08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ ਯਾਦਗਾਰੀ ਨਾਟਕ ਸਮਾਰੋਹ ਨਾਟਕ ਵਾਲਾ ਗਰੁੱਪ ਵਲੋਂ “ਇਲਹਾਮ” ਨਾਟਕ ਦੀ ਸਫਲ ਪੇਸ਼ਕਾਰੀ ਨਾਲ ਸੰਪੰਨ

ਅਜੀਤ ਡੈਸਕ 29-06-2026
ਪਟਿਆਲਾ, 28 ਜੂਨ (ਗੁਰਪ੍ਰੀਤ ਸਿੰਘ ਚੱਠਾ)-ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਨਾਟਕ ਵਾਲਾ ਗਰੁੱਪ ਵਲੋਂ ਕਰਵਾਇਆ ਗਿਆ ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ ਯਾਦਗਾਰੀ ਤਿੰਨ ਦਿਨਾਂ 24ਵਾਂ ਗਰਮ ਰੁੱਤ ਦਾ ਨਾਟਕ ਸਮਾਰੋਹ ਕਾਲੀਦਾਸ ਆਡੀਟੋਰੀਅਮ ਵਿਚ ਮਾਨਵ ਕੌਲ ਦੁਆਰਾ ਲਿਖੇ ਅਤੇ ਰਾਜੇਸ਼ ਸ਼ਰਮਾ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਗਏ ਨਾਟਕ “ਇਲਹਾਮ” ਦੀ ਸਫਲ ਪੇਸ਼ਕਾਰੀ ਨਾਲ ਸੰਪੰਨ ਹੋਇਆ। ਨਾਟਕ ਦਾ ਮੁੱਖ ਵਿਸ਼ਾ ਇਸ ਸਵਾਲ ਨੂੰ ਉਭਾਰਦਾ ਹੈ ਕਿ ਜੇਕਰ ਕਿਸੇ ਆਮ ਇਨਸਾਨ ਨੂੰ ਸਚਮੁੱਚ ਸੱਚ ਜਾਂ ਗਿਆਨ ਦੀ ਪ੍ਰਾਪਤੀ ਹੋ ਜਾਵੇ ਤਾਂ ਸਮਾਜ ਉਸ ਨੂੰ ਪਾਗਲ ਜਾਂ ਮਾਨਸਿਕ ਤੌਰ ’ਤੇ ਬਿਮਾਰ ਸਮਝਣ ਲੱਗ ਪੈਂਦਾ ਹੈ। ਇਹ ਨਾਟਕ ਮਨੁੱਖੀ ਮਨ ਦੀਆਂ ਕਲਪਨਾਵਾਂ ਅਤੇ ਇਤਿਹਾਸ ਵਿਚਕਾਰਲੇ ਟਕਰਾਅ ਨੂੰ ਬਹੁਤ ਹੀ ਕਲਾਤਮਕ ਢੰਗ ਨਾਲ ਮੰਚ ’ਤੇ ਪੇਸ਼ ਕਰਦਾ ਹੈ। ਨਾਟਕ ਵਾਲਾ ਗਰੁੱਪ ਵਲੋਂ ਇਸ ਨਾਟਕ ਦੀ ਪੇਸ਼ਕਾਰੀ ਨੇ ਆਪਣੇ ਕਲਾਕਾਰਾਂ ਰਾਹੀਂ ਰੰਗਮੰਚ ਨੂੰ ਇਕ ਵਿਲੱਖਣ ਨਾਟਕ ਦਿੱਤਾ, ਜਿਸ ਵਿਚ ਸਾਰੇ ਕਲਾਕਾਰਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਤੋਂ ਭਰਪੂਰ ਸ਼ਲਾਘਾ ਹਾਸਲ ਕੀਤੀ। ਨਾਟਕ ਵਿਚ ਮੁੱਖ ਭੂਮਿਕਾਵਾਂ ਨਿਭਾਉਣ ਵਾਲੇ ਕਲਾਕਾਰਾਂ ਵਿਚ ਰਾਜੇਸ਼ ਸ਼ਰਮਾ, ਅਜੈ ਜੇਠੀ, ਰੀਆ, ਡੌਲੀ ਕਪੂਰ, ਹਰਸਿਮਰਨ, ਕੈਲਾਸ਼ ਅਤੇ ਰਣਦੀਪ ਸ਼ਾਮਲ ਸਨ। ਜਦਕਿ ਮੰਚ ਦੇ ਪਿੱਛੇ ਨਾਟਕ ਨੂੰ ਸਫਲ ਬਣਾਉਣ ਵਿਚ ਰੌਸ਼ਨੀ ਵਿਵਸਥਾ ਲਈ ਹਰਸ਼ ਸੇਠੀ ਅਤੇ ਸੈੱਟ ਲਈ ਕੈਲਾਸ਼, ਇੰਦਰਜੀਤ ਅਤੇ ਨਵਦੀਪ ਨੇ ਵੀ ਅਹਿਮ ਯੋਗਦਾਨ ਪਾਇਆ।
