15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ‘ਗੁਰੂ ਰਵਿਦਾਸ : ਜੀਵਨ ਤੇ ਫ਼ਲਸਫ਼ਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ * ਅਧਿਆਤਮਿਕਤਾ ਦੇ ਨਾਲ-ਨਾਲ ਇਨਸਾਨੀ ਹੱਕਾਂ ਦੀ ਤਰਜਮਾਨੀ ਕਰਦੇ ਹੈ ਰਵਿਦਾਸ ਦੀ ਬਾਣੀ - ਡਾ. ਧਰਮ ਸਿੰਘ * ਵਰਣ ਵੰਡ ਕਰਕੇ ਇਨਸਾਨ ਨਾਲ ਇਨਸਾਨ ਦੀ ਨਫ਼ਰਤ ਸਿਖਰ ’ਤੇ ਪੁੱਜੀ -ਪ੍ਰੋ. ਮੀਤ ਖੱਟੜਾ

ਅਜੀਤ ਡੈਸਕ 21-06-2026
ਪਟਿਆਲਾ, 20 ਜੂਨ (ਧਰਮਿੰਦਰ ਸਿੰਘ ਸਿੱਧੂ)-ਇੱਥੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸ੍ਰੀ ਬੇਗਮਪੁਰਾ ਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਦੇ ਲੈਕਚਰ ਹਾਲ ਵਿਚ ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਿਤ ‘ਗੁਰੂ ਰਵਿਦਾਸ : ਜੀਵਨ ਤੇ ਫ਼ਲਸਫ਼ਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਪ੍ਰਧਾਨਗੀ ਭਾਸ਼ਣ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਧਰਮ ਸਿੰਘ ਨੇ ਕਿਹਾ ਗੁਰੂ ਸਾਹਿਬਾਨਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਲਈ ਦਰਜ ਕੀਤੀ ਕਿਉਂਕਿ ਉਹ ਅਧਿਆਤਮਿਕਤਾ ਦੇ ਨਾਲ-ਨਾਲ ਇਨਸਾਨੀਅਤ ਦੀ ਤਰਜਮਾਨੀ ਵੀ ਕਰਦੀ ਹੈ। ਪ੍ਰੋ. ਕਿਰਪਾਲ ਕਜ਼ਾਕ ਨੇ ਕਿਹਾ ਕਿ ਗੁਰੂ ਰਵਿਦਾਸ ਦੀ ਬਾਣੀ ਦੇ ਫਲਸਫੇ ਨੂੰ ਦੁਨੀਆਂ ਵਿਚ ਪ੍ਰਚਾਰਨ ਦੀ ਲੋੜ। ਗੁਰੂ ਨਾਨਕ ਦੀ ਬਾਣੀ ਜਿੱਥੇ ਸੱਤਾ ਨੂੰ ਵੰਗਾਰਦੀ ਹੈ ਉੱਥੇ ਹੀ ਰੱਬ ਨੂੰ ਵੀ ਚੇਤੇ ਰੱਖਦੀ ਹੈ। ਇੱਥੇ ਪਰਚਾ ਪੜ੍ਹਦਿਆਂ ਲੇਖਕ ਤੇ ਚਿੰਤਕ ਪ੍ਰੋ. ਮੀਤ ਖੱਟੜਾ ਨੇ ਕਿਹਾ ਕਿ ਵਰਣ ਵੰਡ ਕਰਕੇ ਹੀ ਇਨਸਾਨ ਇਨਸਾਨ ਨੂੰ ਨਫ਼ਰਤ ਕਰਨ ਲੱਗਾ ਜਿਸ ਕਰਕੇ ਬੰਦੇ ਤੋਂ ਬੰਦੇ ਵਿਚਲਾ ਪਾੜਾ ਨੇੜੇ ਹੁੰਦਿਆਂ ਵੀ ਬਹੁਤ ਦੂਰ ਦਾ ਬਣ ਗਿਆ। ਖੋਜਾਰਥੀ ਜਗਪਾਲ ਸਿੰਘ ਨੇ ਪਰਚੇ ਵਿਚ ਕਿਹਾ ਕਿ ਗੁਰੂ ਰਵਿਦਾਸ ਦੀ ਬਾਣੀ ਸਾਨੂੰ ਮਿਲ ਬੈਠ ਕੇ ਚਿੰਤਨ ਕਰਨ ਦਾ ਸੰਦੇਸ਼ ਦਿੰਦੀ ਹੈ। ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸੀਨੀਅਰ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਗੁਰੂ ਰਵਿਦਾਸ ਦੀ ਬਾਣੀ ਇਹ ਸਿੱਧਾ ਸੰਕੇਤ ਦਿੰਦੀ ਹੈ ਕਿ ਜੋ ਵੀ ਧਰਮ ਇਨਸਾਨ ਨੂੰ ਇਨਸਾਨ ਨਾਲ ਨਫ਼ਰਤ ਕਰਨੀ ਸਿਖਾਉਂਦਾ ਹੈ ਉਹ ਧਰਮ ਸਿਆਸੀ ਹੋ ਸਕਦਾ ਹੈ ਪਰ ਰੂਹਾਨੀਅਤ ਨਹੀਂ। ਇੱਥੇ ਬੋਲਦਿਆਂ ਉੱਘੇ ਦਲਿਤ ਚਿੰਤਕ ਡਾ. ਗੁਰਮੀਤ ਕੱਲਰਮਾਜਰੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਦੀ ਲੋੜ ਹੈ ਨਾ ਕਿ ਸਿਰਫ਼ ਮੱਥੇ ਟੇਕ ਹੀ ਆਪਣਾ ਫ਼ਰਜ਼ ਪੂਰਾ ਕਰਨਾ। ਇੱਥੇ ਸ੍ਰੀ ਬੇਗਮਪੁਰਾ ਮਿਸ਼ਨ ਦੇ ਮੁਖੀ ਕੁਲਵੰਤ ਸਿੰਘ ਨਾਰੀਕੇ ਨੇ ਕਿਹਾ ਕਿ ਗੁਰੂ ਸਾਨੂੰ ਰਸਤਾ ਦਿਖਾਉਂਦੇ ਹਨ ਪਰ ਚੱਲਣਾ ਤਾਂ ਸਾਨੂੰ ਹੀ ਪਵੇਗਾ। ਪ੍ਰਗਤੀਸ਼ੀਲ ਲੇਖਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਡਾ. ਸੰਤੋਖ ਸਿੰਘ ਨੇ ਗੁਰੂ ਰਵਿਦਾਸ ਨਾਲ ਸੰਬੰਧਿਤ ਆਪਣੀ ਕਵਿਤਾ ਪੜ੍ਹੀ। ਇਸ ਤੋਂ ਇਲਾਵਾ ਗੁਰਮੁਖ ਸਿੰਘ ਤੇ ਕੁਲਵੰਤ ਸਿੰਘ ਸੈਦੋਕੇ ਨੇ ਗੁਰੂ ਰਵਿਦਾਸ ਨਾਲ ਸਬੰਧਿਤ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਵੇਲੇ ਭਾਸ਼ਾ ਵਿਭਾਗ ਦੇ ਸਾਬਕਾ ਐਡੀਸ਼ਨਲ ਡਾਇਰੈਕਟਰ ਸਤਨਾਮ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਦੇ ਸੂਬਾ ਆਗੂ ਕੁਲਦੀਪ ਦੀਪ, ਗੁਰਚਰਨ ਸਿੰਘ ਚੰਨ, ਨਾਟਕਕਾਰ ਜੋਗਾ ਸਿੰਘ ਖੀਵਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਵਿਸ਼ੇਸ਼-‘ਕਰੋ ਯੋਗ, ਰਹੋ ਨਿਰੋਗ’ ਅਗਲੀ ਖ਼ਬਰ ਵੱਡੀ ਬਾਰਾਂਦਰੀ ’ਚ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।