ਡੇਢ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਜਲ ਸਰੋਤ ਮਿਊਜ਼ੀਅਮ ਦਾ ਵਿਧਾਇਕ ਦਿਨੇਸ਼ ਚੱਢਾ ਨੇ ਰੱਖਿਆ ਨੀਂਹ ਪੱਥਰ
ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)- ਰੂਪਨਗਰ ਸ਼ਹਿਰ ਵਿਚ ਲਗਪਗ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਜਲ ਸਰੋਤ ਮਿਊਜ਼ੀਅਮ ਦੇ ਨਿਰਮਾਣ ਕਾਰਜ ਦਾ ਅੱਜ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਨੀਂਹ ਪੱਥਰ ਰੱਖ ਕੇ ਆਗਾਜ਼ ਕਰਵਾਇਆ। ਇਹ ਮਿਊਜ਼ੀਅਮ ਵਿਧਾਇਕ ਵਲੋਂ ਪੰਜਾਬ ਸਰਕਾਰ ਅੱਗੇ ਰੱਖੀ ਮੰਗ ਤਹਿਤ ਸਥਾਪਿਤ ਕੀਤਾ ਜਾ ਰਿਹਾ ਹੈ।
ਰ
ਰੂਪਨਗਰ ਵਿਖੇ ਜਲ ਸਰੋਤ ਮਿਊਜ਼ੀਅਮ ਦਾ ਨੀਂਹ ਪੱਥਰ ਰੱਖ ਕੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਂਦੇ ਹੋਏ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੇ ਸਾਥੀਆਂ ਨਾਲ ਜਾਣਕਾਰੀ ਦੇਣ ਮੌਕੇ।
19-08-2026
ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)- ਰੂਪਨਗਰ ਸ਼ਹਿਰ ਵਿਚ ਲਗਪਗ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਜਲ ਸਰੋਤ ਮਿਊਜ਼ੀਅਮ ਦੇ ਨਿਰਮਾਣ ਕਾਰਜ ਦਾ ਅੱਜ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਨੀਂਹ ਪੱਥਰ ਰੱਖ ਕੇ ਆਗਾਜ਼ ਕਰਵਾਇਆ। ਇਹ ਮਿਊਜ਼ੀਅਮ ਵਿਧਾਇਕ ਵਲੋਂ ਪੰਜਾਬ ਸਰਕਾਰ ਅੱਗੇ ਰੱਖੀ ਮੰਗ ਤਹਿਤ ਸਥਾਪਿਤ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਵੀ ਇਸ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਸੀ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਰੂਪਨਗਰ ਦੀ ਧਰਤੀ ਦਾ ਸਤਲੁਜ ਦਰਿਆ ਅਤੇ ਪੰਜਾਬ ਦੀ ਸਿੰਚਾਈ ਪ੍ਰਣਾਲੀ ਦੇ ਵਿਕਾਸ ਨਾਲ ਡੂੰਘਾ ਇਤਿਹਾਸਕ ਸਬੰਧ ਹੈ। ਇਸ ਲਈ ਜਲ ਸਰੋਤ ਮਿਊਜ਼ੀਅਮ ਦੀ ਸਥਾਪਨਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਜਲ ਇਤਿਹਾਸ, ਤਕਨੀਕੀ ਵਿਰਾਸਤ ਅਤੇ ਨਹਿਰੀ ਪ੍ਰਣਾਲੀ ਨਾਲ ਜੋੜਨ ਵੱਲ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਮਿਊਜ਼ੀਅਮ ਵਿਚ ਰੂਪਨਗਰ ਤੇ ਸਤਲੁਜ ਦਰਿਆ ਦੇ ਇਤਿਹਾਸਕ ਮਹੱਤਵ ਤੋਂ ਇਲਾਵਾ ਪੰਜਾਬ ਦੀ ਵੱਖ-ਵੱਖ ਨਹਿਰੀ ਪ੍ਰਣਾਲੀ, ਜਲ ਪ੍ਰਬੰਧਨ ਤਕਨੀਕਾਂ ਅਤੇ ਸੰਰਚਨਾਵਾਂ ਬਾਰੇ ਜਾਣਕਾਰੀ ਪ੍ਰਦਰਸ਼ਿਤ ਕੀਤੀ ਜਾਵੇਗੀ। ਭਾਖੜਾ ਡੈਮ ਤੋਂ ਲੈ ਕੇ ਪੰਜਾਬ ਦੇ ਨਹਿਰੀ ਨੈੱਟਵਰਕ ਤੱਕ ਜਲ ਸਰੋਤਾਂ ਦੇ ਵਿਕਾਸ ਦੀ ਯਾਤਰਾ ਨੂੰ ਤਕਨੀਕੀ ਤੇ ਵਿਜ਼ੂਅਲ ਢੰਗ ਨਾਲ ਦਰਸਾਇਆ ਜਾਵੇਗਾ। ਵਿਧਾਇਕ ਨੇ ਕਿਹਾ ਕਿ ਨਹਿਰਾਂ ਦੀ ਇੰਜੀਨੀਅਰਿੰਗ ਸੰਰਚਨਾ, ਜਲ ਵੰਡ ਪ੍ਰਣਾਲੀ, ਸਿੰਚਾਈ ਨੈੱਟਵਰਕ, ਡੈਮਾਂ ਅਤੇ ਨਹਿਰੀ ਢਾਂਚਿਆਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਨਾਲ ਆਮ ਲੋਕਾਂ ਨੂੰ ਜਲ ਸਰੋਤਾਂ ਦੀ ਮਹੱਤਤਾ ਸਮਝਣ ਵਿਚ ਮਦਦ ਮਿਲੇਗੀ ਅਤੇ ਵਿਦਿਆਰਥੀਆਂ ਲਈ ਇਹ ਵਿਸ਼ੇਸ਼ ਵਿੱਦਿਅਕ ਸਰੋਤ ਵਜੋਂ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਮਿਊਜ਼ੀਅਮ ਪੰਜਾਬ ਦੀ ਜਲ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਸੈਰ-ਸਪਾਟੇ ਅਤੇ ਵਿੱਦਿਅਕ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕਰੇਗਾ। ਇਹ ਪੰਜਾਬ ਦੇ ਜਲ ਸਰੋਤਾਂ ਦੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਸਮਝਣ ਲਈ ਮਹੱਤਵਪੂਰਨ ਕੇਂਦਰ ਵਜੋਂ ਵਿਕਸਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਤੇ ਆਰਥਿਕਤਾ ਵਿਚ ਨਹਿਰੀ ਪਾਣੀ ਦੀ ਭੂਮਿਕਾ ਅਹਿਮ ਰਹੀ ਹੈ। ਜਲ ਸਰੋਤਾਂ ਨਾਲ ਜੁੜੀ ਵਿਰਾਸਤ ਨੂੰ ਆਧੁਨਿਕ ਤਕਨੀਕ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ। ਮਿਊਜ਼ੀਅਮ ਦਾ ਨਿਰਮਾਣ ਤੈਅ ਮਾਪਦੰਡਾਂ ਅਨੁਸਾਰ ਮੁਕੰਮਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਰਾਜੂ ਸਤਿਆਲ, ਸੰਗੀਤਾ ਕਾਲੀਆ, ਸੁਰਜੀਤ ਕੌਰ, ਪ੍ਰਵੀਨ ਸਿੰਘ, ਅੰਮ੍ਰਿਤਪਾਲ ਸਿੰਘ ਸੋਨੂੰ, ਸੰਤੋਸ਼ ਕੁਮਾਰੀ, ਸੁਖਜਿੰਦਰ ਫ਼ੌਜੀ, ਕਿਰਨ ਸੋਨੀ, ਗੁਰਵਿੰਦਰ ਸਿੰਘ ਜੱਗੀ, ਆੜ੍ਹਤੀ ਅਵਤਾਰ ਸਿੰਘ, ਸੁਰਿੰਦਰ ਕੌਰ, ਜਗਮੋਹਣ ਕੌਰ, ਤਰਨਜੀਤ ਕੌਰ ਸਤਿਆਲ ਸਾਰੇ ‘ਆਪ’ ਕੌਂਸਲਰ, ਚੌਧਰੀ ਹੁਸਨ ਲਾਲ ਚੌਹਾਨ, ਚੇਤਨ ਕਾਲੀਆ, ਪਰਮਿੰਦਰ ਬਾਲਾ, ਸ਼ਿਵ ਕੁਮਾਰ ਲਾਲਪੁਰਾ, ਭਾਗ ਸਿੰਘ ਮਦਾਨ, ਬਨਵਾਰੀ ਲਾਲ ਮੱਟੂ, ਦੇਸਰਾਜ ਸੈਣੀ, ਲਲਿਤ ਡਕਾਲਾ, ਚੇਅਰਮੈਨ ਮਲਕੀਤ ਸਿੰਘ ਭੰਗੂ ਤੇ ਵਿਭਾਗ ਦੇ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।