11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਨੇਚਰ ਟਰੇਲ ਰੂਪਨਗਰ : ਨਵੀਨੀਕਰਨ ’ਚ ਨਹੀਂ ਹੋਇਆ ਪੁਰਾਣੇ ਜਾਣਕਾਰੀ ਬੋਰਡਾਂ ਤੇ ਰੰਗਦਾਰ ਸੂਚਨਾ ਪੱਥਰਾਂ ਦਾ ਸੁੰਦਰੀਕਰਨ

ਅਜੀਤ ਡੈਸਕ 13-07-2026

ਰੂਪਨਗਰ, 12 ਜੁਲਾਈ (ਯਸ਼ਵੰਤ ਬੱਸੀ)- ਰੂਪਨਗਰ ਵਣ ਮੰਡਲ ‘ਚ ਸਥਿਤ ਸਦਾਬਰਤ ਸੁਰੱਖਿਅਤ ਜੰਗਲ ਵਿਚਲੀ ਨੇਚਰ ਟਰੇਲ ਦੀ ਨੁਹਾਰ ਬਦਲਣ ਦੇ ਨਾਲ ਰੌਣਕਾਂ ਪਰਤ ਆਈਆਂ ਹਨ। ਵਾਤਾਵਰਣ ਜਾਗਰੂਕਤਾ ਪ੍ਰਦਾਨ ਕਰਦੀ ਇਹ ਟਰੇਲ ਸੁੰਦਰੀਕਰਨ ਤੋਂ ਬਾਦ ਕੁਦਰਤ ਪ੍ਰੇਮੀਆਂ, ਵਿਦਿਆਰਥੀਆਂ ਅਤੇ ਆਮ ਸ਼ਹਿਰੀਆ ਲਈ ਖਿੱਚ ਦਾ ਕੇਂਦਰ ਬਣ ਗਈ ਹੈ । ਸਰਕਾਰ, ਵਿਭਾਗ ਅਤੇ ਹਲਕਾ ਵਿਧਾਇਕ ਦੇ ਸਾਂਝੇ ਯਤਨਾਂ ਦੀ ਉਪਜ ਕਾਰਨ ਟਰੇਲ ਨੂੰ ਖੁੱਲ੍ਹਾ ਜਿੰਮ, ਤਿਤਲੀ ਪਾਰਕ, ਹਰਬਲ ਬਾਗ਼, ਸੂਰਜੀ ਲਾਈਟਾਂ, ਸੂਚਨਾ ਬੋਰਡ ਅਤੇ ਪਖਾਨਿਆਂ ਦੀ ਸਹੂਲਤ ਦੇ ਕੇ ਅਪਗ੍ਰੇਡ ਕੀਤਾ ਗਿਆ ਹੈ । ਨੇਚਰ ਟਰੇਲ ਦੇ ਮੁੱਖ ਗੇਟ ਤੋਂ ਲੋਗ ਹੱਟ ਰਾਹੀਂ ਹੁੰਦੀ ਨੇਚਰ ਵਾਕ 2 ਕੁ ਕਿੱਲੋਮੀਟਰ ਲੰਬੀ ਬਣਦੀ ਹੈ, ਜਿਸ ਨੂੰ 20-25 ਮਿੰਟ ‘ਚ ਪੂਰਾ ਕੀਤਾ ਜਾ ਸਕਦਾ। ਕੁਦਰਤ ਨਾਲ ਮੋਹ ਰੱਖਣ ਵਾਲੇ ਤੇ ਸੈਰ ਕਰਨ ਵਾਲਿਆਂ ਨੂੰ ਉਦੋਂ ਬਹੁਤ ਨਿਰਾਸ਼ਾ ਹੁੰਦੀ ਹੈ, ਜਦੋਂ ਗੈਰ ਜ਼ਿੰਮੇਵਾਰ ਸ਼ਰਾਰਤੀ ਨੌਜਵਾਨ ਮੋਟਰਸਾਈਕਲ ਦੇ ਹਾਰਨ ਵਜਾਉਂਦੇ ਟਰੇਲ ਦੇ ਸ਼ਾਂਤ ਵਾਤਾਵਰਨ ਨੂੰ ਦੂਸ਼ਿਤ ਕਰ ਜਾਂਦੇ ਹਨ। ਵਿਭਾਗ ਵਲੋਂ ਰੱਖੇ ਗਏ ਕੁੜ੍ਹੇਦਾਨਾਂ ਦੇ ਬਾਵਜੂਦ ਥਾਂ-ਥਾਂ ਖਿੱਲਰੇ ਪਾਲੀਥੀਨ, ਪਲਾਸਟਿਕ ਬੋਤਲਾਂ ਤੇ ਹੋਰ ਅਵਿਘਟਨਸ਼ੀਲ ਪਦਾਰਥ ਇਸ ਦੀ ਦਿੱਖ ਨੂੰ ਵਿਗਾੜਦੇ ਹਨ। ਇਸ ਜਾਨਿਬ ਵੀ ਧਿਆਨ ਦੇਣਾ ਬਣਦਾ ਹੈ ਜੰਗਲਾਤ ਵਿਭਾਗ ਦਾ । ਸਰਕਾਰ ਵਲੋਂ ਲੱਖਾਂ ਰੁਪਏ ਖ਼ਰਚ ਕੇ ਕੀਤੇ ਨਵੀਨੀਕਰਨ ਕਾਰਜਾਂ ਵਿਚ ਪੁਰਾਣੇ ਸੂਚਨਾ ਬੋਰਡਾਂ, ਪੌਦਿਆਂ ਦੇ ਨਾਵਾਂ ਵਾਲੇ ਰੰਗਦਾਰ ਪੱਥਰਾਂ ਦੀ ਵਰਤੋਂ ਨਹੀਂ ਕੀਤੀ ਗਈ, ਜ਼ਰ ਲੱਗੇ ਪੁਰਾਣੇ ਬੋਰਡ ਤੇ ਬੇਰੰਗ ਹੋਏ ਪੱਥਰ ਅਧਿਕਾਰੀਆਂ ਨੂੰ ਨਜ਼ਰ ਨਹੀਂ ਆਏ। ਇੱਥੇ ਸੈਰ ਕਰਨ ਵਾਲੇ ਸ਼ਿਵਾਲਕ ਟਰੈਕਰਜ਼ ਦੇ ਮੈਂਬਰਾਂ ਨੈਸ਼ਨਲ ਐਵਾਰਡੀ ਚਰਨਜੀਤ ਸਿੰਘ ਚੰਨੀ, ਗੁਰਬਚਨ ਸਿੰਘ ਸੋਢੀ, ਪ੍ਰਿੰਸੀਪਲ ਅਵਤਾਰ ਸਿੰਘ ਆਦਿ ਨੇ ਕਿਹਾ ਕਿ ਘੱਟ ਖ਼ਰਚ ਤੇ ਖੇਚਲ ਨਾਲ ਇਹਨਾਂ ਪੱਥਰਾਂ ਨੂੰ ਵਾਤਾਵਰਨ ਸਨੇਹੀ ਸਲੋਗਨ ਲਿਖ ਕੇ ਟਰੇਲ ‘ਚ ਰਸਤੇ ਦੇ ਦੋਨੋਂ ਪਾਸੇ ਥੋੜ੍ਹੀ-ਥੋੜ੍ਹੀ ਦੂਰੀ ‘ਤੇ ਰੱਖਿਆ ਜਾ ਸਕਦਾ ਹੈ। ਥਾਂ-ਥਾਂ ਪਏ ਇਹ ਅਣਵਰਤੇ ਪੱਥਰ ਜਿੱਥੇ ਕੋਝੇ ਪ੍ਰਤੀਤ ਹੁੰਦੇ ਹਨ, ਉੱਥੇ ਵਿਭਾਗ ਵਲੋਂ ਕੀਤੀ ਗਈ ਲਾਪਰਵਾਹੀ ਨੂੰ ਉਜਾਗਰ ਵੀ ਕਰਦੇ ਹਨ । ਜੰਗਲਾਤ ਮਹਿਕਮੇ ਦੇ ਨਿੱਕੇ-ਨਿੱਕੇ ਯਤਨ ਅਤੇ ਸ਼ਹਿਰ ਵਾਸੀਆਂ ਦੀ ਉਸਾਰੂ ਭਾਗੀਦਾਰੀ ਇਸ ਟਰੇਲ ਨੂੰ ਬਿਹਤਰ ਬਣਾਉਣ ਵਿਚ ਅਹਿਮ ਯੋਗਦਾਨ ਪਾ ਸਕਦੇ ਹਨ। ਨਿਰ ਸੰਦੇਹ ਅਜਿਹੀ ਆਪਸੀ ਨਿਰਭਰਤਾ ਟਰੇਲ ਨੂੰ ਈਕੋ ਫਰੈਂਡਲੀ ਜਾਂ ਜ਼ਿੰਮੇਵਾਰ ਸੈਰ ਸਪਾਟਾ ਦੀ ਅਨੋਖੀ ਮਿਸਾਲ ਵਜੋਂ ਵਿਕਸਤ ਕਰ ਸਕਦੀ ਹੈ। ਸ਼ਹਿਰ ਲਈ ਸ਼ੁੱਧ ਹਵਾ ਦੇ ਸਰੋਤ ਤੇ ਜੈਵਿਕ ਵੰਨ ਸੁਵੰਨਤਾ ਦੇ ਇਸ ਬੇਸ਼ਕੀਮਤੀ ਜ਼ਖ਼ੀਰੇ ਨੂੰ ਜ਼ਰੂਰਤ ਹੈ, ਮਨੁੱਖ ਦੀਆਂ ਅਣਮਨੁੱਖੀ ਕਿਰਿਆਵਾਂ ਤੇ ਵਿਭਾਗ ਦੀ ਉਦਾਸੀਨਤਾ ਤੋਂ ਬਚਾਉਣ ਦੀ, ਤਾਂਹੀਓਂ ਸਦਾਬਰਤ ਨੇਚਰ ਟਰੇਲ ਲੰਬੇ ਸਮੇਂ ਤੱਕ ਆਪਣੀਆਂ ਸੇਵਾਵਾਂ ਨਿਰਵਿਘਨ ਜਾਰੀ ਰੱਖ ਸਕੇਗਾ ।

ਪਿਛਲੀ ਖ਼ਬਰ ਮੁਫ਼ਤ ਆਈ. ਏ. ਐੱਸ.-ਪੀ. ਸੀ. ਐੱਸ. ਕੋਚਿੰਗ ਦੇ ਦੂਜੇ ਬੈਚ ਦੀ ਸ਼ੁਰੂਆਤ, ਦੂਜੇ ਦਿਨ ਵੀ ਨੌਜਵਾਨਾਂ ਦਾ ਭਰਵਾਂ ਹੁੰਗਾਰਾ ਅਗਲੀ ਖ਼ਬਰ ਰੁਜ਼ਗਾਰ ਦੇਣ ਵਾਲੀਆਂ ਫੈਕਟਰੀਆਂ ਡੇਰਾਬੱਸੀ ਹਲਕੇ ਨੂੰ ਵੰਡ ਰਹੀਆਂ ਨੇ ਕੈਂਸਰ ਵਰਗੀ ਭਿਆਨਕ ਬਿਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।