ਮਾਨਸਾ, 25 ਅਗਸਤ (ਸ.ਰਿ.)- ਸਿਹਤ ਵਿਭਾਗ ਵਲੋਂ ਸਵਾਈਨ ਫਲੂ ਤੋਂ ਬਚਾਅ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਸਵਾਈਨ ਫਲੂ ਦੇ ਲੱਛਣਾਂ ਅਤੇ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਾਈਨ ਫਲੂ ਦੇ ਕੇਸਾਂ ਦੀ ਗਿਣਤੀ ਸੂਬੇ ’ਚ ਵਧੀ ਹੈ ਪਰ ਘਬਰਾਉਣ ਵਾਲੀ ਕੋਈ ਗੱਲ ਨਹੀਂ ਸਗੋਂ ਇਸ ਤੋਂ ਬਚਣ ਅਤੇ ਇਸ ਦੇ ਤੁਰੰਤ ਇਲਾਜ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਐਚ-1.ਐਨ-1 ਨਾਂਅ ਦੇ ਵਿਸ਼ਾਣੂ ਰਾਹੀਂ ਹੁੰਦਾ ਹੈ, ਜੋ ਕਿ ਇਕ ਤੋਂ ਦੂਜੇ ਮਨੁੱਖ ’ਚ ਸਾਹ ਰਾਹੀਂ ਫੈਲਦਾ ਹੈ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ, ਛੋਟੇ ਬੱਚਿਆਂ, ਕੈਂਸਰ, ਸ਼ੂਗਰ ਦੇ ਮਰੀਜ਼ਾਂ ਤੇ ਬਜ਼ੁਰਗਾਂ ਨੂੰ ਭੀੜ ਭੜੱਕੇ ਵਾਲੇ ਖੇਤਰ ’ਚ ਜਾਣ ਤੋਂ ਬਚਣਾ ਚਾਹੀਦਾ ਹੈ। ਜ਼ਿਲ੍ਹਾ ਐਪੀਡਿਮੋਲੋਜਿਸਟ ਸੰਤੋਸ਼ ਭਾਰਤੀ ਨੇ ਦੱਸਿਆ ਕਿ ਸਵਾਈਨ ਫਲੂ ਦਾ ਟੈੱਸਟ ਅਤੇ ਇਲਾਜ ਸਰਕਾਰੀ ਸਿਹਤ ਸੰਸਥਾਵਾਂ ’ਚ ਮੁਫ਼ਤ ਕੀਤਾ ਜਾਂਦਾ ਹੈ।