04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਮਨੀਸ਼ ਸਿਸੋਦੀਆ ਵਲੋਂ ਰੂਪਨਗਰ ਆਈ. ਏ. ਐਸ. ਅਕੈਡਮੀ ਦਾ ਉਦਘਾਟਨ

ਅਜੀਤ ਡੈਸਕ 28-07-2026
ਰੂਪਨਗਰ, 27 ਜੁਲਾਈ (ਯਸ਼ਵੰਤ ਬੱਸੀ)- ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਦੇ ਨਾਲ ਸਰਕਾਰੀ ਬਹੁਤਕਨੀਕੀ ਕਾਲਜ ਰੂਪਨਗਰ ਵਿਖੇ ਸਥਾਪਿਤ ਪ੍ਰਸ਼ਾਸਕੀ ਸੇਵਾਵਾਂ ਨਾਲ ਸੰਬੰਧਿਤ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਲਈ ਰੂਪਨਗਰ ਆਈ. ਏ. ਐੱਸ. ਅਕੈਡਮੀ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਉਹ ਤਾਕਤ ਹੈ ਜੋ ਨਾ ਸਿਰਫ਼ ਵਿਅਕਤੀ ਦੀ ਕਿਸਮਤ ਬਦਲਦੀ ਹੈ, ਸਗੋਂ ਸਮਾਜ ਅਤੇ ਦੇਸ਼ ਦੀ ਦਿਸ਼ਾ ਵੀ ਨਿਰਧਾਰਤ ਕਰਦੀ ਹੈ। ਉੱਚ ਪੱਧਰੀ ਸਿੱਖਿਆ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਗੁਣਵੱਤਾ ਵਾਲੀ ਸਿੱਖਿਆ ਹਾਸਲ ਕਰਨਾ ਹਰ ਵਿਦਿਆਰਥੀ ਦਾ ਅਧਿਕਾਰ ਹੈ, ਜਿਸ ਲਈ ਰੂਪਨਗਰ ਦੇ ਵਿਦਿਆਰਥੀਆਂ ਲਈ ਵਿਧਾਇਕ ਦਿਨੇਸ਼ ਚੱਢਾ ਵਲੋਂ ਵਿਲੱਖਣ ਪਹਿਲ ਕਰਦੇ ਹੋਏ ਇਸ ਅਕੈਡਮੀ ਦੀ ਸ਼ੁਰੂਆਤ ਕੀਤੀ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ, ਪੰਜਾਬ ਸਿਵਲ ਸੇਵਾ, ਭਾਰਤੀ ਪੁਲਿਸ ਸੇਵਾ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਸਫ਼ਲਤਾ ਹਾਸਲ ਕਰਨ ਲਈ ਦ੍ਰਿੜ੍ਹ ਇਰਾਦੇ ਦੇ ਨਾਲ-ਨਾਲ ਉੱਚ ਪੱਧਰੀ ਮਾਰਗਦਰਸ਼ਨ, ਮਿਆਰੀ ਅਧਿਐਨ ਸਮਗਰੀ ਅਤੇ ਪ੍ਰਤੀਯੋਗੀ ਮਾਹੌਲ ਵਾਲੇ ਕੋਚਿੰਗ ਸੈਂਟਰ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੋਚਿੰਗ ਸੈਂਟਰਾਂ ਵਿਖੇ ਸਿੱਖਿਆ ਹਾਸਲ ਕਰਨ ਲਈ ਨੌਜਵਾਨਾਂ ਨੂੰ ਵੱਡੇ ਸ਼ਹਿਰਾਂ ਦਾ ਰੁਖ ਕਰਨਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ’ਤੇ ਵਾਧੂ ਆਰਥਿਕ ਬੋਝ ਪੈਂਦਾ ਹੈ ਅਤੇ ਆਮ ਘਰਾਂ ਅਤੇ ਲੋੜਵੰਦ ਪਰਿਵਾਰਾਂ ਦੇ ਬੱਚੇ ਇਹ ਵਿਸ਼ੇਸ਼ ਸਿੱਖਿਆ ਤੱਕ ਹਾਸਲ ਨਹੀਂ ਕਰ ਪਾਉਂਦੇ। ਹੁਣ ਰੂਪਨਗਰ ਆਈ. ਏ. ਐੱਸ. ਅਕੈਡਮੀ ਦੀ ਸਥਾਪਨਾ ਨਾਲ ਜ਼ਿਲ੍ਹੇ ਅਤੇ ਆਸ-ਪਾਸ ਦੇ ਖੇਤਰਾਂ ਦੇ ਨੌਜਵਾਨਾਂ ਨੂੰ ਆਪਣੇ ਹੀ ਸ਼ਹਿਰ ਵਿੱਚ ਮਿਆਰੀ ਕੋਚਿੰਗ, ਤਜਰਬੇਕਾਰ ਫੈਕਲਟੀ ਦੀ ਰਹਿਨੁਮਾਈ, ਆਧੁਨਿਕ ਅਧਿਐਨ ਸਮੱਗਰੀ, ਨਿਯਮਿਤ ਟੈਸਟ ਸਿਰੀਜ਼ ਅਤੇ ਪ੍ਰਤੀਯੋਗੀ ਮਾਹੌਲ ਉਪਲਬਧ ਹੋਵੇਗਾ। ਇਸ ਮੌਕੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਰੂਪਨਗਰ ਆਈ.