04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸ਼ਹਿਰ 'ਚ ਬੇਖ਼ੌਫ ਹੋਏ ਬਦਮਾਸ਼ਾਂ ਘਰ ਦੇ ਅੰਦਰ ਵੜ ਕੇ ਹਥਿਆਰ ਦੀ ਨੋਕ 'ਤੇ ਕੀਤੀ ਲੁੱਟ

ਅਜੀਤ ਡੈਸਕ 05-04-2026
ਰਾਜਪੁਰਾ, 4 ਅਪੈ੍ਰਲ (ਰਣਜੀਤ ਸਿੰਘ)-ਸਥਾਨਕ ਸ਼ਹਿਰ ਵਿਚ ਬਦਮਾਸ਼ ਇਸ ਹੱਦ ਤੱਕ ਬੇਖ਼ੌਫ ਹੋਏ ਪਏ ਹਨ ਕਿ ਘਰਾਂ ਦੇ ਅੰਦਰ ਵੀ ਹੁਣ ਸ਼ਹਿਰ ਵਾਸੀ ਸੁਰੱਖਿਅਤ ਨਹੀਂ ਹਨ | ਬਦਮਾਸ਼ਾਂ ਨੇ ਸ਼ਰੇਆਮ ਘਰ ਦੇ ਅੰਦਰ ਦਾਖਲ ਹੋ ਕੇ ਵਿਅਕਤੀ ਤੋਂ ਹਥਿਆਰ ਦਾ ਡਰਾਵਾ ਦੇ ਕੇ 50 ਹਜ਼ਾਰ ਦੀ ਨਗਦੀ ਲੁੱਟੀ | ਇਸ ਗੱਲ ਨੂੰ ਲੈ ਕੇ ਸ਼ਹਿਰ ਵਾਸੀਆਂ ਦੇ ਅੰਦਰ ਬਦਮਾਸ਼ਾਂ ਦਾ ਭੈਅ ਵਧਦਾ ਜਾ ਰਿਹਾ ਹੈ ਅਤੇ ਖ਼ਾਕੀ ਤੋਂ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਪੁਲਿਸ ਪੈਟਰੋਲਿੰਗ ਸਿਰਫ਼ ਤੇ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੰੂ ਰਜਿੰਦਰ ਕੁਮਾਰ ਉਰਫ਼ ਜਿੰਦਰੀ ਵਾਸੀ ਰਾਜਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਘਰੇ ਦਸ ਕੁ ਵਜੇ ਸੁੱਤਾ ਪਿਆ ਸੀ | ਉਸੇ ਵਕਤ ਦੋ ਮੋਨੇ ਵਿਅਕਤੀ ਉਸ ਦੇ ਘਰ ਵੜ ਗਏ ਅਤੇ ਉਨ੍ਹਾਂ ਨੇ ਨਾ ਤਾਂ ਕਿਸੇ ਨੂੰ ਬੁਲਾਇਆ ਅਤੇ ਨਾ ਹੀ ਕੁੰਡਾ ਹੀ ਖੜਕਾਇਆ | ਉਨ੍ਹਾਂ ਨੇ ਆਉਣ ਸਾਰ ਰਜਿੰਦਰ ਕੁਮਾਰ ਕੋਲੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਅਤੇ ਨਾ ਦੇਣ ਦੀ ਹਾਲਤ ਵਿਚ ਮੌਤ ਦੇ ਘਾਟ ਉਤਾਰ ਦੇਣ ਦੀ ਗੱਲ ਕਹੀ | ਇਸ 'ਤੇ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਡਰ ਗਿਆ ਅਤੇ ਬਾਥਰੂਮ ਦਾ ਬਹਾਨਾ ਲਾ ਕੇ ਜਾਣ ਲੱਗਾ ਪਰ ਬਦਮਾਸ਼ਾਂ ਨੇ ਕਿਹਾ ਕਿ ਜੇਕਰ ਇਕ ਵੀ ਡਿਗ ਪੁੱਟੀ ਤਾਂ ਇਸ ਦਾ ਹਸ਼ਰ ਬਹੁਤ ਬੁਰਾ ਹੋਵੇਗਾ | ਜਦੋਂ ਰਜਿੰਦਰ ਕੁਮਾਰ ਨੇ ਕਿਹਾ ਕਿ ਉਹ ਕਿਸ ਗੱਲ ਦੇ ਇਕ ਲੱਖ ਮੰਗ ਰਹੇ ਹਨ ਜਦ ਕਿ ਉਹ ਤਾਂ ਉਨ੍ਹਾਂ ਨੂੰ ਜਾਣਦਾ ਵੀ ਨਹੀਂ ਹੈ | ਇਸ 'ਤੇ ਘਰ ਆਏ ਬਦਮਾਸ਼ਾਂ ਨੇ ਕਿਸੇ ਵਿਅਕਤੀ ਨਾਲ ਇਹ ਕਹਿ ਕੇ ਗੱਲ ਕਰਵਾਈ ਕਿ ਉਹ ਗੈਂਗਸਟਰ ਹਨ ਅਤੇ ਉਨ੍ਹਾਂ ਦੇ ਬੌਸ ਨਾਲ ਗੱਲ ਕਰ | ਰਜਿੰਦਰ ਕੁਮਾਰ ਨੇ ਪੁਲਿਸ ਨੰੂ ਦੱਸਿਆ ਕਿ ਉਸ ਨੇ ਡਰ ਦੇ ਮਾਰੇ ਨੇ ਘਰੇ ਅਲਮਾਰੀ ਵਿਚ ਪਏ 50 ਹਜਾਰ ਰੁਪਏ ਦੇ ਦਿੱਤੇ | ਇਸ ਤੋਂ ਬਾਅਦ ਬਦਮਾਸ਼ਾਂ ਨੇ ਆਪ ਵੀ ਅਲਮਾਰੀ ਦੀ ਤਸੱਲੀ ਨਾਲ ਤਲਾਸ਼ੀ ਲਈ | ਜਦੋਂ ਹੋਰ ਪੈਸੇ ਨਾ ਮਿਲੇ ਤਾਂ ਬਦਮਾਸ਼ਾਂ ਨੇ ਕਿਹਾ ਕਿ ਉਹ ਬਾਕੀ ਦੇ 50 ਹਜਾਰ ਕਿਸੇ ਹੋਰ ਦਿਨ ਲੈਣ ਆਉਣਗੇ |
ਬਦਮਾਸ਼ਾਂ ਨੇ ਰਜਿੰਦਰ ਕੁਮਾਰ ਨੂੰ ਮੂੰਹ ਬੰਦ ਰੱਖਣ ਲਈ ਕਿਹਾ | ਜਦੋਂ ਰਜਿੰਦਰ ਕੁਮਾਰ ਘਰ ਦੇ ਬਾਹਰ ਨਿਕਲਿਆ ਤਾਂ ਘਰ ਦੇ ਬਾਹਰ ਖੜੀ ਕਾਰ ਵਿਚ ਦੋ ਹੋਰ ਵਿਅਕਤੀ ਖੜੇ ਸਨ | ਪੁਲਿਸ ਨੇ ਇਸ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਘਟਨਾ ਨੂੰ ਲੈ ਕੇ ਸ਼ਹਿਰ ਦੇ ਮੰਨੇ ਪ੍ਰਮੰਨੇ ਵਿਅਕਤੀਆਂ ਦਾ ਕਹਿਣਾ ਹੈ ਕਿ ਪੁਲਿਸ ਦਾ ਡਰ ਭੈਅ ਖ਼ਤਮ ਹੋ ਗਿਆ ਹੈ | ਲੋਕ ਹੁਣ ਆਪਣੇ ਘਰਾਂ ਦੇ ਅੰਦਰ ਵੀ ਸੁਰੱਖਿਅਤ ਨਹੀਂ ਹਨ | ਇਸ 'ਤੇ ਪੁਲਿਸ ਦੀ ਕਾਰ ਗੁਜਾਰੀ ਤੇ ਸਵਾਲੀਆਂ ਚਿੰਨ੍ਹ ਲੱਗ ਗਿਆ ਵਿਖਾਈ ਦੇ ਰਿਹਾ ਹੈ | ਸ਼ਹਿਰ ਵਿਚ ਵਾਪਰ ਰਹੀਆਂ ਘਟਨਾਵਾਂ ਇਸ ਗੱਲ ਦੀ ਨਿਸ਼ਾਨਦੇਹੀ ਕਰਦੀਆਂ ਹਨ ਕਿ ਖ਼ਾਕੀ ਦਾ ਡਰ ਖੰਭ ਲਾ ਕੇ ਕਿਸੇ ਪਾਸੇ ਉੱਡ ਗਿਆ ਹੈ | ਹੁਣ ਬਦਮਾਸ਼ ਬੇਖ਼ੌਫ ਹੋਏ ਪਏ ਹਨ ਅਤੇ ਕਾਨੂੰਨ ਲਾਚਾਰ ਹੋਇਆ ਪਿਆ ਹੈ | ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਪੁਲਿਸ ਘੂਕ ਸੁੱਤੀ ਪਈ ਹੈ ਅਤੇ ਸ਼ਹਿਰ ਵਾਸੀਆਂ ਦੀ ਨੀਂਦ ਉੱਡੀ ਪਈ ਹੈ |
ਪਿਛਲੀ ਖ਼ਬਰ ਬੇਅਦਬੀ ਦੇ ਮਸਲੇ 'ਤੇ ਆਮ ਆਦਮੀ ਪਾਰਟੀ ਤੇ ਕਾਂਗਰਸ 'ਤੇ ਦੋਸ਼— ਸਰਬਜੀਤ ਸਿੰਘ ਝਿੰਜਰ ਅਗਲੀ ਖ਼ਬਰ ਪੰਜਾਬ ਸਰਕਾਰ ਆੜ੍ਹਤੀਆਂ ਨਾਲ ਕੀਤੇ ਵਾਅਦੇ ਭੁੱਲੀ-ਰਿਚੀ ਡਕਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।