ਐੱਸ.ਏ.ਐੱਸ. ਨਗਰ, 6 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਐੱਚ. ਆਈ. ਵੀ. ਪਾਜ਼ੀਟਿਵ ਮਰੀਜ਼ਾਂ ਦੀ ਪਛਾਣ, ਸਮੇਂ ਸਿਰ ਇਲਾਜ ਸ਼ੁਰੂ ਕਰਨ ਅਤੇ ਐੱਚ. ਆਈ. ਵੀ. ਦੇ ਹੋਰ ਫੈਲਾਅ ਨੂੰ ਰੋਕਣ ‘ਚ ਮੁਹਾਲੀ ਜ਼ਿਲ੍ਹੇ ਨੇ ਮਹੱਤਵਪੂਰਨ ਉਪਲੱਬਧੀ ਹਾਸਿਲ ਕੀਤੀ ਹੈ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਜ਼ਿਲ੍ਹੇ ਲਈ ਐੱਚ. ਆਈ. ਵੀ. ਦੀ ਰੋਕਥਾਮ ਅਤੇ ਕੰਟਰੋਲ ਪ੍ਰੋਗਰਾਮ ਤਹਿਤ ਤਿੰਨ ਵਿਸ਼ੇਸ਼ ਟੀਚੇ ਨਿਰਧਾਰਤ ਕੀਤੇ ਗਏ ਸਨ। ਸਿਵਲ ਸਰਜਨ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਟੀਮ ਨੇ ਸੁਚੱਜੀ ਸਕਰੀਨਿੰਗ, ਸਮੇਂ ਸਿਰ ਕੇਸਾਂ ਦੀ ਪਛਾਣ, ਪ੍ਰਭਾਵਸ਼ਾਲੀ ਕਾਊਂਸਲਿੰਗ ਅਤੇ ਪਛਾਣੇ ਗਏ ਮਰੀਜ਼ਾਂ ਨੂੰ ਤੁਰੰਤ ਇਲਾਜ ਅਤੇ ਫਾਲੋਅੱਪ ਸੇਵਾਵਾਂ ਨਾਲ ਜੋੜ ਕੇ ਇਹ ਤਿੰਨੋਂ ਟੀਚੇ ਸਫ਼ਲਤਾਪੂਰਵਕ ਹਾਸਿਲ ਕੀਤੇ ਗਏ ਹਨ। ਇਸ ਕਾਰਨ ਮੁਹਾਲੀ ਜ਼ਿਲ੍ਹਾ ਪੰਜਾਬ ਭਰ ‘ਚੋਂ ਸਿਖਰਲੇ ਤਿੰਨ ਜ਼ਿਲ੍ਹਿਆਂ ਵਿਚ ਆਪਣੀ ਥਾਂ ਬਣਾਉਣ ‘ਚ ਸਫ਼ਲ ਰਿਹਾ ਹੈ। ਇਸ ਸ਼ਾਨਦਾਰ ਉਪਲੱਬਧੀ ਅਤੇ ਜ਼ਿਲ੍ਹੇ ਦੀ ਬਿਹਤਰੀਨ ਕਾਰਗੁਜ਼ਾਰੀ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵਲੋਂ ਬੀਤੇ ਦਿਨੀਂ ਰਾਜ ਪੱਧਰੀ ਸਮਾਗਮ ਦੌਰਾਨ ਸਿਵਲ ਸਰਜਨ ਮੁਹਾਲੀ ਡਾ. ਸੰਗੀਤਾ ਜੈਨ ਸਮੇਤ ਸਮੁੱਚੀ ਜ਼ਿਲ੍ਹਾ ਸਿਹਤ ਟੀਮ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨ ਪ੍ਰਾਪਤ ਕਰਨ ਵਾਲੀ ਟੀਮ ਵਿਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਨਵਦੀਪ ਸਿੰਘ ਵੀ ਸ਼ਾਮਿਲ ਸਨ। ਇਸ ਉਪਲੱਬਧੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਡਾ. ਸੰਗੀਤਾ ਜੈਨ ਨੇ ਜ਼ਿਲ੍ਹਾ ਸਿਹਤ ਟੀਮ ਦੇ ਸਮੂਹਿਕ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਨਿਰਧਾਰਤ ਤਿੰਨੇ ਟੀਚੇ ਹਾਸਿਲ ਕਰਨਾ ਟੀਮ ਵਰਕ, ਸਮਰਪਣ ਅਤੇ ਲਗਾਤਾਰ ਨਿਗਰਾਨੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਰਾਜ ਪੱਧਰ ‘ਤੇ ਮਿਲਿਆ ਇਹ ਸਨਮਾਨ ਟੀਮ ਨੂੰ ਐੱਚ. ਆਈ. ਵੀ. ਦੀ ਰੋਕਥਾਮ, ਜਾਂਚ, ਇਲਾਜ ਅਤੇ ਕਾਊਂਸਲਿੰਗ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰੇਗਾ।