10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ *ਬਲਜੀਤ ਸਿੰਘ ਪ੍ਰਧਾਨ ਤੇ ਲਖਵਿੰਦਰ ਸਿੰਘ ਲੱਖੀ ਸੰਧੂ ਨੂੰ ਚੁਣਿਆ ਉਪ ਪ੍ਰਧਾਨ * ਦੂਜੇ ਧੜੇ ਦੇ ਸੱਤ ਕੌਂਸਲਰਾਂ ਨੇ ਪੁਲਿਸ ਤੇ ਚੋਣ ਪ੍ਰਕਿਰਿਆ ਵਿਚ ਜਾਣ ਤੋਂ ਰੋਕਣ ਤੇ ਹੱਥੋਪਾਈ ਕਰਨ ਦੇ ਲਾਏ ਦੋਸ਼

ਅਜੀਤ ਡੈਸਕ 07-07-2026
ਬਨੂੜ, 6 ਜੁਲਾਈ (ਭੁਪਿੰਦਰ ਸਿੰਘ)-ਸ਼ਹਿਰ ਬਨੂੜ ਨਗਰ ਕੌਂਸਲ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਹਲਕਾ ਵਿਧਾਇਕਾ ਸਮੇਤ 7 ਕੌਂਸਲਰਾਂ ਦੀ ਹਾਜ਼ਰੀ ਵਿਚ ਨੇਪਰੇ ਚੜ੍ਹ ਗਈ, ਜਿਸ ਵਿਚ ਵਾਰਡ ਨੰਬਰ 2 ਦੇ ਕੌਂਸਲਰ ਬਲਜੀਤ ਸਿੰਘ ਨੂੰ ਪ੍ਰਧਾਨ ਅਤੇ ਵਾਰਡ ਨੰਬਰ 4 ਦੇ ਕੌਂਸਲਰ ਲਖਵਿੰਦਰ ਸਿੰਘ ਲੱਖੀ ਸੰਧੂ ਨੂੰ ਉਪ ਪ੍ਰਧਾਨ ਚੁਣਿਆ ਗਿਆ। ਪੁਲਿਸ ਨੇ ‘ਆਪ’ ਨਾਲ ਸੰਬੰਧਿਤ ਬਾਗੀ ਗਰੁੱਪ ਦੇ ਚਾਰ ਤੇ ਤਿੰਨ ਕਾਂਗਰਸੀ ਕੌਂਸਲਰਾਂ ਨੂੰ ਅੰਦਰ ਨਹੀਂ ਢੁੱਕਣ ਦਿੱਤਾ। ਪੁਲਿਸ ਨੇ ਨਗਰ ਕੌਂਸਲ ਦਫਤਰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ ਤੇ ਚੁਫੇਰਿਓਂ ਬੈਰੀਕੇਡ ਕਰਕੇ ਕਿਸੇ ਨੂੰ ਦਫਤਰ ਦੇ ਨੇੜੇ ਨਹੀਂ ਆਉਣ ਦਿੱਤਾ ਗਿਆ।
ਪੁਲਿਸ ਨੇ ਕਮੇਟੀ ਰੋਡ ’ਤੇ ਸਥਿਤ ਦੋ ਦਰਜਨ ਦੇ ਕਰੀਬ ਦੁਕਾਨਦਾਰਾਂ ਦੀਆ ਦੁਕਾਨਾਂ ਸਵੇਰ ਤੋਂ ਹੀ ਬੰਦ ਕਰਵਾ ਦਿੱਤੀਆਂ ਸਨ। ਉਕਤ ਚੋਣ ਲਈ ਦੋ ਡੀ. ਐਸ. ਪੀ., 6 ਇੰਸਪੈਕਟਰ ਦੀ ਅਗਵਾਈ ਹੇਠ 200 ਦੇ ਕਰੀਬ ਪੁਲਿਸ ਮੁਲਾਜ਼ਮ ਲਾਏ ਗਏ ਸਨ। ਇਸ ਮੌਕੇ ਥਾਣਾ ਮੁਖੀ ਬਨੂੜ ਅਰਸ਼ਦੀਪ ਸ਼ਰਮਾ ਟੀਮ ਸਮੇਤ ਹਾਜ਼ਰ ਸਨ। ਚੋਣ ਉਪਰੰਤ ਬਾਹਰ ਆਏ ਬਾਗੀ ਗਰੁੱਪ ਦੇ ਚਾਰ ਤੇ ਤਿੰਨ ਕਾਂਗਰਸੀ ਕੌਂਸਲਰਾਂ ਨੇ ਵਿਧਾਇਕਾ ਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ’ਤੇ ਕੁੱਟਮਾਰ ਕਰਨ ਤੇ ਔਰਤਾਂ ਕੌਂਸਲਰਾਂ ਨੇ ਖਿੱਚਧੂਹ ਕਰਨ ਦੇ ਦੋਸ਼ ਲਾਏ। ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੀ ਆਪਣੇ ਸਮਰਥਕਾਂ ਸਮੇਤ ਹਾਜਰ ਸਨ। ਕਨਵੀਨਰ ਕਮ ਏ. ਡੀ. ਸੀ. ਮੁਹਾਲੀ ਡਾ. ਅੰਕਿਤਾ ਕਾਂਸਲ ਦੀ ਨਿਗਰਾਨੀ ਹੇਠ ਹੋਈ ਇਸ ਚੋਣ ਵਿਚ ਕੌਂਸਲਰ ਭਜਨ ਲਾਲ ਨੇ ਪ੍ਰਧਾਨ ਲਈ ਬਲਜੀਤ ਸਿੰਘ ਦਾ ਨਾਂਅ ਪੇਸ਼ ਕੀਤਾ, ਜਦਕਿ ਮੀਤ ਪ੍ਰਧਾਨ ਲਈ ਸੁਦੇਸ਼ ਕੁਮਾਰੀ ਨੇ ਲੱਖਵਿੰਦਰ ਸਿੰਘ ਲੱਖੀ ਸੰਧੂ ਦਾ ਨਾਂਅ ਪੇਸ਼ ਕੀਤਾ ਤੇ ਹਾਊਸ ਵਿਚ ਹਾਜ਼ਰ ਕੌਂਸਲਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਦੋਵੇਂ ਚੁਣੇ ਪ੍ਰਧਾਨ ਤੇ ਉਪ ਪ੍ਰਧਾਨ ਦੇ ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਹਾਰ ਪਾ ਕੇ ਸਨਮਾਨ ਕੀਤਾ ਤੇ ਵਧਾਈ ਦਿੱਤੀ। ਇਸ ਮੌਕੇ ‘ਆਪ’ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਏ। ਦੱਸਣਯੋਗ ਹੈ, ਕਿ ਬਨੂੜ ਨਗਰ ਕੌਂਸਲ ਦੇ ਕੱਲ 13 ਵਾਰਡਾਂ ’ਚੋਂ ‘ਆਪ’ ਦੇ 10 ਤੇ 3 ਕਾਂਗਰਸੀ ਕੌਂਸਲਰ ਜੇਤੂ ਹਨ, ਪਰ ਪ੍ਰਧਾਨਗੀ ਪਦ ਲਈ ਆਮ ਆਦਮੀ ਪਾਰਟੀ ਦੇ ਕੌਂਸਲਰ ਭਜਨ ਲਾਲ ਤੇ ਹਰਜੋਤ ਸਿੰਘ ਬਾਜਵਾ ਵਲੋਂ ਦਾਅਵੇਦਾਰੀ ਪੇਸ਼ ਕੀਤੀ ਗਈ, ਜਿਸ ਕਾਰਨ ‘ਆਪ’ ਦਾ ਦੋ ਤਿਹਾਈ ਬਹੁਮਤ ਹੋਣ ਦੇ ਬਾਵਜੂਦ ਪਹਿਲਾਂ ਚੋਣ ਸਿਰੇ ਨਾ ਚੜ ਸਕੀ ਤੇ ਦੋ ਵਾਰ ਰੱਦ ਕਰਨੀ ਪਈ। ਅੱਜ ਹੋਈ ਚੋਣ ਵਿਚ 13 ’ਚੋਂ 7 ਕੌਂਸਲਰ ਹਰਜੋਤ ਸਿੰਘ ਬਾਜਵਾ, ਕਰਨੈਲ ਸਿੰਘ, ਜਸਵਿੰਦਰ ਕੌਰ, ਜਸਵੀਰ ਕੌਰ, (ਚਾਰੇ ‘ਆਪ’ ਦੇ) ਅਤੇ ਪ੍ਰੀਤੀ ਵਾਲੀਆ, ਸਾਧੂ ਸਿੰਘ ਤੇ ਰਾਜਿੰਦਰ ਕੌਰ (ਤਿੰਨੇ ਕਾਂਗਰਸੀ) ਕੌਂਸਲਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਨਾਂ ਨੂੰ ਅੱਜ ਨਾ ਸਹੁੰ ਚੁਕਾਈ ਗਈ ਤੇ ਨਾ ਹੀ ਚੋਣ ਵਾਲੇ ਕਮਰੇ ਵਿਚ ਵੜਣ ਦਿੱਤਾ। ਔਰਤਾਂ ਕੌਂਸਲਰਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਧੱਕੇ ਮਾਰੇ। ਹਰਜੋਤ ਸਿੰਘ ਬਾਜਵਾ ਨੇ ਆਪਣੇ ਮੰਹੂ ’ਤੇ ਲੱਗੀ ਸੱਟ ਵਿਖਾਉਂਦੇ ਹੋਏ ਕਿਹਾ ਕਿ ਇਕ ਪੁਲਿਸ ਅਧਿਕਾਰੀ ਨੇ ਉਸ ਦੇ ਵੱਟ ਮਾਰਿਆ ਤੇ ਉਨ੍ਹਾਂ ਦੇ ਹਮਾਇਤੀ ਕੌਂਸਲਰਾਂ ਨੂੰ ਇਕ ਕਮਰੇ ਵਿਚ ਡੱਕਣ ਦੇ ਦੋਸ਼ ਵੀ ਲਾਏ। ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਹਲਕਾ ਵਿਧਾਇਕਾ ’ਤੇ ਧੱਕੇ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜੇ ਚੋਣ 6 ਕੌਂਸਲਰਾਂ ਵਿਚ ਹੀ ਕਰਾਉਣੀ ਸੀ, ਫਿਰ ਐਨੀ ਪੁਲਿਸ ਲਾਉਣ ਦੀ ਕੋਈ ਲੋੜ ਸੀ। ਉਨ੍ਹਾਂ ਕਿਹਾ ਕਿ ਰਾਜਪੁਰਾ ਵੀ ਪੁਲਿਸ ਦੀ ਧੱਕੇਸਾਹੀ ਨਾਲ ਪ੍ਰਧਾਨ ਬਣਾਇਆ ਗਿਆ ਹੈ। ਇਸ ਸੰਬੰਧੀ ਡੀ. ਐਸ. ਪੀ. ਬਨੂੜ ਸੁਖਦੇਵ ਸਿੰਘ ਨੇ ਕੌਂਸਲਰਾਂ ਵਲੋਂ ਲਾਏ ਧੱਕੇਸਾਹੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ‘ਆਪ’ ਦੇ ਬਾਗੀ ਤੇ ਕਾਂਗਰਸੀ ਕੌਂਸਲਰਾਂ ਨੇ ਅੰਦਰ ਹੰਗਾਮਾ ਕੀਤਾ, ਜਿਸ ਕਾਰਨ ਉਨ੍ਹਾਂ ਰੋਕਿਆ ਗਿਆ ਸੀ। ਉਨ੍ਹਾਂ ਚੋਣ ਅਮਨ ਅਮਾਨ ਨਾਲ ਸਿਰੇ ਚੜਨ ਦੀ ਗੱਲ ਕਹੀ।
ਪਿਛਲੀ ਖ਼ਬਰ ਫ਼ਿਲਮ ‘ਸਤਲੁਜ’ ਨੂੰ ਓ.ਟੀ.ਟੀ. ਪਲੇਟਫਾਰਮ ’ਤੇ ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਹਟਾਉਣਾ ਆਜ਼ਾਦ ਦੇਸ਼ ਵਿਚ ਗੁਲਾਮ ਹੋਣ ਦਾ ਅ... ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਨੂੰ ਖਤਮ ਕਰਨ ’ਚ ਲੋਕਾਂ ਦਾ ਮਿਲ ਰਿਹੈ ਪੂਰਨ ਸਹਿਯੋਗ-ਕਲਰਮਾਜਰੀ, ਨਾਗਪਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।