨ ਹਰਿਆਲੀ-2026’ ਨੂੰ ਇੱਕ ਜਨ ਅੰਦੋਲਨ ਬਣਾ ਕੇ ਪੰਜਾਬ ਨੂੰ ਹੋਰ ਹਰਿਆ-ਭਰਿਆ ਅਤੇ ਵਾਤਾਵਰਣ ਪੱਖੋਂ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ।
ਪਿਛਲੀ ਖ਼ਬਰ ਸ਼ਹੀਦ ਜਸਵੰਤ ਸਿੰਘ ਖਾਲੜਾ ’ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਬਿਨਾਂ ਕਿਸੇ ਸੈਂਸਰ ਕੱਟ ਤੋਂ ਸਿਨੇਮਾ ਘਰਾਂ ਵਿਚ ਰਿਲੀਜ਼ ਕੀਤੀ... ਅਗਲੀ ਖ਼ਬਰ ਕਦੇ ਨਗਰ ਕੌਂਸਲ ਸਨੌਰ ਤੇ ਕਦੇ ਪੁਲਿਸ ਥਾਣਾ ਸਨੌਰ, ਪ੍ਰੰਤੂ ਫਿਰ ਵੀ ਨਹੀਂ ਹੋ ਰਿਹਾ ਸ਼ਿਕਾਇਤ ਦਾ ਹੱਲ - ਕਾਲੋਨੀ ਵਾਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।