29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਅਮਰ ਗਰਗ ਕਲਮਦਾਨ ਦੀ ਪੁਸਤਕ 'ਸਲੋਚਨਾ' ਉਪਰ ਕਰਵਾਈ ਗੋਸ਼ਟੀ

ਅਮਰ ਗਰਗ ਕਲਮਦਾਨ ਦੀ ਪੁਸਤਕ 'ਸਲੋਚਨਾ' ਉਪਰ ਕਰਵਾਈ ਗੋਸ਼ਟੀ ਦੌਰਾਨ ਡਾ. ਦਰਸ਼ਨ ਸਿੰਘ 'ਆਸ਼ਟ', ਡਾ. ਪੁਸ਼ਪਿੰਦਰ ਸਿੰਘ ਗਿੱਲ, ਡਾ. ਭੁਪਿੰਦਰ ਸਿੰਘ ਖਹਿਰਾ, ਭਗਵਾਨ ਦਾਸ ਗੁਪਤਾ ਤੇ ਹੋਰ ਵਿਦਵਾਨ | ਅਜੀਤ ਤਸਵੀਰ <br/> 15-06-2026
ਪਟਿਆਲਾ, 14 ਜੂਨ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਭਾਸ਼ਾ ਵਿਭਾਗ ਪੰਜਾਬ ਦੇ ਲੈਕਚਰ ਹਾਲ ਵਿਖੇ ਅਮਰ ਗਰਗ ਕਲਮਦਾਨ ਦੀ ਪੁਸਤਕ 'ਸਲੋਚਨਾ' ਉੱਪਰ ਸਾਹਿਤਕ ਗੋਸ਼ਟੀ ਕਰਵਾਈ ਗਈ | ਜਿਸ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿਚ ਸਾਹਿਤਕਾਰਾਂ ਅਤੇ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ | ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਸਵਾਗਤੀ ਭਾਸ਼ਣ ਦਿੰਦਿਆਂ ਕਿਹਾ ਕਿ ਸਭਾ ਵਲੋਂ ਨੇੜਲੇ ਭਵਿੱਖ ਵਿਚ ਪੰਜਾਬੀ ਸਾਹਿਤ ਦੀਆਂ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਤਿੰਨ ਪੀੜ੍ਹੀਆਂ ਦੇ ਸਾਹਿਤਕਾਰਾਂ ਨੂੰ ਇਕ ਸਾਂਝੇ ਮੰਚ 'ਤੇ ਇਕੱਠਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਂ-ਬੋਲੀ, ਸਾਹਿਤ ਅਤੇ ਖੇਡ-ਸਭਿਆਚਾਰ ਇਕ ਦੂਜੇ ਦੇ ਪੂਰਕ ਹਨ ਅਤੇ ਅਜਿਹੇ ਸਮਾਗਮ ਸਮਾਜ ਨੂੰ ਸਕਾਰਾਤਮਿਕ ਦਿਸ਼ਾ ਪ੍ਰਦਾਨ ਕਰਦੇ ਹਨ | ਮੁੱਖ ਮਹਿਮਾਨ ਵਜੋਂ ਸ਼ਾਮਲ ਉੱਘੇ ਭਾਸ਼ਾ ਵਿਗਿਆਨੀ ਡਾ. ਭੁਪਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਲੇਖਕਾਂ ਨੂੰ ਅਜਿਹੀ ਸਾਹਿਤਕ ਰਚਨਾ ਕਰਨੀ ਚਾਹੀਦੀ ਹੈ ਜੋ ਸਮਾਜ ਨੂੰ ਸਦੀਵੀ ਸੇਧ ਦੇ ਸਕੇ | ਪ੍ਰਸਿੱਧ ਸਮਾਜ ਸੇਵਕ ਅਤੇ ਲੇਖਕ ਭਗਵਾਨ ਦਾਸ ਗੁਪਤਾ ਨੇ ਸਫ਼ਰਨਾਮਾ ਸਾਹਿਤ ਦੀ ਮਹੱਤਤਾ ਉਭਾਰੀ, ਜਦਕਿ ਡਾ. ਭਗਵੰਤ ਸਿੰਘ ਅਤੇ ਪਿ੍ੰਸੀਪਲ ਪ੍ਰੇਮ ਲਤਾ ਨੇ ਵੀ ਸਾਹਿਤ ਸਭਾ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ | ਪੁਸਤਕ 'ਸਲੋਚਨਾ' ਬਾਰੇ ਮੁੱਖ ਪੇਪਰ ਪੇਸ਼ ਕਰਦਿਆਂ ਡਾ. ਤਰਲੋਚਨ ਕੌਰ ਨੇ ਕਿਹਾ ਕਿ ਅਮਰ ਗਰਗ ਕਲਮਦਾਨ ਦੀਆਂ ਕਹਾਣੀਆਂ ਫ਼ਲਸਫ਼ੀ ਰੰਗ ਨਾਲ ਭਰਪੂਰ ਹਨ | ਡਾ. ਹਰਵਿੰਦਰ ਕੌਰ ਨੇ ਕਿਹਾ ਕਿ ਲੇਖਕ ਇਤਿਹਾਸਕ ਅਤੇ ਮਿਥਿਹਾਸਿਕ ਪਿਛੋਕੜ ਰਾਹੀਂ ਕਹਾਣੀ ਕਹਿਣ ਦਾ ਵਿਲੱਖਣ ਹੁਨਰ ਰੱਖਦਾ ਹੈ | ਇਸ ਮੌਕੇ ਡਾ. ਕਮਲਜੀਤ ਸਿੰਘ ਟਿੱਬਾ, ਮਾ. ਜਗਮਿੰਦਰਪਾਲ ਬਰਾਸ, ਡਾ. ਸੁਰੇਸ਼ ਨਾਇਕ, ਡਾ. ਰਵਿੰਦਰ ਕੁਮਾਰ ਅਤੇ ਹੋਰ ਵਿਦਵਾਨਾਂ ਨੇ ਵੀ ਪੁਸਤਕ ਦੇ ਵੱਖ-ਵੱਖ ਪੱਖਾਂ 'ਤੇ ਵਿਚਾਰ ਪ੍ਰਗਟ ਕੀਤੇ | ਦੂਜੇ ਸੈਸ਼ਨ ਦੌਰਾਨ ਕਰਮ ਸਿੰਘ ਜ਼ਖਮੀ, ਡਾ. ਰਾਕੇਸ਼ ਸਰਮਾ, ਜਸਵਿੰਦਰ ਕੌਰ, ਸੁਖਦੇਵ ਸਿੰਘ ਚਹਿਲ, ਸੁਰਿੰਦਰ ਕੌਰ ਬਾੜਾ, ਸਤੀਸ਼ ਵਿਦਰੋਹੀ ਅਤੇ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਸਮਾਗਮ ਵਿਚ ਵੱਡੀ ਗਿਣਤੀ 'ਚ ਸਾਹਿਤਕਾਰਾਂ, ਕਵੀਆਂ ਅਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ | ਅੰਤ ਵਿਚ ਬਾਬੂ ਸਿੰਘ ਰੈਹਲ ਅਤੇ ਅਮਰ ਗਰਗ ਕਲਮਦਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ, ਜਦਕਿ ਮੰਚ ਸੰਚਾਲਨ ਦੀ ਭੂਮਿਕਾ ਦਵਿੰਦਰ ਪਟਿਆਲਵੀ ਨੇ ਨਿਭਾਈ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ |
ਪਿਛਲੀ ਖ਼ਬਰ ਮੋਹਾਲੀ ਵਿਖੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਲਈ ਵਿੱਕੀ ਘਨੌਰ ਦੀ ਅਗਵਾ... ਅਗਲੀ ਖ਼ਬਰ ਪਠਾਣਮਾਜਰਾ ਦੇ ਵੱਡੇ ਇਕੱਠ ਨਾਲ ਹਲਕਾ ਸਨੌਰ ਦੀ ਸਿਆਸਤ ਗਰਮਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।