ਅਰਨੋਂ, 14 ਜੁਲਾਈ (ਦਰਸ਼ਨ ਸਿੰਘ ਪਰਮਾਰ)-ਹਲਕੇ ’ਚ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਅਰਨੋਂ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋ ਗਏ। ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਤੇ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ ਨੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਸਿਰੋਪਾਓ ਪਾ ਕੇ ਪਾਰਟੀ ‘ਚ ਸ਼ਾਮਿਲ ਕਰ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਦਾਅਵਾ ਕੀਤਾ ਕਿ ਭਾਜਪਾ ਅਗਾਮੀ ਵਿਧਾਨ ਸਭਾ ਚੋਣਾਂ ‘ਚ ਪੰਜਾਬ ਅੰਦਰ ਆਪਣੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਪੰਜਾਬ ਦੇ ਵਾਸੀ ਹੁਣ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਭਾਜਪਾ ‘ਤੇ ਪੂਰਾ ਭਰੋਸਾ ਜਤਾ ਰਹੇ ਹਨ। ਅੱਜ ਨੌਜਵਾਨ ਆਗੂ ਮਨਜੀਤ ਸਿੰਘ ਅਰਨੋਂ ਅਤੇ ਉਨ੍ਹਾਂ ਦੇ ਨਾਲ ਇਲਾਕਾ ਵਾਸੀਆਂ ਦਾ ਵੱਡੀ ਗਿਣਤੀ ‘ਚ ਭਾਜਪਾ ‘ਚ ਸ਼ਾਮਿਲ ਹੋਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਪੰਜਾਬ ਦੇ ਲੋਕ ਹੁਣ ਸੂਬੇ ‘ਚ ਸਕਾਰਾਤਮਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਹੀ ਦੂਜੀਆਂ ਪਾਰਟੀਆਂ ਦੇ ਆਗੂ ਲਗਾਤਾਰ ਭਾਜਪਾ ਨਾਲ ਜੁੜ ਰਹੇ ਹਨ ਅਤੇ ਭਾਜਪਾ ਹੀ ਸੂਬੇ ਨੂੰ ਮੁੜ ਤਰੱਕੀ ਦੇ ਰਾਹ ‘ਤੇ ਲੈ ਕੇ ਜਾ ਸਕਦੀ ਹੈ। ਇਸ ਦੌਰਾਨ ਸੂਬਾ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਪ੍ਰਧਾਨ ਜੈ ਇੰਦਰ ਕੌਰ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਮਨ-ਕਾਨੂੰਨ ਅਤੇ ਖੁਸ਼ਹਾਲੀ ਸਿਰਫ਼ ਭਾਜਪਾ ਦੇ ਹੱਥਾਂ ਵਿਚ ਹੀ ਸੁਰੱਖਿਅਤ ਹੈ। ਜੇੈ ਇੰਦਰ ਕੌਰ ਨੇ ਭਰੋਸਾ ਜਤਾਇਆ ਕਿ ਅੱਜ ਮਨਜੀਤ ਸਿੰਘ ਅਰਨੋੰ ਅਤੇ ਉਨ੍ਹਾਂ ਦੇ ਸਾਥੀਆਂ ਦੇ ਪਾਰਟੀ ‘ਚ ਆਉਣ ਨਾਲ ਜ਼ਿਲ੍ਹਾ ਪਟਿਆਲਾ ਅਤੇ ਹਲਕਾ ਸ਼ੁਤਰਾਣਾ ਨੂੰ ਹੋਰ ਮਜ਼ਬੂਤੀ ਮਿਲੀ ਹੈ। ਇਸ ਮੌਕੇ ਮਨਜੀਤ ਸਿੰਘ ਅਰਨੋਂ ਨੇ ਕਿਹਾ ਕੀ ਉਹ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਨੀਤ ਕੌਰ ਦੇ ਹਲਕੇ ਦੇ ਲੋਕਾਂ ਪ੍ਰਤੀ ਪਿਆਰ ਨੂੰ ਦੇਖਦਿਆਂ ਹੋਇਆਂ ਭਾਰਤੀ ਜਨਤਾ ਪਾਰਟੀ ਵਿਚ ਸ਼ਮਿਲ ਹੋਏ ਹਨ ਅਤੇ ਹੁਣ ਪਾਰਟੀ ਜੋ ਵੀ ਸਾਨੂੰ ਸੇਵਾ ਦੇਵੇਗੀ ਉਸ ਨੂੰ ਪੂਰੇ ਤਨਦੇਹੀ ਨਾਲ ਨਿਭਾਵਾਂਗੇ। ਇਸ ਦੌਰਾਨ ਭਾਜਪਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਵਿਜੇ ਕੁਮਾਰ ਕੂਕਾ, ਜਨਰਲ ਸਕੱਤਰ ਹੈਪੀ ਸ਼ਰਮਾ, ਮੰਡਲ ਪ੍ਰਧਾਨ ਸੰਦੀਪ ਯਾਦਵ, ਹਰਦੇਵ ਸਿੰਘ ਬੱਲੀ, ਤਰਲੋਚਨ ਸਿੰਘ ਸ਼ੇਰਗੜ੍ਹ, ਸੂਬਾ ਸਿੰਘ ਵੜੈਚ, ਨਿਰੰਕਾਰ ਸਿੰਘ ਸੰਧੂ, ਮੁਖਤਾਰ ਸਿੰਘ ਆਦਿ ਤੋਂ ਇਲਾਵਾ ਹੋਰ ਸਾਥੀ ਹਾਜ਼ਰ ਸਨ।