ਏ.ਐਸ. ਅਕੈਡਮੀ ਜ਼ਿਲ੍ਹੇ ਦੇ ਨੌਜਵਾਨਾਂ ਲਈ ਇਕ ਇਤਿਹਾਸਕ ਅਤੇ ਦੂਰਅੰਦੇਸ਼ੀ ਪਹਿਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਿੱਖਿਆ ਨੂੰ ਹਰ ਵਰਗ ਦੇ ਨੌਜਵਾਨ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਮੌਕੇ ਅਭੀਸ਼ੇਕ ਐਜੂਕੇਸ਼ਨਲ ਸਰਵਿਸਿਜ਼ ਚੰਡੀਗੜ੍ਹ ਦੇ ਐੱਮ. ਡੀ. ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਯੂ.ਪੀ.ਐਸ.ਈ. ਦੀ ਕਠਿਨ ਪ੍ਰੀਖਿਆਵਾਂ ਲਈ ਉਚ ਪੱਧਰੀ ਅਤੇ ਗੁਣਵੱਤਾ ਭਰਪੂਰ ਸਿੱਖਿਆ ਰੂਪਨਗਰ ਆਈ .ਏ. ਐੱਸ. ਅਕੈਡਮੀ ਵਿਚ ਮੁਹੱਈਆ ਕਰਵਾਈ ਜਾਵੇਗੀ। ਵਿਦਿਆਰਥੀਆਂ ਨੂੰ ਅਕੈਡਮੀ ਦੇ ਨਾਲ਼-ਨਾਲ਼ ਆਨਲਾਈਨ ਕਲਾਸਾਂ ਵੀ ਦਿੱਤੀਆਂ ਜਾਣਗੀਆਂ ਤਾਂ ਜੋ ਦੂਰ-ਦੁਰਾਡੇ ਅਤੇ ਕੰਮਕਾਜ ਕਰਨ ਵਾਲੇ ਵਿਦਿਆਰਥੀ ਵੀ ਕੋਚਿੰਗ ਲੈਣ ਤੋਂ ਵਾਂਝੇ ਨਾ ਰਹਿ ਜਾਣ। ਇਸ ਮੌਕੇ ਇੰਦਰਜੀਤ ਸਿੰਘ ਬਾਲਾ ਨੇ ਮਨੀਸ਼ ਸਿਸੋਦੀਆ ਨੂੰ ਉਨ੍ਹਾਂ ਦੀ ਪੇਂਟਿੰਗ ਵੀ ਭੇਟ ਕੀਤੀ ਅਤੇ ਸਿੱਖਿਆ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ, ਐਸ.ਪੀ. ਅਰਵਿੰਦ ਮੀਨਾ, ਸ੍ਰੀਮਤੀ ਨਿਸ਼ਾ ਚੱਢਾ, ਅਕੈਡਮੀ ਦੀ ਸਥਾਪਨਾ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀ ਇਸ ਸਹਿਯੋਗੀ ਟੀਮ ਵਿਚ ਡਾ. ਆਰ.ਐਸ. ਪਰਮਾਰ, ਅਮਰਜੀਤ ਸਿੰਘ ਸੈਣੀ, ਡਾ. ਰਾਜੀਵ ਅਗਰਵਾਲ, ਡਾ. ਜਗਦੀਪ ਚੌਧਰੀ, ਡਾ. ਜੇ. ਪੀ. ਐਸ. ਸਾਂਘਾ, ਡਾ. ਪਵਨ ਸ਼ਰਮਾ, ਡਾ. ਆਰਤੀ ਵਰਮਾ, ਡਾ. ਬਜਿੰਦਰਾ ਸਿੰਘ, ਰਾਜਿੰਦਰ ਰਾਣਾ, ਜਤਿੰਦਰ ਸਿੰਘ, ਡਾ. ਜੀ. ਕੇ. ਜੱਗੀ, ਰਾਕੇਸ਼ ਜਿੰਦਲ, ਗੁਰਪ੍ਰੀਤ ਕੋਹਲੀ, ਐਡਵੋਕੇਟ ਤਰੁਣ ਖੰਨਾ, ਮਲੀਨ ਸਿੰਘ, ਕੁਲਤਾਰ ਸਿੰਘ, ਅਮਿਤ ਜਿੰਦਲ, ਪ੍ਰਿੰਸੀਪਲ ਡਾ. ਨਵਨੀਤ ਵਾਲੀਆ ਤੋਂ ਇਲਾਵਾ ਅਧਿਆਪਕ, ਵਿਦਿਆਰਥੀ ਅਤੇ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਪਾਵਰਕਾਮ ਮੁਲਾਜ਼ਮਾਂ ਦੀ ਹੜਤਾਲ ਖਤਮ, ਖਪਤਕਾਰਾਂ ਨੇ ਲਿਆ ਸੁੱਖ ਦਾ ਸਾਹ ਅਗਲੀ ਖ਼ਬਰ ਜਾਅਲੀ ਏ. ਸੀ. ਕੇ. ਨੰਬਰ ਤੇ ਮੋਬਾਈਲ ਐਪ ਰਾਹੀਂ ਦੋ ਵਿਅਕਤੀਆਂ ਨਾਲ 4.13 ਲੱਖ ਦੀ ਸਾਈਬਰ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।