ਮੁਲਾਜ਼ਮ ਮੰਗਾਂ ਅਣਗੌਲੀਆਂ ਕੀਤੀਆਂ ਤਾਂ 2027 ’ਚ ਦੇਵਾਂਗੇ ਜਵਾਬ : ਰੋਡਵੇਜ਼ ਯੂਨੀਅਨ
ਨੰਗਲ, 18 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ਟਰਾਂਸਪੋਰਟ ਵਰਕਰ ਯੂਨੀਅਨ (ਏਟਕ) ਦੀ ਅਹਿਮ ਮੀਟਿੰਗ ਨੰਗਲ ਡਿਪੂ ਵਿਖੇ ਪ੍ਰਧਾਨ ਮੁਖਤਿਆਰ ਚੰਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ, ਕਿਸਾਨ ਵਿਰੋਧੀ, ਮਹਿੰਗਾਈ, ਬੇਰੁਜ਼ਗਾਰੀ ਵਿਰੋਧੀ ਨੀਤੀਆਂ ਦੀ ਸਖਤ ਆਲੋਚਨਾ ਕੀਤੀ ਗਈ।
ਨੰਗਲ, 18 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ਟਰਾਂਸਪੋਰਟ ਵਰਕਰ ਯੂਨੀਅਨ (ਏਟਕ) ਦੀ ਅਹਿਮ ਮੀਟਿੰਗ ਨੰਗਲ ਡਿਪੂ ਵਿਖੇ ਪ੍ਰਧਾਨ ਮੁਖਤਿਆਰ ਚੰਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ, ਕਿਸਾਨ ਵਿਰੋਧੀ, ਮਹਿੰਗਾਈ, ਬੇਰੁਜ਼ਗਾਰੀ ਵਿਰੋਧੀ ਨੀਤੀਆਂ ਦੀ ਸਖਤ ਆਲੋਚਨਾ ਕੀਤੀ ਗਈ। ਇਸ ਦੌਰਾਨ ਯੂਨੀਅਨ ਆਗੂਆਂ ਨੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਸਬੰਧੀ ਸਰਕਾਰ ਤੋਂ ਤੁਰੰਤ ਫ਼ੈਸਲੇ ਲੈਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਰੋਡਵੇਜ਼ ਵਿਚ ਨਵੀਆਂ ਬੱਸਾਂ ਪਾ ਕੇ ਫਲੀਟ ਪੂਰਾ ਕੀਤਾ ਜਾਵੇ ਅਤੇ ਕਿੱਲੋਮੀਟਰ ਸਕੀਮ ਤਹਿਤ ਚੱਲ ਰਿਹਾ ਠੇਕਾ ਸਿਸਟਮ ਤੇ ਆਊਟਸੋਰਸਿੰਗ ਪ੍ਰਥਾ ਖ਼ਤਮ ਕੀਤੀ ਜਾਵੇ। ਉਨ੍ਹਾਂ 2004 ਤੋਂ ਬੰਦ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣ। ਮੀਟਿੰਗ ਵਿਚ ਪੈਨਸ਼ਨਰਾਂ ਦਾ 2016 ਤੋਂ ਬਕਾਇਆ 2.59 ਦਾ ਏਰੀਅਰ ਅਤੇ ਡੀ.ਏ. ਦੀਆਂ ਰੋਕੀਆਂ ਕਿਸ਼ਤਾਂ ਇਕੋ ਕਿਸ਼ਤ ਵਿਚ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਡਿਪੂਆਂ ਵਿਚ ਖੜ੍ਹੀਆਂ ਬੱਸਾਂ ਨੂੰ ਸੜਕਾਂ ’ਤੇ ਲਿਆਉਣ ਲਈ ਟਾਇਰ, ਬੈਟਰੀਆਂ ਅਤੇ ਸਪੇਅਰ ਪਾਰਟਸ ਦਾ ਤੁਰੰਤ ਪ੍ਰਬੰਧ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਯੂਨੀਅਨ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ, ਕਿਸਾਨਾਂ ਅਤੇ ਬੇਰੁਜ਼ਗਾਰਾਂ ਨਾਲ ਸਬੰਧਿਤ ਨੀਤੀਆਂ ’ਤੇ ਚਰਚਾ ਕਰਦਿਆਂ ਪਿਛਲੇ ਸੰਘਰਸ਼ਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਲਾਜ਼ਮ ਆਪਣੇ ਰੋਸ ਦਾ ਪ੍ਰਗਟਾਵਾ ਕਰਨਗੇ। ਇਸ ਮੌਕੇ ਜਨਰਲ ਸਕੱਤਰ ਜਤਿੰਦਰ ਸਿੰਘ ਸੋਹਲ, ਸੇਵਾ ਸਿੰਘ, ਤਰਸੇਮ ਲਾਲ, ਰਣਜੀਤ ਸਿੰਘ, ਗੁਰਨਾਮ ਸਿੰਘ, ਸਿਕੰਦਰ ਸਿੰਘ, ਅਜਮੇਰ ਸਿੰਘ, ਲਖਵਿੰਦਰ ਸਿੰਘ, ਮੋਹਨ ਸਿੰਘ, ਕਰਮਜੀਤ ਸਿੰਘ, ਮਹਿੰਗਾ ਸਿੰਘ ਸ਼ੇਰ ਸਿੰਘ, ਸੁਰਿੰਦਰ ਸਿੰਘ, ਗਿਆਨ ਸਿੰਘ ਰਾਮ, ਪਿਆਰਾ ਦਿਆ ਰਾਮ ਬੱਗਾ ਸਿੰਘ, ਜਮੀਤ ਸਿੰਘ, ਬੇਦ ਬਿਆਸ ਪਵਨ ਕੁਮਾਰ, ਦੀਦਾਰ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਜੁਗਰਾਜ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਆਦਿ ਕਾਰਕੁੰਨ ਹਾਜ਼ਰ ਸਨ।