19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਬਜ਼ੀ ਮੰਡੀ ਦੀ ਸਫ਼ਾਈ ਨੂੰ ਲੈ ਕੇ ਆੜ੍ਹਤੀਆਂ ਦਾ ਫੁੱਟਿਆ ਗ਼ੁੱਸਾ, ਠੇਕੇਦਾਰ ਦੀ ਲਾਪਰਵਾਹੀ ਕਾਰਨ ਜਨ ਪ੍ਰਤੀਨਿਧੀਆਂ ਨੂੰ ਕਰਵਾਉਣੀ ਪਈ ਸਫ਼ਾਈ

ਅਜੀਤ ਡੈਸਕ 02-07-2026
ਰੂਪਨਗਰ, 1 ਜੁਲਾਈ (ਸਤਨਾਮ ਸਿੰਘ ਸੱਤੀ)- ਗੁਰਦੁਆਰਾ ਭੱਠਾ ਸਾਹਿਬ ਨੇੜੇ ਸਥਿਤ ਸਬਜ਼ੀ ਮੰਡੀ (ਅਨਾਜ ਮੰਡੀ) ਵਿਚ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਕੂੜੇ ਦੇ ਢੇਰ ਲੱਗੇ ਰਹਿਣ ਕਾਰਨ ਆੜ੍ਹਤੀਆਂ ਅਤੇ ਵਪਾਰੀਆਂ ਦਾ ਗ਼ੁੱਸਾ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਸਫ਼ਾਈ ਦੀ ਜ਼ਿੰਮੇਵਾਰੀ ਨਿਭਾਉਣ ਵਿਚ ਸੰਬੰਧਿਤ ਠੇਕੇਦਾਰ ਦੀ ਕਥਿਤ ਨਾਕਾਮੀ ਕਾਰਨ ਇਹ ਕੰਮ ਨਗਰ ਕੌਂਸਲ ਦੇ ਜਨ ਪ੍ਰਤੀਨਿਧੀਆਂ ਨੂੰ ਆਪਣੇ ਪੱਧਰ ‘ਤੇ ਕਰਵਾਉਣਾ ਪਿਆ, ਜਿਸ ਨੂੰ ਲੈ ਕੇ ਵਪਾਰੀਆਂ ਨੇ ਸਖ਼ਤ ਨਾਰਾਜ਼ਗੀ ਜਤਾਈ ਹੈ। ਇਸ ਸਬੰਧੀ ਅੱਜ ਸਵੇਰੇ ਹੋਈ ਅਹਿਮ ਮੀਟਿੰਗ ਵਿਚ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਵਾਰਡ ਨੰਬਰ 3 ਦੇ ਕੌਂਸਲਰ ਅੰਮ੍ਰਿਤਪਾਲ ਸਿੰਘ ਸੋਨੂੰ, ਮਿਕੀ ਸੋਨੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਪੱਪੀ, ਹਰਵਿੰਦਰ ਸਿੰਘ ਕਮਾਲਪੁਰ ਤੇ ਵੱਡੀ ਗਿਣਤੀ ਵਿਚ ਆੜ੍ਹਤੀ ਸ਼ਾਮਲ ਹੋਏ। ਮੀਟਿੰਗ ਦੌਰਾਨ ਵਪਾਰੀਆਂ ਨੇ ਦੋਸ਼ ਲਗਾਇਆ ਕਿ ਮੰਡੀ ਦੀ ਸਫ਼ਾਈ ਦਾ ਠੇਕਾ ਹੋਣ ਦੇ ਬਾਵਜੂਦ ਸੰਬੰਧਿਤ ਠੇਕੇਦਾਰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਹੀਂ ਨਿਭਾ ਰਿਹਾ। ਗੰਦਗੀ ਕਾਰਨ ਮੰਡੀ ਵਿਚ ਆਉਣ ਵਾਲੇ ਵਪਾਰੀਆਂ, ਕਿਸਾਨਾਂ ਤੇ ਖ਼ਰੀਦਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇੰਨੇ ਵਿਗੜ ਗਏ ਕਿ ਵਾਰਡ ਦੇ ਕੌਂਸਲਰ ਅੰਮ੍ਰਿਤਪਾਲ ਸਿੰਘ ਸੋਨੂੰ ਨੂੰ ਖ਼ੁਦ ਪਹਿਲ ਕਰਦਿਆਂ ਮਹੀਨਿਆਂ ਤੋਂ ਪਿਆ ਕੂੜਾ ਚੁਕਵਾ ਕੇ ਸਫ਼ਾਈ ਕਰਵਾਉਣੀ ਪਈ। ਵਪਾਰੀਆਂ ਨੇ ਕਿਹਾ ਕਿ ਜਨ ਪ੍ਰਤੀਨਿਧੀਆਂ ਦਾ ਕੰਮ ਖ਼ੁਦ ਕੂੜਾ ਚੁਕਵਾਉਣਾ ਨਹੀਂ, ਸਗੋਂ ਇਹ ਜ਼ਿੰਮੇਵਾਰੀ ਠੇਕੇਦਾਰ ਦੀ ਹੈ, ਜੋ ਆਪਣੀਆਂ ਡਿਊਟੀਆਂ ਤੋਂ ਮੂੰਹ ਮੋੜ ਰਿਹਾ ਹੈ। ਜੇ ਠੇਕੇਦਾਰ ਆਪਣਾ ਕੰਮ ਸਮੇਂ ਸਿਰ ਕਰਦਾ ਤਾਂ ਅਜਿਹੀ ਸਥਿਤੀ ਪੈਦਾ ਹੀ ਨਾ ਹੁੰਦੀ। ਨਗਰ ਕੌਂਸਲ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਕਿਹਾ ਕਿ ਨਗਰ ਕੌਂਸਲ ਹਰ ਸੰਭਵ ਸਹਿਯੋਗ ਲਈ ਤਿਆਰ ਹੈ, ਪਰ ਸਬਜ਼ੀ ਮੰਡੀ ਦੀ ਸਫ਼ਾਈ ਦੇ ਅਧਿਕਾਰ ਮੰਡੀ ਬੋਰਡ ਕੋਲ ਹਨ। ਉਨ੍ਹਾਂ ਕਿਹਾ ਕਿ ਸੰਬੰਧਿਤ ਠੇਕੇਦਾਰ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਵਪਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਪੱਪੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਠੇਕੇਦਾਰ ਦੀ ਕਾਰਗੁਜ਼ਾਰੀ ਵਿਚ ਸੁਧਾਰ ਨਾ ਆਇਆ ਤਾਂ ਉਹ ਮੰਡੀ ਬੋਰਡ ਅਤੇ ਸੰਬੰਧਿਤ ਵਿਭਾਗ ਅੱਗੇ ਮਾਮਲਾ ਹੋਰ ਜ਼ੋਰਦਾਰ ਢੰਗ ਨਾਲ ਉਠਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਕੇ ਲੋੜ ਪੈਣ ‘ਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਸਬਜ਼ੀ ਮੰਡੀ ਵਿਚ ਸਫ਼ਾਈ ਦੀ ਵਿਵਸਥਾ ਨਿਯਮਤ ਤੇ ਪ੍ਰਭਾਵਸ਼ਾਲੀ ਬਣਾਈ ਜਾ ਸਕੇ।
ਪਿਛਲੀ ਖ਼ਬਰ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਇਕਬਾਲ ਸਿੰਘ ਲਾਲਪੁਰਾ ਤੇ ਅਜੈਵੀਰ ਸਿੰਘ ਲਾਲਪੁਰਾ ਦੀ ਮੁਲਾਕਾਤ ਅਗਲੀ ਖ਼ਬਰ ਹੜ੍ਹਾਂ ਨਾਲ ਨਜਿੱਠਣ ਲਈ ਫੌਜ, ਪ੍ਰਸ਼ਾਸਨ ਤੇ ‘ਆਪ’ ਟੀਮ ਵਲੋਂ ਅਹਿਮ ਵਿਚਾਰ ਵਟਾਂਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।