05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲੋਕਾਂ ਦਾ ਗੁੱਸਾ ਫੁੱਟਿਆ, ਨਾਨਗਰਾਂ ਵਿਖੇ ਸੜਕ ਜਾਮ ਕਰਕੇ ਲਾਇਆ ਧਰਨਾ

ਅਜੀਤ ਡੈਸਕ 29-06-2026
ਸੁਖਸਾਲ, 28 ਜੂਨ (ਧਰਮ ਪਾਲ)- ਲੰਘੇ ਦਿਨ ਪਿੰਡ ਭੱਲੜੀ ਵਿਖੇ ਪਿੰਡ ਵਾਸੀਆਂ ਦੇ ਸੱਦੇ ‘ਤੇ ਨਜਾਇਜ਼ ਮਾਈਨਿੰਗ ਦੀ ਆਵਾਜ਼ ਉਠਾਉਣ ਗਏ ਪ੍ਰਸਿੱਧ ਗ਼ੋਤਾਖ਼ੋਰੀ ਅਤੇ ਸਮਾਜ ਸੇਵੀ ਕਮਲਪ੍ਰੀਤ ਸੈਣੀ ਗੋਹਲਣੀ ਵਾਲਿਆਂ ‘ਤੇ ਕਥਿਤ ਤੌਰ ‘ਤੇ ਮਾਈਨਿੰਗ ਮਾਫ਼ੀਆ ਨੇ ਭੱਲੜੀ ਵਿਖੇ ਜਾਨਲੇਵਾ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ ਅਤੇ ਉਹ ਹੁਣ ਨੰਗਲ ਹਸਪਤਾਲ ਵਿਖੇ ਜੇਰੇ ਇਲਾਜ ਹਨ, ਉਸ ਦੇ ਵਿਰੋਧ ਵਿਚ ਇਲਾਕੇ ਦੇ ਲੋਕਾਂ ਵਲੋਂ ਪਿੰਡ ਨਾਨਗਰਾਂ ਵਿਖੇ ਸੜਕ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਲੋਕਾਂ ਦੇ ਭਾਰੀ ਦਬਾਅ ਤੋਂ ਬਾਅਦ ਪੁਲਿਸ ਵਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹਮਲਾਵਰਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਇਸ ਮੌਕੇ ਬੋਲਦਿਆਂ ਇਲਾਕਾ ਵਾਸੀਆਂ ਨੇ ਕਿਹਾ ਕਿ ਇਲਾਕੇ ਵਿਚ ਕਥਿਤ ਤੌਰ ‘ਤੇ ਹੋ ਰਹੀ ਨਜਾਇਜ਼ ਮਾਈਨਿੰਗ ਦੇ ਖ਼ਿਲਾਫ਼ ਉਨ੍ਹਾਂ ਦੀ ਲੜਾਈ ਲਗਾਤਾਰ ਜਾਰੀ ਰਹੇਗੀ ਅਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਧਰਨੇ ਦੌਰਾਨ ਵੱਡੀ ਗਿਣਤੀ ਵਿਚ ਇਲਾਕੇ ਦੇ ਮੁਹਤਬਰ ਵਿਅਕਤੀ ਅਤੇ ਪਿੰਡ ਵਾਸੀ ਮੌਜੂਦ ਰਹੇ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਲਾਕੇ ਵਿਚ ਨਜਾਇਜ਼ ਮਾਈਨਿੰਗ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵਲੋਂ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੁਪਹਿਰ ਇੱਕ ਵਜੇ ਧਰਨਾ ਨਾਨਗਰਾਂ ਤੋਂ ਚੁੱਕ ਲਿਆ ਜਾਵੇਗਾ ਅਤੇ ਪੁਲਿਸ ਸਟੇਸ਼ਨ ਨੰਗਲ ਵਿਖੇ ਜ਼ੋਰਦਾਰ ਵੱਡਾ ਧਰਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਇਲਾਕੇ ਵਿਚ ਹੋ ਰਹੀ ਨਜਾਇਜ਼ ਮਾਈਨਿੰਗ ਪੱਕੇ ਤੌਰ ‘ਤੇ ਬੰਦ ਕਰਵਾ ਕੇ ਇਲਾਕਾ ਵਾਸੀਆਂ ਨੂੰ ਸਹਿਮ ਦੇ ਮਾਹੌਲ ‘ਚੋਂ ਕੱਢਿਆ ਜਾਵੇ ਕਿਉਂਕਿ ਮਾਈਨਿੰਗ ਕਰਨ ਵਾਲਿਆਂ ਨੂੰ ਜਦੋਂ ਲੋਕ ਰੋਕਣ ਜਾਂਦੇ ਹਨ ਤਾਂ ਇਹ ਲੋਕ ਉਨ੍ਹਾਂ ਨੂੰ ਘੂਰਦੇ ਹਨ ਤੇ ਹਮਲਾ ਵੀ ਕਰਦੇ ਹਨ ਜਿਸ ਦੀ ਤਾਜ਼ੀ ਉਦਾਹਰਨ ਕਮਲਪ੍ਰੀਤ ਸੈਣੀ ‘ਤੇ ਹੋਇਆ ਹਮਲਾ ਹੈ। ਇਸ ਮੌਕੇ ਪੁਲਿਸ ਥਾਣਾ ਨੰਗਲ ਦੇ ਐਸ.ਐਚ.ਓ. ਇੰਸਪੈਕਟਰ ਦਾਨਸ਼ਵੀਰ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਜਾਣਕਾਰੀ ਅਨੁਸਾਰ ਪੁਲਿਸ ਨੇ ਅੱਠ ਵਿਅਕਤੀਆਂ ਤੇ ਬਾਈ ਨੇਮ ਅਤੇ ਕੁੱਝ ਨਾਮਾਲੂਮ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਬਾਕੀਆਂ ਦੀ ਭਾਲ ਜਾਰੀ ਹੈ ਉਨਾਂ ਕਿਹਾ ਕਿ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ। ਇਸ ਮੌਕੇ ਐਡਵੋਕੇਟ ਵਿਸ਼ਾਲ ਸੈਣੀ, ਕਮਲਪ੍ਰੀਤ ਸੈਣੀ ਦੀ ਬ੍ਰਿਧ ਮਾਤਾ, ‘ਆਪ’ ਦੇ ਬਲਾਕ ਪ੍ਰਧਾਨ ਰਾਕੇਸ਼ ਵਰਮਾ ਭੱਲੜੀ ਸਮੇਤ ਵੱਡੀ ਗਿਣਤੀ ’ਚ ਵੱਖ-ਵੱਖ ਪਿੰਡਾਂ ਦੇ ਮੋਹਤਵਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ‘ਤੇ ਪੂਰਾ ਪੰਥ ਇਕਜੁੱਟ, ਸਰਕਾਰ ਦੀ ਬੋਲੀ ਬੋਲਣ ਵਾਲੇ ਕੌਮ ਨੂੰ ਨਾ ਕਰਨ ਗੁਮਰਾਹ:... ਅਗਲੀ ਖ਼ਬਰ ਬਾਬਾ ਬਾਲਕ ਨਾਥ ਮੰਦਿਰ ਮੁਜੱਫਰਪੁਰ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।