12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਹਿਕਾਰੀ ਬੈਂਕਾਂ ਵਲੋਂ ਨਵੇਂ 'ਸਕੇਲ ਆਫ਼ ਫਾਇਨਾਂਸ' ਲਾਗੂ ਨਾ ਕਰਨ ਕਾਰਨ ਕਿਸਾਨ ਪ੍ਰੇਸ਼ਾਨ-ਜਗਤਾਰ ਸਿੰਘ ਜੱਗਾ

ਦੇਵੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੋਆਪਰੇਟਿਵ ਸੁਸਾਇਟੀ ਦੇਵੀਗੜ੍ਹ ਦੇ ਪ੍ਰਧਾਨ ਜਗਤਾਰ ਸਿੰਘ ਜੱਗਾ ਨਾਲ ਹਨ ਸਾਬਕਾ ਸਰਪੰਚ ਗੁਰਮੁਖ ਸਿੰਘ | ਤਸਵੀਰ : ਮੌਜੀ ਦੇਵੀਗੜ੍ਹ <br/> 09-05-2026
ਦੇਵੀਗੜ, 8 ਮਈ (ਰਾਜਿੰਦਰ ਸਿੰਘ ਮੌਜੀ)-ਕੋਆਪਰੇਟਿਵ ਸੁਸਾਇਟੀ ਦੇਵੀਗੜ੍ਹ ਦੇ ਪ੍ਰਧਾਨ ਜਗਤਾਰ ਸਿੰਘ ਜੱਗਾ ਨੇ ਪੰਜਾਬ ਸਰਕਾਰ ਅਤੇ ਸਹਿਕਾਰੀ ਬੈਂਕਾਂ ਦੇ ਪ੍ਰਬੰਧਨ ਵਿਰੁੱਧ ਤਿੱਖਾ ਰੋਸ ਪ੍ਰਗਟਾਇਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਬੈਂਕਾਂ ਦੀ ਅਣਗਹਿਲੀ ਕਾਰਨ ਸੂਬੇ ਦਾ ਅੰਨਦਾਤਾ ਅੱਜ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ | ਪ੍ਰਧਾਨ ਜਗਤਾਰ ਸਿੰਘ ਜੱਗਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਵਲੋਂ ਸਾਲ 2026-27 ਲਈ ਕਿਸਾਨਾਂ ਵਾਸਤੇ ਨਵੇਂ 'ਸਕੇਲ ਆਫ ਫਾਇਨਾਂਸ' (ਕਰਜ਼ਾ ਹੱਦਾਂ) ਜਾਰੀ ਕੀਤੇ ਗਏ ਸਨ | ਨਿਯਮਾਂ ਅਨੁਸਾਰ ਇਨ੍ਹਾਂ ਵਧੇ ਹੋਏ ਸਕੇਲਾਂ ਦਾ ਲਾਭ ਕਿਸਾਨਾਂ ਨੂੰ ਮਿਲਣਾ ਚਾਹੀਦਾ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਸਹਿਕਾਰੀ ਬੈਂਕਾਂ ਵਲੋਂ ਇਨ੍ਹਾਂ ਸਕੇਲਾਂ ਅਨੁਸਾਰ ਕਰਜ਼ੇ ਦੀ ਰਾਸ਼ੀ ਨਹੀਂ ਵਧਾਈ ਜਾ ਰਹੀ | ਉਨ੍ਹਾਂ ਕਿਹਾ ਕਿ ਪੁਰਾਣੇ ਸਕੇਲਾਂ 'ਤੇ ਹੀ ਕੰਮ ਚੱਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਖੇਤੀ ਖਰਚੇ ਪੂਰੇ ਕਰਨ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਸਾਨਾਂ ਦੀ ਇਸ ਬੇਵਸੀ ਅਤੇ ਖੱਜਲ-ਖੁਆਰੀ ਨੂੰ ਦੇਖਦੇ ਹੋਏ ਪੰਜਾਬ ਸਹਿਕਾਰੀ ਕਰਮਚਾਰੀ ਯੂਨੀਅਨ ਨੇ ਵੱਡਾ ਫ਼ੈਸਲਾ ਲਿਆ ਹੈ | ਜੱਗਾ ਨੇ ਦੱਸਿਆ ਕਿ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਯੂਨੀਅਨ ਵਲੋਂ 7 ਮਈ ਤੋਂ 10 ਮਈ ਤੱਕ ਮੁਕੰਮਲ ਹੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਸਹਿਕਾਰੀ ਕਰਮਚਾਰੀ ਹਮੇਸ਼ਾ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਜਿੰਨਾ ਚਿਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ, ਇਹ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਾਗ਼ਜ਼ਾਂ ਵਿਚ ਤਾਂ ਸਕੇਲ ਵਧਾ ਦਿੱਤੇ ਗਏ ਹਨ, ਪਰ ਜ਼ਮੀਨੀ ਪੱਧਰ 'ਤੇ ਬੈਂਕਾਂ ਵਲੋਂ ਕਿਸਾਨਾਂ ਨੂੰ ਲਾਭ ਨਹੀਂ ਦਿੱਤਾ ਜਾ ਰਿਹਾ | ਇਹ ਕਿਸਾਨਾਂ ਨਾਲ ਸਰਾਸਰ ਧੱਕਾ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਸੰਬੰਧਿਤ ਵਿਭਾਗ ਇਸ ਮਸਲੇ ਨੂੰ ਤੁਰੰਤ ਗੰਭੀਰਤਾ ਨਾਲ ਲੈਣ ਅਤੇ ਜਲਦੀ ਤੋਂ ਜਲਦੀ ਨਵੇਂ ਸਕੇਲ ਆਫ ਫਾਇਨਾਂਸ ਦੇ ਆਧਾਰ 'ਤੇ ਅਦਾਇਗੀ ਯਕੀਨੀ ਬਣਾਉਣ | ਜੇਕਰ ਸਰਕਾਰ ਨੇ ਜਲਦ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਕਿਸਾਨਾਂ ਅਤੇ ਕਰਮਚਾਰੀਆਂ ਦਾ ਗ਼ੁੱਸਾ ਹੋਰ ਪ੍ਰਚੰਡ ਹੋ ਸਕਦਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਮੁਨੀਸ਼ ਸਕੱਤਰ, ਕਰਨਵੀਰ ਸਿੰਘ, ਸਾਬਕਾ ਸਰਪੰਚ ਗੁਰਮੁਖ ਸਿੰਘ, ਸੰਧੂ ਸਿੰਘ ਅਤੇ ਸ਼ਰਨਜੋਤ ਸਿੰਘ ਹਾਜ਼ਰ ਸਨ | ਸਾਰਿਆਂ ਨੇ ਇਕਸੁਰ ਵਿਚ ਕਿਹਾ ਕਿ ਕਿਸਾਨੀ ਨੂੰ ਬਚਾਉਣ ਲਈ ਸਹਿਕਾਰੀ ਅਦਾਰਿਆਂ ਦਾ ਮਜ਼ਬੂਤ ਹੋਣਾ ਅਤੇ ਸਹੀ ਸਮੇਂ 'ਤੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਮਿਲਣਾ ਬਹੁਤ ਜ਼ਰੂਰੀ ਹੈ |
ਪਿਛਲੀ ਖ਼ਬਰ ਪਿੰਡਾਂ ਦੀ ਕਾਇਆਕਲਪ ਲਈ ਨਿੱਠ ਕੇ ਕੰਮ ਕਰਨ ਅਧਿਕਾਰੀ, ਵਿਕਾਸ ਫੰਡਾਂ ਦੀ ਕੋਈ ਕਮੀ ਨਹੀਂ-ਡਾ. ਹਿਮਾਂਸ਼ੂ ਅਗਰਵਾਲ <br/... ਅਗਲੀ ਖ਼ਬਰ ਡਾ. ਦਲਬੀਰ ਸਿੰਘ ਰੰਧਾਵਾ ਨੇ ਕੇਂਦਰੀ ਮੰਤਰੀ ਸਤੀਸ਼ ਕੁਮਾਰ ਦੁਬੇ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।