ਅਜਨਾਲਾ ’ਚ ਸਬਜੀ ਮੰਡੀ ਬਾਈਪਾਸ ’ਤੇ ਪਾਈਪ ਲਾਈਨ ਦੇ ਕੰਮ ’ਚ ਦੇਰੀ ਕਾਰਨ ਲੋਕਾਂ ਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਵਧੀਆਂ – ਸੁੱਖ ਔਜਲਾ
ਅਜਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ-ਚੁਗਾਵਾਂ ਰੋਡ ਤੋਂ ਸਬਜ਼ੀ ਮੰਡੀ ਬਾਈਪਾਸ ਰੋਡ ’ਤੇ ਨਗਰ ਪੰਚਾਇਤ ਅਜਨਾਲਾ ਵਲੋਂ ਪਾਣੀ ਦੀ ਨਿਕਾਸੀ ਲਈ ਪਾਈ ਜਾ ਰਹੀ ਪਾਈਪਲਾਈਨ ਦੇ ਕੰਮ ਵਿਚ ਹੋ ਰਹੀ ਦੇਰੀ ਕਾਰਨ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਾਇਜ਼ਾ ਲੈਣ ਲਈ ਅੱਜ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾ ਸੁਖਜਿੰਦਰ ਸਿੰਘ ਸੁੱਖ ਔਜਲਾ ਮੌਕੇ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਸਰਕਾਰ ਅਤੇ ਨਗਰ ਪੰਚਾਇਤ ਦੇ ਕੰਮਕਾਜ ’ਤੇ ਸਵਾਲ ਚੁੱਕੇ ਅਤੇ ਪ੍ਰੋਜੈਕਟ ਦੀ ਗੁਣਵੱਤਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ।
ਅਜਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ-ਚੁਗਾਵਾਂ ਰੋਡ ਤੋਂ ਸਬਜ਼ੀ ਮੰਡੀ ਬਾਈਪਾਸ ਰੋਡ ’ਤੇ ਨਗਰ ਪੰਚਾਇਤ ਅਜਨਾਲਾ ਵਲੋਂ ਪਾਣੀ ਦੀ ਨਿਕਾਸੀ ਲਈ ਪਾਈ ਜਾ ਰਹੀ ਪਾਈਪਲਾਈਨ ਦੇ ਕੰਮ ਵਿਚ ਹੋ ਰਹੀ ਦੇਰੀ ਕਾਰਨ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਾਇਜ਼ਾ ਲੈਣ ਲਈ ਅੱਜ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾ ਸੁਖਜਿੰਦਰ ਸਿੰਘ ਸੁੱਖ ਔਜਲਾ ਮੌਕੇ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਸਰਕਾਰ ਅਤੇ ਨਗਰ ਪੰਚਾਇਤ ਦੇ ਕੰਮਕਾਜ ’ਤੇ ਸਵਾਲ ਚੁੱਕੇ ਅਤੇ ਪ੍ਰੋਜੈਕਟ ਦੀ ਗੁਣਵੱਤਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਖ ਔਜਲਾ ਨੇ ਕਿਹਾ ਕਿ ਬਾਵਾ ਲਾਲ ਦੁਆਰਾ ਜੀ ਦੇ ਮੰਦਰ ਤੋਂ ਰਮਦਾਸ ਰੋਡ ਅਤੇ ਮਾਤਾ ਰਾਣੀ ਮੰਦਰ ਨੇੜਿਓਂ ਚੁਗਾਵਾਂ ਰੋਡ ਨੂੰ ਜੋੜਨ ਵਾਲੇ ਬਾਈਪਾਸ ਤੇ ਚੱਲ ਰਹੇ ਕੰਮ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਈਪਲਾਈਨ ਪਾਉਣ ਲਈ ਸੜਕ ਦਾ ਸੀਮਤ ਹਿੱਸਾ ਕੱਟ ਕੇ ਕੰਮ ਕੀਤਾ ਜਾ ਸਕਦਾ ਸੀ ਤਾਂ ਪੂਰੇ ਬਾਈਪਾਸ ਨੂੰ ਪੁੱਟਣ ਦੀ ਲੋੜ ਕਿਉਂ ਪਈ ? ਉਨ੍ਹਾਂ ਸਵਾਲ ਕੀਤਾ ਕਿ ਜਦੋਂ ਫੰਡਾਂ ਦੀ ਉਪਲਬਧਤਾ ਬਾਰੇ ਹੀ ਯਕੀਨ ਨਹੀਂ ਸੀ ਤਾਂ ਇੰਨੇ ਵੱਡੇ ਰਸਤੇ ’ਤੇ ਕੰਮ ਸ਼ੁਰੂ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਵਿਚ ਕਿਉਂ ਪਾਇਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਪਾਈਪਾਂ ਦੀ ਗੁਣਵੱਤਾ ਸੰਬੰਧੀ ਸ਼ੰਕੇ ਹਨ ਅਤੇ ਇਸ ਪੂਰੇ ਕੰਮ ਦੀ ਤਕਨੀਕੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਵਿਜੀਲੈਂਸ ਜਾਂਚ ਕਰਵਾਈ ਜਾਣੀ ਚਾਹੀਦੀ ਹੈ । ਉਨ੍ਹਾਂ ਦਸ਼ਮੇਸ਼ ਕਾਲੋਨੀ ਦੀਆਂ ਗਲੀਆਂ ਵਿਚ ਸੀਵਰੇਜ ਪਾਉਣ ਤੋਂ ਬਾਅਦ ਸੜਕਾਂ ਦੀ ਮੁਰੰਮਤ ਦੇ ਕੰਮ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਲੋਕਾਂ ਨੂੰ ਆਪਣੇ ਪੱਧਰ ’ਤੇ ਮਿੱਟੀ ਪਾ ਕੇ ਰਾਹ ਚੱਲਣ ਯੋਗ ਬਣਾਉਣੇ ਪੈ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੰਮ ਨੂੰ ਪਹਿਲ ਦੇ ਆਧਾਰ ’ਤੇ ਤੇਜ਼ੀ ਨਾਲ ਅਤੇ ਮਿਆਰੀ ਢੰਗ ਨਾਲ ਮੁਕੰਮਲ ਕਰਨ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਅਗਲੇ ਹਫ਼ਤੇ ਵੱਡੇ ਪੱਧਰ ’ਤੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਐਡਵੋਕੇਟ ਸੰਦੀਪ ਕੌਸ਼ਲ ਅਤੇ ਨੌਜਵਾਨ ਆਗੂ ਜਸਕਰਨ ਸਿੰਘ ਗੁੱਝਾਪੀਰ ਤੇ ਸਥਾਨਕ ਲੋਕ ਤੇ ਦੁਕਾਨਦਾਰ ਹਾਜ਼ਰ ਸਨ।