ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਗਮਾਡਾ ਵਿਖੇ ਈ. ਡੀ. ਦੀ ਚੱਲ ਰਹੀ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਸਿਆਸੀ ਬਿਆਨਬਾਜ਼ੀ ਛੱਡ ਕੇ ਰਿਕਾਰਡ ਦੇ ਆਧਾਰ ’ਤੇ ਜਨਤਾ ਸਾਹਮਣੇ ਪੂਰੀ ਸਥਿਤੀ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਈ. ਡੀ. ਦੀ ਜਾਂਚ ਦੌਰਾਨ ਗਮਾਡਾ ਦਫ਼ਤਰ ਦੀਆਂ ਕੁੱਝ ਮੰਜ਼ਿਲਾਂ ਸੀਲ ਕੀਤੇ ਜਾਣ ਅਤੇ ਸਰਕਾਰੀ ਰਿਕਾਰਡ ਤੇ ਅਧਿਕਾਰੀਆਂ ਦੇ ਮੋਬਾਈਲ ਫ਼ੋਨ ਜਾਂਚ ਲਈ ਕਬਜ਼ੇ ਵਿਚ ਲਏ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਜਾਂਚ ਵਿਚ ਜ਼ਮੀਨ ਐਕੁਜ਼ੀਸ਼ਨ, ਜ਼ਮੀਨ ਦੀ ਵਰਤੋਂ ਬਦਲਣ ਦੀਆਂ ਮਨਜ਼ੂਰੀਆਂ, ਮੁਆਵਜ਼ੇ ਅਤੇ ਨਿੱਜੀ ਡਿਵੈਲਪਰਾਂ ਨਾਲ ਜੁੜੇ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਜੇਕਰ ਗਮਾਡਾ ਨਾਲ ਸੰਬੰਧਿਤ ਜ਼ਮੀਨਾਂ ਅਤੇ ਸਰਕਾਰੀ ਖ਼ਜ਼ਾਨੇ ਨਾਲ ਜੁੜੇ ਸਾਰੇ ਫ਼ੈਸਲੇ ਨਿਯਮਾਂ ਅਤੇ ਪਾਰਦਰਸ਼ੀ ਪ੍ਰਕਿਰਿਆ ਅਨੁਸਾਰ ਹੋਏ ਹਨ ਤਾਂ ਪੰਜਾਬ ਸਰਕਾਰ ਨੂੰ ਸੰਬੰਧਿਤ ਰਿਕਾਰਡ ਅਤੇ ਤੱਥ ਜਨਤਾ ਸਾਹਮਣੇ ਰੱਖਣੇ ਚਾਹੀਦੇ ਹਨ। ਸਰਕਾਰ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਫ਼ੈਸਲਿਆਂ ਲਈ ਕਿਹੜੇ ਨਿਯਮ ਅਤੇ ਕਿਹੜੀਆਂ ਮਨਜ਼ੂਰੀਆਂ ਲਾਗੂ ਕੀਤੀਆਂ ਗਈਆਂ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿਆਸੀ ਬਿਆਨਬਾਜ਼ੀ ਨਹੀਂ, ਸਪੱਸ਼ਟ ਜਵਾਬ ਚਾਹੀਦਾ ਹੈ। ਸਰਕਾਰ ਰਿਕਾਰਡ ਸਾਹਮਣੇ ਰੱਖੇ ਅਤੇ ਦੱਸੇ ਕਿ ਗਮਾਡਾ ਨਾਲ ਸੰਬੰਧਿਤ ਫ਼ੈਸਲੇ ਕਿਹੜੇ ਨਿਯਮਾਂ ਅਤੇ ਕਿਸ ਆਧਾਰ ’ਤੇ ਲਏ ਗਏ। ਸਥਿਤੀ ਬਿਆਨਾਂ ਨਾਲ ਨਹੀਂ, ਤੱਥਾਂ ਨਾਲ ਸਪੱਸ਼ਟ ਹੋਣੀ ਚਾਹੀਦੀ ਹੈ।