09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਮੀਰੀ- ਪੀਰੀ ਸੰਸਥਾਨ ਵਿਚ 220 ਕਰੋੜ ਰੁਪਏ ਦੇ ਬਜਟ ਦਾ ਭਰਮ ਫੈਲਾ ਕੇ ਸੰਗਤ ਨੂੰ ਡਰਾਇਆ ਜਾ ਰਿਹਾ- ਜਥੇਦਾਰ ਦਾਦੂਵਾਲ

ਅਜੀਤ ਡੈਸਕ 27-07-2026
ਚੰਡੀਗੜ੍ਹ, 26 ਜੁਲਾਈ (ਰਾਮ ਸਿੰਘ ਬਰਾੜ)- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਦੋਸ਼ ਲਗਾਇਆ ਕਿ ਐਸ.ਜੀ.ਪੀ.ਸੀ. ਅਤੇ ਮੀਰੀ-ਪੀਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦੇ ਮੌਜੂਦਾ ਟਰੱਸਟ ਨਾਲ ਜੁੜੇ ਕੁਝ ਲੋਕ ਇਹ ਭਰਮ ਫੈਲਾ ਰਹੇ ਹਨ ਕਿ ਮੈਡੀਕਲ ਕਾਲਜ ਨੂੰ ਚਲਾਉਣ ਲਈ 220 ਕਰੋੜ ਰੁਪਏ ਦੇ ਬਜਟ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਮਕਸਦ ਸੰਗਤ ਅਤੇ ਐਚਐਸਜੀਐਮਸੀ ਦੇ ਮੈਂਬਰਾਂ ਨੂੰ ਡਰਾਉਣਾ ਹੈ, ਪਰ ਹੁਣ ਸੰਗਤ ਅਤੇ ਮੈਂਬਰ ਅਜਿਹੀਆਂ ਸਾਜ਼ਿਸ਼ਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਇਹ ਪ੍ਰਚਾਰ ਕੀਤਾ ਜਾਂਦਾ ਸੀ ਕਿ ਹਰਿਆਣਾ ਦੇ ਗੁਰਦੁਆਰਿਆਂ ਦਾ ਸੰਚਾਲਨ ਪੰਜਾਬ ਤੋਂ ਆਉਣ ਵਾਲੇ ਪੈਸਿਆਂ ਨਾਲ ਹੁੰਦਾ ਹੈ, ਪਰ ਐਚ.ਐਸ.ਜੀ.ਐਮ.ਸੀ ਦੇ ਗਠਨ ਅਤੇ ਬਜਟ ਸਾਹਮਣੇ ਆਉਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਹਰਿਆਣਾ ਦੇ ਗੁਰਦੁਆਰੇ ਆਪਣੇ ਸਰੋਤਾਂ ਨਾਲ ਸੰਚਾਲਨ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ ਅਤੇ ਉਨ੍ਹਾਂ ਨੂੰ ਕਿਸੇ ਹੋਰ ਸੂਬੇ ਤੋਂ ਆਰਥਿਕ ਸਹਾਇਤਾ ਦੀ ਲੋੜ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੀਰੀ-ਪੀਰੀ ਸੰਸਥਾਨ ਵੀ ਘਾਟੇ ਵਿੱਚ ਨਹੀਂ ਹੈ। ਕੁਝ ਲੋਕ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਐਚ.ਐਸ.ਜੀ.ਐਮ.ਸੀ. ਇਸ ਸੰਸਥਾਨ ਨੂੰ ਨਹੀਂ ਚਲਾ ਸਕੇਗੀ, ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੰਸਥਾਨ ਦੇ ਕਰਮਚਾਰੀਆਂ ਨੇ ਵੀ ਪਿਛਲੇ ਦਿਨੀਂ ਉਨ੍ਹਾਂ ਨੂੰ ਸੀ.ਈ.ਓ. ਚੀਮਾ ਅਤੇ ਟਰੱਸਟੀਆਂ ਦੇ ਇਰਾਦਿਆਂ ਬਾਰੇ ਜਾਣੂ ਕਰਵਾਇਆ ਹੈ।
ਜਥੇਦਾਰ ਦਾਦੂਵਾਲ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਐਚ.ਐਸ.ਜੀ.ਐਮ.ਸੀ. ਇਸ ਸੰਸਥਾਨ ਦਾ ਸੰਚਾਲਨ ਕਰਨ ਵਿਚ ਅਸਮਰੱਥ ਰਹਿੰਦੀ ਹੈ ਤਾਂ ਉਨ੍ਹਾਂ ਦਾ ਟਰੱਸਟ ਖੁਦ ਇਸ ਸੰਸਥਾਨ ਦਾ ਸੰਚਾਲਨ ਕਰੇਗਾ । ਉਨ੍ਹਾਂ ਕਿਹਾ, “ਮੈਂ ਜ਼ਮੀਨ ਨਾਲ ਜੁੜਿਆ ਹੋਇਆ ਵਿਅਕਤੀ ਹਾਂ ਅਤੇ ਗਰਾਊਂਡ ’ਤੇ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਸੰਗਤ ਦੇ ਸਾਹਮਣੇ ਕੋਈ ਬਿਆਨ ਦਿੰਦਾ ਹਾਂ।” ਉਨ੍ਹਾਂ ਕਿਹਾ ਕਿ ਸੰਸਥਾਨ ਦੇ ਹਾਲਾਤ ਖਰਾਬ ਕਰਨ ਲਈ ਜੋ ਵੀ ਲੋਕ ਜ਼ਿੰਮੇਵਾਰ ਪਾਏ ਗਏ, ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਪਿਛਲੀ ਖ਼ਬਰ ਡੱਡੂਮਾਜਰਾ ’ਚ ਕਾਰ ਦੀ ਭੰਨ-ਤੋੜ ਕਰਨ ਵਾਲੇ 5 ਮੁਲਜ਼ਮ ਪੁਲਿਸ ਅੜਿੱਕੇ, ਇਕ ਨਾਬਾਲਗ ਵੀ ਕਾਬੂ ਅਗਲੀ ਖ਼ਬਰ ਚੰਡੀਗੜ੍ਹ ਦੇ ਸਫ਼ਾਈ ਕਰਮਚਾਰੀਆਂ ਨੂੰ 4 ਸਾਲ ਬਾਅਦ ਮਿਲੀ ਤਨਖਾਹ, ਵਾਲਮੀਕਿ ਮੰਦਰ ਵਿਖੇ 551 ਦੀਵੇ ਜਗਾ ਕੇ ਪ੍ਰਧਾਨ ਮੰਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।