‘ਆਰਥਿਕ ਤੇ ਸਿਆਸੀ ਹਾਲਾਤ ਦੇ ਸੰਦਰਭ ’ਚ ਕਲਿਆਣਕਾਰੀ ਰਾਜ ਤੇ ਖ਼ੈਰਾਤ ਵਿਚਲੇ ਫ਼ਰਕ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ
ਮਾਨਸਾ, 19 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ, ਰਾਵਿੰਦਰ ਸਿੰਘ ਰਵੀ)- ਵੋਟਾਂ ਬਟੋਰਨ ਦੇ ਮਕਸਦ ਨਾਲ ਚਲਾਈਆਂ ਮੁਫ਼ਤ ਦੀਆਂ ਸਕੀਮਾਂ ਸੂਬੇ ਨੂੰ ਆਰਥਿਕ ਤਬਾਹੀ ਵੱਲ ਲਿਜਾ ਰਹੀਆਂ ਹਨ। ਪੰਜਾਬ ਦੀ ਸਥਿਤੀ ਇਹ ਹੈ ਕਿ ਖ਼ਜ਼ਾਨਾ ਕਰਜ਼ੇ ਨਾਲ ਚੱਲ ਰਿਹਾ ਹੈ ਅਤੇ ਇੱਥੋਂ ਤੱਕ ਮੁਲਾਜ਼ਮਾਂ ਨੂੰ ਦੇਣ ਲਈ ਤਨਖ਼ਾਹਾਂ ਵੀ ਪੂਰੀਆਂ ਨਹੀਂ ਹੋ ਰਹੀਆਂ।
ਮਾਨਸਾ, 19 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ, ਰਾਵਿੰਦਰ ਸਿੰਘ ਰਵੀ)- ਵੋਟਾਂ ਬਟੋਰਨ ਦੇ ਮਕਸਦ ਨਾਲ ਚਲਾਈਆਂ ਮੁਫ਼ਤ ਦੀਆਂ ਸਕੀਮਾਂ ਸੂਬੇ ਨੂੰ ਆਰਥਿਕ ਤਬਾਹੀ ਵੱਲ ਲਿਜਾ ਰਹੀਆਂ ਹਨ। ਪੰਜਾਬ ਦੀ ਸਥਿਤੀ ਇਹ ਹੈ ਕਿ ਖ਼ਜ਼ਾਨਾ ਕਰਜ਼ੇ ਨਾਲ ਚੱਲ ਰਿਹਾ ਹੈ ਅਤੇ ਇੱਥੋਂ ਤੱਕ ਮੁਲਾਜ਼ਮਾਂ ਨੂੰ ਦੇਣ ਲਈ ਤਨਖ਼ਾਹਾਂ ਵੀ ਪੂਰੀਆਂ ਨਹੀਂ ਹੋ ਰਹੀਆਂ। ਇਹ ਪ੍ਰਗਟਾਵਾ ਇੱਥੇ ‘ਪਿੰਡ ਬਚਾਓ-ਪੰਜਾਬ ਬਚਾਓ’ ਮੁਹਿੰਮ ਤਹਿਤ ‘ਪੰਜਾਬ ਦੇ ਆਰਥਿਕ ਤੇ ਸਿਆਸੀ ਹਾਲਾਤ ਦੇ ਗੰਭੀਰ ਸੰਦਰਭ ਵਿਚ ਕਲਿਆਣਕਾਰੀ ਰਾਜ ਤੇ ਖ਼ੈਰਾਤ ਵਿਚਲਾ ਫ਼ਰਕ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਮੌਕੇ ਬੁਲਾਰਿਆਂ ਨੇ ਇਕਸੁਰ ’ਚ ਕੀਤਾ। ਸਮਾਜ ਸੇਵੀ ਤੇ ਚਿੰਤਕ ਡਾ. ਪਿਆਰੇ ਲਾਲ ਗਰਗ ਨੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਲੋਕ ਭਲਾਈ ਸਕੀਮਾਂ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਲੋੜਵੰਦ ਪਰਿਵਾਰਾਂ ਨੂੰ ਹੀ ਹੋਣਾ ਚਾਹੀਦਾ ਹੈ, ਜੋ ਲੋਕ ਅਮੀਰਾਂ ਨੂੰ ਵੀ ਇਸ ਲਾਈਨ ਵਿਚ ਖੜ੍ਹਾ ਕਰ ਕੇ ਉਨ੍ਹਾਂ ਦਾ ‘ਅਧਿਕਾਰ’ ਦੱਸਦੇ ਹਨ, ਉਹ ਲੋਕਾਂ ਨਾਲ ਵੱਡਾ ਧੋਖਾ ਕਰ ਰਹੇ ਹਨ। ਸਾਬਕਾ ਵਿਧਾਇਕ ਕਾ. ਤਰਸੇਮ ਜੋਧਾ ਨੇ ਦੇਸ਼ ਵਿਚ ਵਧ ਰਹੇ ਅਮੀਰ-ਗਰੀਬ ਦੇ ਪਾੜੇ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਕੁਝ ਚੋਣਵੇਂ ਕਾਰਪੋਰੇਟ ਘਰਾਣਿਆਂ ਨੇ ਦੇਸ਼ ਦੀ ਸਮੁੱਚੀ ਆਰਥਿਕਤਾ ’ਤੇ ਕਬਜ਼ਾ ਕਰ ਲਿਆ ਹੈ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਦੇਸ਼ ਦੇ ਬਜਟ ’ਤੇ ਚਰਚਾ ਕਰਦਿਆਂ ਕਿਹਾ ਕਿ ਜਿਸ ਦੇਸ਼ ਦੀ 49 ਫ਼ੀਸਦੀ ਆਬਾਦੀ ਖੇਤੀਬਾੜੀ ਸੈਕਟਰ ’ਤੇ ਨਿਰਭਰ ਹੈ, ਉਸ ਲਈ ਕੁੱਲ ਬਜਟ ਦਾ ਸਿਰਫ਼ 2.8 ਫ਼ੀਸਦ ਹੀ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟਾਂ ਨੂੰ ਦਿੱਤੇ ਜਾਣ ਵਾਲੇ ਫ਼ੰਡ ਨੂੰ ‘ਇੰਨਸੈਂਟਿਵ’ ਕਿਹਾ ਜਾਂਦਾ ਹੈ ਜਦਕਿ ਗ਼ਰੀਬਾਂ ਨੂੰ ਦਿੱਤੀ ਜਾਂਦੀ ਮਦਦ ਨੂੰ ਤਰਸ ਦੇ ਆਧਾਰ ’ਤੇ ‘ਸਬਸਿਡੀ’ ਦਾ ਨਾਂਅ ਦਿੱਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਕਿਰਤ ਮਨੁੱਖ ਨੂੰ ਸਵੈਮਾਨ ਸਿਖਾਉਂਦੀ ਹੈ ਜਦਕਿ ਖ਼ੈਰਾਤ ਇਖ਼ਲਾਕੀ ਤੌਰ ’ਤੇ ਨੀਵਾਂ ਕਰਦੀ ਹੈ। ਕਾਂਗਰਸ ਦੇ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਐਲਾਨ ਕੀਤਾ ਕਿ ਰਾਜ ’ਚ ਕਾਂਗਰਸ ਦੀ ਸਰਕਾਰ ਆਉਣ ’ਤੇ ਮਗਨਰੇਗਾ ਕਾਨੂੰਨ ਨੂੰ ਬਿਨਾਂ ਕਿਸੇ ਬਦਲਾਅ ਦੇ ਦੁਬਾਰਾ ਲਾਗੂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੈਂਗਸਟਰਾਂ ਅਤੇ ਮਾਫ਼ੀਆ ਨਾਲ ਹਿੱਸਾ ਪਾਉਣ ਵਾਲੇ ਨੇਤਾਵਾਂ ਨੂੰ ਨਕਾਰਿਆ ਜਾਵੇ ਅਤੇ ਕਾਂਗਰਸ ਦੇ ਮੈਨੀਫੈਸਟੋ ਲਈ ਖੁੱਲ੍ਹੇ ਸੁਝਾਅ ਭੇਜੇ ਜਾਣ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ, ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਖੇਤਾਂ ’ਚ ਦਿਨ-ਰਾਤ ਪਸੀਨਾ ਵਹਾਉਣ ਵਾਲਾ ਕਿਸਾਨ ਤੇ ਮਜ਼ਦੂਰ ਸਰਕਾਰਾਂ ਤੋਂ ਖ਼ੈਰਾਤ ਨਹੀਂ ਸਗੋਂ ਆਪਣਾ ਬਣਦਾ ਹੱਕ ਮੰਗਦਾ ਹੈ। ਅਕਾਲੀ ਦਲ ਵਾਰਿਸ ਪੰਜਾਬ ਦੀ ਮੈਨੀਫੈਸਟੋ ਚੋਣ ਕਮੇਟੀ ਦੇ ਚੇਅਰਮੈਨ ਬਾਬੂ ਸਿੰਘ ਬਰਾੜ ਨੇ ਵਿਸ਼ਵ ਪੱਧਰੀ ਇਤਿਹਾਸਕ ਘਟਨਾਵਾਂ ਦੇ ਹਵਾਲੇ ਨਾਲ ਕਿਹਾ ਕਿ ਖ਼ੈਰਾਤ ਦੀ ਜਗ੍ਹਾ ਕਿਰਤ ਨੂੰ ਪਹਿਲ ਮਿਲਣੀ ਚਾਹੀਦੀ ਹੈ ਤਾਂ ਜੋ ਕਿਰਤੀ ਦਾ ਸਵੈਮਾਨ ਵਧ ਸਕੇ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਪੰਜਾਬੀਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਿਆਸੀ ਪਾਰਟੀਆਂ ਨੂੰ ਜਵਾਬਦੇਹ ਬਣਾਉਣ ਲਈ ਕਿਹਾ। ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ ’ਚ ਕਰਨੈਲ ਸਿੰਘ ਜਖੇਪਲ, ਐਡਵੋਕੇਟ ਵਿਜੇ ਸਿੰਗਲਾ, ਕਿਰਨਜੀਤ ਸਿੰਘ ਗਹਿਰੀ, ਅਬਦੁਲ ਸ਼ਕੂਰ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਸੁਖਵਿੰਦਰ ਸਿੰਘ ਔਲਖ, ਕ੍ਰਿਸ਼ਨ ਚੌਹਾਨ, ਬਲਰਾਜ ਨੰਗਲ, ਬਿੱਕਰਜੀਤ ਸਿੰਘ ਸਾਧੂਵਾਲਾ, ਅਮਨ ਸਿੰਗਲਾ ਢੈਪਈ, ਡਾ. ਜਨਕ ਰਾਜ ਸਿੰਗਲਾ, ਮਾਸਟਰ ਖੇਤਾ ਸਿੰਘ ਆਦਿ ਸਨ।