ਨਾਟਕ ਦਾ ਸੰਗੀਤ ਸੰਦੀਪ ਕੈਲੇ ਵਲੋਂ ਤਿਆਰ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਮਾਮਲਿਆਂ ਦੇ ਵਿਦਵਾਨ ਅਤੇ ਵਿਸ਼ਵ ਚਿੰਤਕ ਐਵਾਰਡੀ ਡਾ. ਸਵਰਾਜ ਸਿੰਘ ਨੇ ਤਿੰਨ ਦਿਨਾਂ ਤੱਕ ਚੱਲੇ ਇਸ ਨਾਟਕ ਸਮਾਰੋਹ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਅਤੇ ਭਾਸ਼ਾ ਵਿਭਾਗ ਪੰਜਾਬ ਨੂੰ ਅਜਿਹੇ ਨਾਟਕ ਸਮਾਰੋਹਾਂ ਲਈ ਆਰਥਿਕ ਸਹਿਯੋਗ ਦੇਣ ’ਤੇ ਵਧਾਈ ਦਿੱਤੀ। ਉਨ੍ਹਾਂ ਆਪਣੇ ਸੰਬੋਧਨ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰੰਗਮੰਚ ਹੀ ਇਕ ਅਜਿਹਾ ਮਾਧਿਅਮ ਹੈ ਜੋ ਮਨੁੱਖ ਦੀ ਚੇਤਨਾ ਨੂੰ ਜਗਾਉਂਦਾ ਹੈ ਅਤੇ ਉਸ ਵਿਚ ਨਵੀਂ ਊਰਜਾ ਦਾ ਸੰਚਾਰ ਕਰਦਾ ਹੈ। ਇਹ ਤਦ ਹੀ ਸੰਭਵ ਹੈ ਜਦੋਂ ਉੱਚ ਪੱਧਰ ਦੇ ਨਾਟਕ ਨਵੇਂ-ਨਵੇਂ ਪ੍ਰਯੋਗਾਂ ਨਾਲ ਲਗਾਤਾਰ ਮੰਚਿਤ ਹੁੰਦੇ ਰਹਿਣ। ਉਨ੍ਹਾਂ ਨਾਟਕ ਵਾਲਾ ਗਰੁੱਪ ਨੂੰ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ ਅਤੇ ਸਮੂਹ ਕਲਾਕਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੀਆਂ ਸਫਲ ਪੇਸ਼ਕਾਰੀਆਂ ਰਾਹੀਂ ਰੰਗਮੰਚ ਦੇ ਨਵੇਂ ਅਧਿਆਇ ਲਿਖੇ ਜਾਣਗੇ। ਇਸ ਨਾਟਕ ਸਮਾਰੋਹ ਵਿਚ ਵੱਡੀ ਗਿਣਤੀ ਵਿਚ ਕਲਾਕਾਰ, ਨਿਰਦੇਸ਼ਕ, ਕਲਾ ਪ੍ਰੇਮੀ, ਸਾਹਿਤਕਾਰ, ਲੇਖਕ, ਬੁੱਧੀਜੀਵੀ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਸਥਾਨਕ ਲੋਕਾਂ ਨੇ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਸਨੌਰ ’ਚ ਚੋਰਾਂ ਦੇ ਹੌਸਲੇ ਬੁਲੰਦ, ਅੱਧਾ ਦਰਜਨ ਘਰਾਂ ਤੋਂ ਮੋਟਰ ਕੁਨੈਕਸ਼ਨਾਂ ਦੀਆਂ ਤਾਰਾਂ ਚੋਰੀ ਅਗਲੀ ਖ਼ਬਰ ਦੌਲਤਪੁਰ ਫ਼ਕੀਰਾਂ ’ਚ ਰਣਜੋਧ ਸਿੰਘ ਹਡਾਣਾ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਕਿਹਾ, ਆਮ ਆਦਮੀ ਪਾਰਟੀ ਬਣ ਰਹੀ ਹੈ, ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।