26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਨਾਜ ਮੰਡੀ 'ਚ ਪਹੁੰਚ ਕੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂ

ਅਜੀਤ ਡੈਸਕ 17-04-2026
ਨਾਭਾ, 16 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਕਾਂਗਰਸ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਅੱਜ ਬਾਅਦ ਦੁਪਹਿਰ ਏਸ਼ੀਆ ਦੀ ਦੂਜੇ ਨੰਬਰ 'ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਵਿਚ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਵਲੋਂ ਮੰਡੀ ਵਿਚ ਪਿਛਲੇ ਕਈ ਦਿਨਾਂ ਤੋਂ ਕਣਕ ਦੀ ਫ਼ਸਲ ਵੇਚਣ ਆਏ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਪੰਜਾਬ ਅੰਦਰ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਬਾਵਜੂਦ ਕਣਕ ਦੀ ਫ਼ਸਲ ਦੀ ਖ਼ਰੀਦ ਨਾ ਹੋਣ ਦੇ ਚੱਲਦਿਆਂ ਜਿੱਥੇ ਕਿਸਾਨ ਮੰਡੀ ਵਿਚ ਖੱਜਲ ਖੁਆਰ ਹੋ ਰਹੇ ਹਨ, ਉੱਥੇ ਮੰਡੀਆਂ ਵਿਚ ਕਿਸਾਨਾਂ ਨੂੰ ਲਾਵਾਰਸ ਕਰ ਦਿੱਤਾ ਗਿਆ ਹੈ ਕਿਉਂ ਜੋ ਇੱਥੇ ਨਾ ਹੀ ਕੋਈ ਖ਼ਰੀਦ ਏਜੰਸੀ ਇੰਸਪੈਕਟਰ ਦਿੱਖ ਰਿਹਾ ਹੈ ਤੇ ਨਾ ਹੀ ਏਜੰਸੀ ਦਾ ਅਧਿਕਾਰੀ ਨਜ਼ਰ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਆੜ੍ਹਤੀਆਂ ਦੇ ਵੀ ਹੱਥ ਖੜੇ੍ਹ ਹਨ | ਧਰਮ ਸੋਤ ਨੇ ਕਿਹਾ ਕਿ ਦੇਸ ਦੇ ਜਿਨ੍ਹਾਂ ਸੂਬਿਆਂ 'ਚ ਭਾਜਪਾ ਦੀ ਸਰਕਾਰ ਹੈ ਉੱਥੇ ਹੀ ਕਣਕ ਦੀ ਖ਼ਰੀਦ ਹੋ ਰਹੀ, ਪੰਜਾਬ ਸਰਕਾਰ ਵਲੋਂ ਮੰਡੀਆਂ ਵਿਚ ਪੁਖ਼ਤਾ ਇੰਤਜ਼ਾਮ ਵੀ ਨਜ਼ਰ ਨਹੀਂ ਆ ਰਹੇ ਹਨ ਜਾਂ ਫਿਰ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਤਕੜੇ ਹੋ ਕੇ ਕੇਂਦਰ ਦੇ ਨਾਲ ਕਿਸਾਨਾਂ ਦੇ ਲਈ ਲੜਾਈ ਲੜਨੀ ਪਵੇਗੀ | ਧਰਮਸੋਤ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਅਸੀਂ ਇਕ ਦੋ ਦਿਨ ਦੇਖਾਂਗੇ ਨਹੀਂ ਤਾਂ ਅਸੀਂ ਫਿਰ ਕਿਸਾਨਾਂ ਦੇ ਨਾਲ ਮਿਲ ਕੇ ਸੜਕਾਂ 'ਤੇ ਉਤਰ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨੇ ਲਾਵਾਂਗੇ |
ਇਸ ਮੌਕੇ ਮੰਡੀ ਦੇ ਆੜ੍ਹਤੀਆ ਅਤੇ ਸਾਬਕਾ ਪ੍ਰਧਾਨ ਇਛਿਆਮਾਨ ਸਿੰਘ ਭੋਜੋ ਮਾਜਰੀ, ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਕੱਲਰ ਮਾਜਰੀ, ਸੰਤੋਖ ਸਿੰਘ ਬੁੱਗਾ, ਸ਼ਹਿਰੀ ਬਲਾਕ ਪ੍ਰਧਾਨ ਵਿਵੇਕ ਸਿੰਗਲਾ, ਸਾਬਕਾ ਪ੍ਰਧਾਨ ਜਤਿੰਦਰ ਸਿੰਘ ਜੱਤੀ ਅਭੇਪੁਰ, ਚਰਨਜੀਤ ਬਾਤਿਸ਼, ਸਵਰਨ ਸਿੰਘ ਰਾਮਗੜ੍ਹ ਕਿਸਾਨ, ਕੁਲਵੀਰ ਸਿੰਘ ਠੇਕੇਦਾਰ, ਅਮਨ ਗੋਇਲ ਅਤੇ ਕਿਸਾਨ ਜਗਸੀਰ ਸਿੰਘ ਨੇ ਕਿਹਾ ਕਿ ਦਾਣਾ ਮੰਡੀ 'ਚ ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਨਾ ਹੋਣ ਕਰਕੇ ਕਿਸਾਨ, ਆੜ੍ਹਤੀਏ, ਮਜ਼ਦੂਰ ਸਭ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਭਾਵੇਂ ਸੂਬਾ ਸਰਕਾਰ ਦੇ ਵੱਡੇ ਦਾਅਵੇ ਸਨ 1 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋਵੇਗੀ, ਦੇ ਬਾਵਜੂਦ ਅੱਜ ਤੱਕ ਮੰਡੀ 'ਚ ਨਾਮਾਤਰ ਹੀ ਕਣਕ ਦੀ ਖ਼ਰੀਦ ਹੋਈ ਹੈ |
ਪਿਛਲੀ ਖ਼ਬਰ ਸਰਕਾਰੀ ਮੈਡੀਕਲ ਕਾਲਜ ਵਲੋਂ ਅੰਬੇਡਕਰ ਜੈਅੰਤੀ ਮੌਕੇ ਖ਼ੂਨਦਾਨ ਕੈਂਪ ਅਗਲੀ ਖ਼ਬਰ ਪਿੰਡ ਧਨੌਰਾ 'ਚ ਕਰਵਾਏ ਦਸਤਾਰਬੰਦੀ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।