ਸਾਦਿਕ, 2 ਸਤੰਬਰ (ਆਰ.ਐਸ.ਧੁੰਨਾ)-ਤਾਜ ਪਬਲਿਕ ਸਕੂਲ ਜੰਡ ਸਾਹਿਬ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਬਹੁਤ ਵਧੀਆ ਸਥਾਨ ਪ੍ਰਾਪਤ ਕਰ ਰਹੇ ਹਨ। ਸਕੂਲ ਦੀਆਂ ਅੰਡਰ-14 ਲੜਕੀਆਂ ਨੇ ਜ਼ਿਲ੍ਹਾ ਪੱਧਰੀ ਫੁੱਟਬਾਲ ਮੁਕਾਬਲਿਆਂ ਵਿਚ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਜੇਤੂ ਵਿਦਿਆਰਥਣਾਂ ਨੂੰ ਸਕੂਲ ਪੁੱਜਣ ’ਤੇ ਸਕੂਲ ਮੈਨੇਜਮੈਂਟ ਅਤੇ ਸਟਾਫ਼ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫ਼ਲਤਾ ’ਤੇ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਕੇ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਂਅ ਰੋਸ਼ਨ ਕਰਨ ਲਈ ਪ੍ਰੇਰਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਚੇਅਰਪਰਸਨ ਰਮਨਦੀਪ ਕੌਰ, ਸ਼ਮਨਦੀਪ ਕੌਰ, ਫੁੱਟਬਾਲ ਕੌਚ ਰਕੇਸ਼ ਸ਼ਰਮਾ, ਕਰਨਵੀਰ ਸਿੰਘ, ਕ੍ਰਿਕੇਟ ਕੌਚ ਪ੍ਰਦੀਪ ਟੰਡਨ. ਸ਼ਤਰੰਜ ਕੋਚ ਜੈ ਅਬਿਨਾਸ਼ ਸਿੰਘ, ਹਾਕੀ ਕੋਚ ਰਵਿੰਦਰ ਸਿੰਘ ਆਦਿ ਤੋਂ ਇਲਾਵਾ ਸਕੂਲ ਸਟਾਫ਼ ਵੀ ਹਾਜ਼ਰ ਸੀ।