14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਮੈਰਿਟ ਅਧਾਰ ’ਤੇ ਪਾਰਦਰਸ਼ੀ ਤਰੀਕੇ ਨਾਲ ਕੀਤੀਆਂ ਜਾਣ ਬਦਲੀਆਂ-ਡੀ.ਟੀ.ਐੱਫ.

ਅਜੀਤ ਡੈਸਕ 04-07-2026
ਪਟਿਆਲਾ, 3 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਸਿੱਖਿਆ ਵਿਭਾਗ ਪੰਜਾਬ ਦੀ ਬਦਲੀ ਪ੍ਰਕਿਰਿਆ ਊਠ ਦੇ ਬੁੱਲ ਡਿੱਗਣ ਵਾਂਗ ਪਹਿਲਾਂ ਤਾਂ ਸ਼ੁਰੂ ਹੋਣ ਵਿਚ ਹੀ ਨਹੀਂ ਆਉਂਦੀ ਜਦੋਂ ਇਹ ਸ਼ੁਰੂ ਹੁੰਦੀ ਹੈ ਤਾਂ ਇਸ ਵਿਚਲੀਆਂ ਊਣਤਾਈਆਂ ਦੀ ਭਰਮਾਰ ਕਾਰਨ ਬਦਲੀਆਂ ਦੇ ਚਾਹਵਾਨ ਅਧਿਆਪਕਾਂ ਨੂੰ ਰਾਹਤ ਘੱਟ ਅਤੇ ਖੱਜਲ ਖੁਆਰੀ ਦਾ ਸਾਹਮਣਾ ਵੱਧ ਕਰਨਾ ਪੈਂਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ, ਸਕੱਤਰ ਜਸਪਾਲ ਚੌਧਰੀ ਅਤੇ ਖਜ਼ਾਨਚੀ ਰਜਿੰਦਰ ਸਮਾਣਾ ਨੇ ਦੱਸਿਆ ਕਿ ਆਮ ਬਦਲੀਆਂ ਦੇ ਮਸਲੇ ਵਿੱਚ ਪਟਿਆਲਾ ਜ਼ਿਲ੍ਹੇ ਵਿਚ ਇਸ ਵਾਰ ਨਵੇਂ ਕੀਰਤੀਮਾਨ ਸਥਾਪਿਤ ਕਰ ਦਿੱਤੇ ਹਨ। ਜਿਸ ਨਾਲ ਕਿਤੇ ਤਾਂ ਸੈਂਕੜੇ ਵਿਦਿਆਰਥੀਆਂ ਵਾਲੇ ਸਕੂਲਾਂ ਵਿਚ ਪੜ੍ਹਾਉਣ ਲਈ ਦੋ-ਤਿੰਨ ਅਧਿਆਪਕ ਰਹਿ ਜਾਣਗੇ ਅਤੇ ਕਿਤੇ ਘੱਟ ਗਿਣਤੀ ਬੱਚਿਆਂ ਵਾਲੇ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਲੋੜ ਤੋਂ ਵੱਧ ਕਰ ਦਿੱਤੀ ਗਈ ਹੈ। ਜ਼ਿਲ੍ਹੇ ਵਿਚ ਕਈ ਸਕੂਲਾਂ ਵਿਚ ਲੋੜ ਤੋਂ ਵੱਧ ਅਸਾਮੀਆਂ ਲਈ ਬਦਲੀਆਂ ਦੇ ਪੱਤਰ ਜਾਰੀ ਕਰਕੇ ਭੰਬਲਭੂਸਾ ਪੈਦਾ ਕਰ ਦਿੱਤਾ ਗਿਆ ਹੈ। ਜਦੋਂ ਡੀਟੀਐੱਫ ਦੁਆਰਾ ਇਹ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਇਸ ਸਾਰੀ ਪ੍ਰਕਿਰਿਆ ਤੇ ਰੋਕ ਲਗਾ ਕੇ ਇਸ ਨੂੰ ਦਰੁਸਤ ਕਰਨ ਦੀ ਸਹਿਮਤੀ ਦਿੱਤੀ। ਪ੍ਰੰਤੂ ਮੂੰਹ-ਜ਼ੁਬਾਨੀ ਸਹਿਮਤੀ ਤੋਂ ਬਿਨਾਂ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ। ਵਿਭਾਗ ਵੱਲੋਂ ਕੋਈ ਪੁਖਤਾ ਹਦਾਇਤਾਂ ਨਾ ਹੋਣ ਕਾਰਨ ਮੌਕਾਪ੍ਰਸਤ ਅਨਸਰਾਂ ਦੁਆਰਾ ਕੁਝ ਬਲਾਕਾਂ ਵਿਚ ਮਿਲੀ ਭੁਗਤ ਨਾਲ ਸਿਫਾਰਸ਼ੀ ਅਧਿਆਪਕਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਲੋੜਵੰਦ ਅਤੇ ਯੋਗ ਅਧਿਆਪਕਾਂ ਵਿੱਚ ਨਿਰਾਸ਼ਾ ਦਾ ਆਲਮ ਹੈ ਅਤੇ ਵਿਭਾਗ ਦੀ ਸ਼ਾਖ ਵੀ ਖਰਾਬ ਹੋ ਰਹੀ ਹੈ। ਆਗੂਆਂ ਨੇ ਦੱਸਿਆ ਕਿ ਪਟਿਆਲਾ ਜਿਲੇ ਵਿੱਚ ਬਣੀ ਇਸ ਕਸੂਤੀ ਸਥਿਤੀ ਕਾਰਨ ਸਾਰੇ ਪੰਜਾਬ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਬਾਹਰਲੇ ਜਿਲਿਆਂ ਤੋਂ ਪਟਿਆਲਾ ਵਿੱਚ ਬਦਲੀ ਕਰਵਾਉਣੀ ਚਾਹੁੰਦੇ ਅਧਿਆਪਕ ਵੀ ਇਸ ਨਾਲ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ। ਉਹਨਾਂ ਵਿਭਾਗ ਤੋਂ ਮੰਗ ਕੀਤੀ ਕਿ ਵੈਕੈਂਸੀ ਲਿਸਟ ਦਰੁਸਤ ਕਰਕੇ ਸਟੇਸ਼ਨ ਚੋਣ ਦੁਬਾਰਾ ਕਰਵਾਈ ਜਾਵੇ ਅਤੇ ਸਾਰੇ ਚਾਹਵਾਨ ਅਧਿਆਪਕਾਂ ਨੂੰ ਨਵੇਂ ਆਰਡਰ ਮੈਰਿਟ ਅਧਾਰ ’ਤੇ ਅਤੇ ਪਾਰਦਰਸ਼ੀ ਤਰੀਕੇ ਨਾਲ ਸਟੇਸ਼ਨ ਚੋਣ ਦੇ ਅਧਾਰ ਤੇ ਦਿੱਤੇ ਜਾਣ। ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਸਬੰਧੀ ਅਧਿਆਪਕਾਂ ਨਾਲ ਧੱਕਾ ਹੋਇਆ ਤਾਂ ਜਥੇਬੰਦੀ ਦੋਸ਼ੀ ਅਧਿਕਾਰੀਆਂ ਖਿਲਾਫ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।
ਪਿਛਲੀ ਖ਼ਬਰ ਸੇਵਾ ਸਿੰਘ ਭੱਟੀ ਨਮਿਤ ਅੰਤਿਮ ਅਰਦਾਸ ਮੌਕੇ ਰਾਜਨੀਤਿਕ, ਸਮਾਜਿਕ, ਧਾਰਮਿਕ ਆਗੂਆਂ ਨੇ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਪਿੰਡ ਕਪੂਰੀ ਵਿਖੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।