ਚੰਡੀਗੜ੍ਹ, 14 ਨਵੰਬਰ (ਮਾਰਕੰਡਾ)-ਪੀ. ਜੀ. ਆਈ. ਐੱਮ. ਈ. ਆਰ. ਚੰਡੀਗੜ੍ਹ ਦੇ ਓਰਲ ਹੈਲਥ ਸਾਇੰਸਿਜ਼ ਸੈਂਟਰ ਦੀ ਪੀਡੀਆਟ੍ਰਿਕ ਸੈਂਟਰ ਵਿਖੇ ਬਾਲ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਛੋਟੀ ਉਮਰ ਦੇ ਬੱਚਿਆ ਲਈ ਵਿਸ਼ੇਸ਼ ਤੌਰ ’ਤੇ ਇਕ ਸੰਖੇਪ ਤੇ ਦਿਲਚਸਪ ਪ੍ਰੋਗਰਾਮ ਕਰਵਾਇਆ, ਜਿਸ ਦਾ ਮੁੱਖ ਉਦੇਸ਼ ਬੱਚਿਆਂ ਵਿਚ ਮੂੰਹ ਤੇ ਦੰਦਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਸਮਾਗਮ ਦੌਰਾਨ ਉਨ੍ਹਾਂ ਬੱਚਿਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਦੰਦਾਂ ਦੇ ਇਲਾਜ ਦੌਰਾਨ ਵਧੀਆ ਸਹਿਯੋਗ ਦਿੱਤਾ। ਇਸ ਦੌਰਾਨ ਮੂੰਹ ਦੀ ਸਫ਼ਾਈ ਦਾ ਖ਼ਾਸ ਧਿਆਨ ਰੱਖਿਆ, ਦੰਦਾਂ ਦੀ ਸੱਟ ਲੱਗਣ ਦੀ ਸਥਿਤੀ ਵਿਚ ਸਮਝਦਾਰੀ ਤੇ ਤੁਰੰਤ ਸੂਝ-ਬੂਝ ਦਾ ਪ੍ਰਦਰਸ਼ਨ ਕੀਤਾ। ਆਰਥੋਡੋਂਟਿਕ ਉਪਕਰਨਾਂ ਦੀ ਵਰਤੋਂ ਸੰਬੰਧੀ ਹਦਾਇਤਾਂ ਦੀ ਪਾਲਣਾ ਕੀਤੀ ਗਈ। ਇਸ ਤੋਂ ਇਲਾਵਾ ਸਲਾਹ-ਮਸ਼ਵਰੇ ਰਾਹੀਂ ਆਪਣੀਆਂ ਗ਼ਲਤ ਮੂੰਹ ਸੰਬੰਧੀ ਆਦਤਾਂ ਛੱਡਣ ਵਾਲੇ ਬੱਚਿਆਂ ਦੀ ਵੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਮੂੰਹ ਦੀ ਸਿਹਤ ਨਾਲ ਸੰਬੰਧਤ ਇਕ ਦਿਲਚਸਪ ਪ੍ਰਸ਼ਨੋਤਰੀ ਵੀ ਕਰਵਾਈ ਗਈ, ਜਿਸ ’ਚ ਸਾਰਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਰਾਹੀਂ ਦੰਦਾਂ ਦੀ ਸਹੀ ਦੇਖਭਾਲ ਤੇ ਸਿਹਤਮੰਦ ਆਦਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪੀਡੀਆਟ੍ਰਿਕ ਦੇ ਪ੍ਰੋਫੈਸਰ-ਇੰਚਾਰਜ ਡਾ. ਅਦਿਤੀ ਕਪੂਰ ਨੇ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਮੂੰਹ ਦੀ ਸਿਹਤ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਉਮਰ ਵਿਚ ਵਿਕਸਿਤ ਹੋਣ ਵਾਲੀਆਂ ਚੰਗੀਆਂ ਆਦਤਾਂ ਜੀਵਨ ਭਰ ਉਨ੍ਹਾਂ ਦੇ ਕੰਮ ਆਉਂਦੀਆਂ ਹਨ। ਇਸ ਪਹਿਲਕਦਮੀ ਦਾ ਉਦੇਸ਼ ਬੱਚਿਆਂ ਲਈ ਸਿਹਤ ਸਿੱਖਿਆ ਨੂੰ ਦਿਲਚਸਪ ਅਤੇ ਬਾਲ-ਕੇਂਦਰਿਤ ਬਣਾਉਣ ਦੇ ਨਾਲ-ਨਾਲ ਇਹ ਸੰਦੇਸ਼ ਦੇਣਾ ਸੀ ਕਿ ਮੂੰਹ ਦੀ ਚੰਗੀ ਸਿਹਤ ਸਮੁੱਚੀ ਸਿਹਤ ਤੇ ਤੰਦਰੁਸਤੀ ਦਾ ਅਹਿਮ ਹਿੱਸਾ ਹੈ।