11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਭਾਓਵਾਲ ਦੇ ਰਵੀ ਦੱਤ ਤੇ ਦਰਸ਼ਨਾ ਦੇ ਜਜ਼ਬੇ ਮੂਹਰੇ ਫਿੱਕੀ ਪਈ ਲੱਤਾਂ ਦੀ ਅਪਾਹਜਤਾ

ਅਜੀਤ ਡੈਸਕ 20-07-2026
ਨੂਰਪੁਰ ਬੇਦੀ, 19 ਜੁਲਾਈ (ਹਰਦੀਪ ਸਿੰਘ ਢੀਂਡਸਾ)-ਕਹਿੰਦੇ ਹਨ ਕਿ ਜੇਕਰ ਇਨਸਾਨ ਦੇ ਹੌਸਲੇ ਬੁਲੰਦ ਹੋਣ ਤਾਂ ਸਰੀਰ ਦੀ ਕਮੀ ਵੀ ਉਸਦੇ ਸੁਪਨਿਆਂ ਦੀ ਉਡਾਣ ਨਹੀਂ ਰੋਕ ਸਕਦੀ। ਇਸ ਗੱਲ ਨੂੰ ਸੱਚ ਸਾਬਤ ਕਰ ਰਹੇ ਹਨ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਭਾਓਵਾਲ ਦੇ ਰਵੀ ਦੱਤ ਅਤੇ ਦਰਸ਼ਨਾ ਦੇਵੀ, ਜੋ ਇੱਕ-ਇੱਕ ਲੱਤ ਤੋਂ ਅਪਾਹਜ ਹੋਣ ਦੇ ਬਾਵਜੂਦ ਜ਼ਿੰਦਗੀ ਦੇ ਹਰ ਇਮਤਿਹਾਨ ਨੂੰ ਹਿੰਮਤ ਨਾਲ ਪਾਰ ਕਰਦੇ ਹੋਏ ਖੇਡਾਂ ਦੇ ਮੈਦਾਨ ਵਿਚ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ। ਰਵੀ ਦੱਤ ਦੀ ਜ਼ਿੰਦਗੀ ਉਸ ਸਮੇਂ ਬਦਲ ਗਈ ਜਦੋਂ ਕਬੱਡੀ ਖੇਡਦੇ ਹੋਏ ਉਸਦੀ ਲੱਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਇਲਾਜ ਦੇ ਬਾਵਜੂਦ ਲੱਤ ਸੁੱਕ ਗਈ ਅਤੇ ਡਾਕਟਰਾਂ ਨੂੰ ਉਹ ਕੱਟਣੀ ਪਈ। ਦੂਜੇ ਪਾਸੇ, ਦਰਸ਼ਨਾ ਦੇਵੀ ਦੀ ਜ਼ਿੰਦਗੀ ਵੀ ਘੱਟ ਦੁੱਖਾਂ ਭਰੀ ਨਹੀਂ ਰਹੀ। ਵਿਆਹ ਤੋਂ ਪਹਿਲਾਂ ਇੱਕ ਭਿਆਨਕ ਸੜਕ ਹਾਦਸੇ ਵਿਚ ਟਰੱਕ ਉਸਦੀ ਲੱਤ ਤੋਂ ਲੰਘ ਗਿਆ, ਜਿਸ ਕਾਰਨ ਉਸਦੀ ਵੀ ਇੱਕ ਲੱਤ ਕੱਟਣੀ ਪਈ।ਕੁਦਰਤ ਦੇ ਇਨ੍ਹਾਂ ਸਖ਼ਤ ਇਮਤਿਹਾਨਾਂ ਦੇ ਬਾਵਜੂਦ ਦੋਵਾਂ ਨੇ ਹਾਰ ਨਹੀਂ ਮੰਨੀ। ਸਾਲ 2008 ਵਿਚ ਦੋਵਾਂ ਦਾ ਵਿਆਹ ਹੋਇਆ ਅਤੇ ਅੱਜ ਉਹ ਆਪਣੇ ਦੋ ਬੱਚਿਆਂ ਪੁੱਤਰ ਅਰਮਾਨ ਸਿੰਘ, ਜੋ ਬਾਰ੍ਹਵੀਂ ਜਮਾਤ ਵਿਚ ਪੜ੍ਹ ਰਿਹਾ ਹੈ, ਅਤੇ ਧੀ ਦੀਪਕ ਮਾਨ, ਜੋ ਦਸਵੀਂ ਜਮਾਤ ਦੀ ਵਿਦਿਆਰਥਣ ਹੈਂਦੀ ਪਰਵਰਿਸ਼ ਕਰਦੇ ਹੋਏ ਸੰਘਰਸ਼ਮਈ ਜੀਵਨ ਬਤੀਤ ਕਰ ਰਹੇ ਹਨ। ਰਵੀ ਦੱਤ ਦਾ ਬਚਪਨ ਵੀ ਬੇਹੱਦ ਮੁਸ਼ਕਲਾਂ ਵਿਚ ਬੀਤਿਆ। ਗ਼ਰੀਬ ਪਰਿਵਾਰ ਵਿਚ ਜਨਮੇ ਰਵੀ ਦੀ ਮਾਤਾ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਜੂਝਦੀ ਰਹੀ, ਜਦਕਿ ਪਿਤਾ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਪਰਿਵਾਰਕ ਦੁੱਖਾਂ ਅਤੇ ਆਰਥਿਕ ਤੰਗੀ ਦੇ ਬਾਵਜੂਦ ਰਵੀ ਨੇ ਹਿੰਮਤ ਨਹੀਂ ਹਾਰੀ ਅਤੇ ਆਪਣਾ ਧਿਆਨ ਪੈਰਾ ਖੇਡਾਂ ਵੱਲ ਲਾਇਆ। ਅੱਜ ਇਹ ਦੰਪਤੀ ਪੈਰਾ ਐਥਲੈਟਿਕਸ ਵਿਚ ਸ਼ਾਟ ਪੁੱਟ ਦੇ ਕੌਮੀ ਪੱਧਰ ਦੇ ਖਿਡਾਰੀ ਹਨ। ਦਰਸ਼ਨਾ ਦੇਵੀ ਨੇ ਆਪਣੀ ਕਾਬਲੀਅਤ ਦਾ ਲੋਹਾ ਅੰਤਰਰਾਸ਼ਟਰੀ ਪੱਧਰ ‘ਤੇ ਵੀ ਮਨਵਾਇਆ ਹੈ। ਉਹ ਦੁਬਈ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਹੈ। ਸ਼ਾਟ ਪੁੱਟ ਤੋਂ ਇਲਾਵਾ ਉਹ ਜੈਵਲਿਨ ਥਰੋ, ਡਿਸਕਸ ਥਰੋ ਅਤੇ ਵੇਟ ਲਿਫ਼ਟਿੰਗ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।ਦਸਵੀਂ ਤੱਕ ਪੜ੍ਹੇ ਇਸ ਹਿੰਮਤੀ ਜੋੜੇ ਨੂੰ ਅੱਜ ਤੱਕ ਕੋਈ ਵੱਡਾ ਸਹਾਰਾ ਨਹੀਂ ਮਿਲਿਆ। ਪਰਿਵਾਰ ਦਾ ਗੁਜ਼ਾਰਾ ਇੱਕ ਛੋਟੀ ਜਿਹੀ ਬਿਸਕੁਟ ਅਤੇ ਟਾਫ਼ੀਆਂ ਦੀ ਦੁਕਾਨ ਤੋਂ ਹੁੰਦਾ ਹੈ। ਸੀਮਤ ਆਮਦਨ ਕਾਰਨ ਮਹਿੰਗੀ ਖੇਡ ਡਾਈਟ, ਉੱਚ ਪੱਧਰੀ ਸਿਖਲਾਈ ਅਤੇ ਲੋੜੀਂਦਾ ਖੇਡ ਸਮਾਨ ਖ਼ਰੀਦਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੈ। ਇਸ ਦੇ ਬਾਵਜੂਦ ਰਵੀ ਦੱਤ ਅਤੇ ਦਰਸ਼ਨਾ ਦੇਵੀ ਦੀਆਂ ਅੱਖਾਂ ਵਿਚ ਅਜੇ ਵੀ ਉਲੰਪਿਕ ਵਿਚ ਭਾਰਤ ਲਈ ਤਮਗ਼ਾ ਜਿੱਤਣ ਦਾ ਸੁਪਨਾ ਚਮਕ ਰਿਹਾ ਹੈ। ਉਹ ਕਹਿੰਦੇ ਹਨ ਕਿ ਜੇਕਰ ਸਰਕਾਰ, ਸਮਾਜਸੇਵੀ ਸੰਸਥਾਵਾਂ ਜਾਂ ਕੋਈ ਸਪਾਂਸਰ ਉਨ੍ਹਾਂ ਦੀ ਮਦਦ ਲਈ ਅੱਗੇ ਆਵੇ ਤਾਂ ਉਹ ਦੇਸ਼ ਲਈ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੇ ਹਨ। ਰਵੀ ਦੱਤ ਅਤੇ ਦਰਸ਼ਨਾ ਦੇਵੀ ਦੀ ਜ਼ਿੰਦਗੀ ਇਹ ਸੰਦੇਸ਼ ਦਿੰਦੀ ਹੈ ਕਿ ਅਪਾਹਜ ਸਰੀਰ ਹੋ ਸਕਦਾ ਹੈ, ਪਰ ਜੇ ਹੌਸਲੇ ਜ਼ਿੰਦਾ ਹੋਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ।
ਪਿਛਲੀ ਖ਼ਬਰ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ ਵਿਧਾਇਕ ਦਿਨੇਸ਼ ਚੱਢਾ ਨਾਲ ਮੁਲਾਕਾਤ ਅਗਲੀ ਖ਼ਬਰ ਵਾਰਡ 11 ਵਿਚ ਸੜਕ ਨਿਰਮਾਣ ਕਾਰਜਾਂ ਦਾ ਹਰਜੋਤ ਸਿੰਘ ਬੈਂਸ ਵਲੋਂ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।