08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕੀ 63 ਸਾਲਾਂ ਤੋਂ ਚੱਲਦੇ 2 ਸਰਕਾਰੀ ਸਕੂਲ ਹੋਣਗੇ ਬੰਦ?

ਅਜੀਤ ਡੈਸਕ 04-04-2026
ਪਟਿਆਲਾ, 3 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਅਧੀਨ ਪੈਂਦੇ ਬਲਾਕ-1 ਦੇ ਨਿਰਮਾਣ ਆਸ਼ਰਮ ਸਕੂਲ ਤੇ ਬਲਾਕ-2 ਦੇ ਸਰਕਾਰੀ ਸਕੂਲ ਜਲਾਲਖੇੜਾ ਦੀ ਜ਼ਮੀਨ ਨੂੰ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਖਾਲੀ ਕਰਨ ਦੇ ਹੁਕਮ ਕੀਤੇ ਗਏ ਹਨ | ਉਕਤ ਦੋਵਾਂ ਸਕੂਲਾਂ ਦੀ ਜ਼ਮੀਨ ਰੈੱਡ ਕਰਾਸ ਸੁਸਾਇਟੀ ਦੀ ਦੱਸੀ ਜਾ ਰਹੀ ਹੈ, ਜਿਸ ਕਾਰਨ ਇਹ ਹੁਕਮ ਜਾਰੀ ਕੀਤੇ ਜਾਣ ਬਾਰੇ ਪਤਾ ਲੱਗਾ ਹੈ | ਦੋਵੇਂ ਸਰਕਾਰੀ ਸਕੂਲ ਪਿਛਲੇ 63 ਸਾਲਾਂ ਤੋਂ ਨਿਰਵਿਘਨ ਬੱਚਿਆਂ ਨੂੰ ਪੜ੍ਹਾਈ ਕਰਵਾਉਂਦੇ ਆ ਰਹੇ ਹਨ ਤੇ ਮਿਲੀ ਜਾਣਕਾਰੀ ਅਨੁਸਾਰ ਹੁਣ ਰੈੱਡ ਕਰਾਸ ਵਲੋਂ ਇਨ੍ਹਾਂ ਸਕੂਲਾਂ ਦੀ ਥਾਂ ਉੱਤੇ ਸਿਲਾਈ ਕਢਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਜੇਕਰ ਇਹ ਦੋਵੇਂ ਸਕੂਲ ਸਰਕਾਰ ਵਲੋਂ ਖਾਲੀ ਕਰਵਾਏ ਜਾਂਦੇ ਹਨ ਤਾਂ ਇਨ੍ਹਾਂ ਪੜ੍ਹਨ ਵਾਲੇ ਬੱਚਿਆਂ ਦਾ ਕੀ ਬਣੇਗਾ ਅਤੇ ਉਨ੍ਹਾਂ ਲਈ ਬਦਲਵੇਂ ਪ੍ਰਬੰਧ ਕੀ ਹਨ ਇਸ ਬਾਰੇ ਸਿੱਖਿਆ ਵਿਭਾਗ ਵਲੋਂ ਕਿਸੇ ਪ੍ਰਕਾਰ ਦਾ ਕੋਈ ਵੀ ਬਦਲਵਾਂ ਰਸਤਾ ਨਹੀਂ ਅਪਣਾਇਆ ਗਿਆ | ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜਲਾਲਖੇੜਾ ਸਕੂਲ ਰੈੱਡ ਕਰਾਸ ਨਹੀਂ ਸਗੋਂ ਪੰਜਾਬ ਸਰਕਾਰ ਦੀ ਜ਼ਮੀਨ ਉੱਤੇ ਬਣਿਆ ਹੋਇਆ ਹੈ ਜਿਸ ਨੂੰ ਕੁਝ ਸਮਾਂ ਪਹਿਲਾਂ ਹੀ 7 ਲੱਖ 51 ਹਜ਼ਾਰ ਦੀ ਗਰਾਂਟ ਇਕ ਕਮਰਾ ਬਣਾਉਣ ਲਈ ਭੇਜੀ ਗਈ ਸੀ ਜੋ ਕਿ ਬਣ ਕੇ ਤਿਆਰ ਹੋ ਚੁੱਕਾ ਹੈ | ਇੱਥੇ ਇਹ ਵੀ ਸਾਫ਼ ਕਰਨਾ ਬਣਦਾ ਹੈ ਕਿ ਪਿਛਲੇ ਦੋ ਡਿਪਟੀ ਕਮਿਸ਼ਨਰਾਂ ਵਲੋਂ ਇਕ ਪਾਸੇ ਤਾਂ ਭੱਠੇ ਉੱਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਲਈ 3-3 ਲੱਖ ਖਰਚਾ ਕਰਕੇ ਬੈਂਬ
ੂ ਸਕੂਲ ਬਣਾਏ ਗਏ ਸਨ ਅਤੇ ਹੁਣ ਦੂਜੇ ਪਾਸੇ ਦੋਨਾਂ ਸਕੂਲਾਂ ਦੇ ਲਗਪਗ 94 ਬੱਚਿਆਂ, 4 ਅਧਿਆਪਕਾਂ ਅਤੇ ਮਿਡ-ਡੇ-ਮੀਲ ਵਰਕਰਾਂ ਬਾਰੇ ਸਿੱਖਿਆ ਵਿਭਾਗ ਬਹੁਤਾ ਫਿਕਰ ਕਰਦਾ ਦਿਖਾਈ ਨਹੀਂ ਦਿੰਦਾ | ਇਸ ਸੰਬੰਧੀ ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਮਾਣਾ ਨੇ ਕਿਹਾ ਕਿ ਸਰਕਾਰ ਇਕ ਪਾਸੇ ਸਰਕਾਰੀ ਸਕੂਲਾਂ ਨੂੰ ਉਚਾ ਚੁੱਕਣ ਦੀ ਗੱਲ ਕਰਦੀ ਹੈ ਦੂਜੇ ਪਾਸੇ ਸਕੂਲ ਬੰਦ ਕਰਨ ਵਾਲੇ ਪਾਸੇ ਨੂੰ ਤੁਰ ਪਈ ਹੈ |

ਜਲਾਲਖੇੜਾ ਸਕੂਲ ਬਾਰੇ ਪਤਾ ਨਹੀਂ ਪਰ ਨਿਰਮਾਣ ਆਸ਼ਰਮ ਸਕੂਲ ਨਹੀਂ ਹੋਵੇਗਾ ਬੰਦ- ਐੱਸ.ਡੀ.ਐੱਮ. ਸੋਮਲ
ਇਸ ਸੰਬੰਧੀ ਐੱਸ.ਡੀ.ਐੱਮ. ਅਰਵਿੰਦਰ ਪਾਲ ਸਿੰਘ ਸੋਮਲ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਨਿਰਮਾਣ ਆਸ਼ਰਮ ਸਕੂਲ ਦੇ ਬੰਦ ਹੋਣ ਵਾਲੀ ਗੱਲ ਬਿਲਕੁਲ ਨਹੀਂ ਹੈ | ਨਿਰਮਣ ਆਸ਼ਰਮ ਸਕੂਲ ਰੈੱਡ ਕਰਾਸ ਦੀ ਜਗ੍ਹਾ ਵਿਚ ਹੈ ਅਤੇ ਰੈੱਡ ਕਰਾਸ ਸੁਸਾਇਟੀ ਹੋਣ ਕਾਰਨ ਇਸ ਵਿਚ ਚੱਲਦੇ ਸਕੂਲ ਵਿਚ ਪੰਜਾਬ ਸਰਕਾਰ ਗਰਾਂਟ ਨਹੀਂ ਭੇਜ ਸਕਦੀ | ਸਕੂਲ ਦੀ ਛੱਤ ਕਮਜ਼ੋਰ ਹੋਣ ਕਾਰਨ ਕਿਸੇ ਪ੍ਰਕਾਰ ਦੇ ਹਾਦਸੇ ਤੋਂ ਬਚਣ ਲਈ ਇਸ ਦੀ ਮੁਰੰਮਤ ਕਰਨ ਸੰਬੰਧੀ ਰੈੱਡ ਕਰਾਸ ਨੂੰ ਕਹਿ ਦਿੱਤਾ ਗਿਆ ਹੈ ਅਤੇ ਕਿਸੇ ਵੀ ਹਾਲਤ ਵਿਚ ਨਿਰਮਾਣ ਆਸ਼ਰਮ ਸਕੂਲ ਬੰਦ ਨਹੀਂ ਹੋਵੇਗਾ ਅਤੇ ਕਈ ਮਾਪਿਆਂ ਵਿਚ ਸਕੂਲ ਬੰਦ ਹੋਣ ਨੂੰ ਲੈ ਕੇ ਸਿਰਫ਼ ਭਰਮ ਹੈ | ਇਸ ਸੰਬੰਧੀ ਜਦੋਂ ਐੱਸ.ਡੀ.ਐੱਮ. ਸੋਮਲ ਨਾਲ ਜਲਾਲਖੇੜਾ ਸਕੂਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਸਕੂਲ ਦੇ ਖਾਲੀ ਕਰਵਾਉਣ ਬਾਰੇ ਜਾਣਕਾਰੀ ਨਾ ਹੋਣ ਬਾਰੇ ਕਿਹਾ |
ਪਿਛਲੀ ਖ਼ਬਰ ਬੇਮੌਸਮੀ ਮੀਂਹ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧੀਆਂ, ਪੱਕੀ ਖੜ੍ਹੀ ਕਣਕ ਨੂੰ ਨੁਕਸਾਨ ਦੇ ਖ਼ਦਸ਼ੇ ਅਗਲੀ ਖ਼ਬਰ ਕੁਦਰਤ ਦੀ ਕਰੋਪੀ ਅਤੇ ਮਾੜੇ ਪ੍ਰਬੰਧਾਂ 'ਚ ਰੁੜ੍ਹੀ ਕਿਸਾਨਾਂ ਦੀ ਸੋਨੇ ਵਰਗੀ ਫ਼ਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।