ਬੰਦੂਕ ਵਿਖਾ ਕੇ ਪ੍ਰਾਪਰਟੀ ਡੀਲਰ ਦੇ ਪੁੱਤਰ ਤੋਂ ਕਾਰ ਲੁੱਟਣ ਵਾਲੇ 3 ਕਾਬੂ ਲੁੱਟੀ ਗਈ ਹੌਂਡਾ ਸਿਟੀ, ਦੇਸੀ ਕੱਟਾ, ਖਿਡੌਣਾ ਪਿਸਤੌਲ ਤੇ ਚਾਕੂ ਬਰਾਮਦ
ਚੰਡੀਗੜ੍ਹ, 11 ਸਤੰਬਰ (ਕਪਿਲ ਵਧਵਾ)—ਮਨੀਮਾਜਰਾ ਦੇ ਰਾਜੀਵ ਵਿਹਾਰ ਨੇੜੇ ਬੀਤੀ ਰਾਤ ਬੰਦੂਕ ਅਤੇ ਚਾਕੂ ਦੀ ਨੋਕ ’ਤੇ ਪ੍ਰਾਪਰਟੀ ਡੀਲਰ ਦੇ ਪੁੱਤਰ ਤੋਂ ਹੌਂਡਾ ਸਿਟੀ ਕਾਰ ਲੁੱਟਣ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਦੇ ਜ਼ਿਲ੍ਹਾ ਕਰਾਈਮ ਸੈੱਲ ਨੇ 3 ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਲੁੱਟੀ ਗਈ ਹੌਂਡਾ ਸਿਟੀ ਕਾਰ, ਚਾਕੂ, ਇਕ ਖਿਡੌਣਾ ਪਿਸਤੌਲ ਅਤੇ ਇਕ ਦੇਸੀ ਕੱਟਾ ਬਰਾਮਦ ਕੀਤਾ ਹੈ।
ਚੰਡੀਗੜ੍ਹ, 11 ਸਤੰਬਰ (ਕਪਿਲ ਵਧਵਾ)—ਮਨੀਮਾਜਰਾ ਦੇ ਰਾਜੀਵ ਵਿਹਾਰ ਨੇੜੇ ਬੀਤੀ ਰਾਤ ਬੰਦੂਕ ਅਤੇ ਚਾਕੂ ਦੀ ਨੋਕ ’ਤੇ ਪ੍ਰਾਪਰਟੀ ਡੀਲਰ ਦੇ ਪੁੱਤਰ ਤੋਂ ਹੌਂਡਾ ਸਿਟੀ ਕਾਰ ਲੁੱਟਣ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਦੇ ਜ਼ਿਲ੍ਹਾ ਕਰਾਈਮ ਸੈੱਲ ਨੇ 3 ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਲੁੱਟੀ ਗਈ ਹੌਂਡਾ ਸਿਟੀ ਕਾਰ, ਚਾਕੂ, ਇਕ ਖਿਡੌਣਾ ਪਿਸਤੌਲ ਅਤੇ ਇਕ ਦੇਸੀ ਕੱਟਾ ਬਰਾਮਦ ਕੀਤਾ ਹੈ। ਪੁਲਿਸ ਵਲੋਂ ਵਾਰਦਾਤ ਵਿਚ ਸ਼ਾਮਲ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਰਾਜੀਵ ਵਿਹਾਰ ਸੁਸਾਇਟੀ ਵਾਸੀ 24 ਸਾਲਾ ਪੁਲਕਿਤ ਸ਼ਰਮਾ ਬੀਤੀ ਰਾਤ ਕਰੀਬ 12.30 ਵਜੇ ਪੰਚਕੂਲਾ ਤੋਂ ਆਪਣੀ ਹੌਂਡਾ ਸਿਟੀ ਕਾਰ ਰਾਹੀਂ ਘਰ ਵਾਪਸ ਆ ਰਿਹਾ ਸੀ। ਸੁਸਾਇਟੀ ਦੇ ਮੁੱਖ ਗੇਟ ਤੋਂ ਕਰੀਬ 50 ਮੀਟਰ ਪਿੱਛੇ ਉਹ ਆਨਲਾਈਨ ਖਾਣਾ ਮੰਗਵਾਉਣ ਤੋਂ ਬਾਅਦ ਡਿਲੀਵਰੀ ਬੁਆਏ ਦੀ ਉਡੀਕ ਕਰ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਗਲਤ ਸਾਈਡ ਤੋਂ ਆ ਕੇ ਉਸ ਦੀ ਕਾਰ ਅੱਗੇ ਰੁਕ ਗਏ। ਕੁਝ ਹੀ ਸਮੇਂ ਬਾਅਦ ਐਕਟਿਵਾ ’ਤੇ ਸਵਾਰ ਦੋ ਹੋਰ ਨੌਜਵਾਨ ਵੀ ਉੱਥੇ ਪਹੁੰਚ ਗਏ।ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮਾਂ ਨੇ ਉਸ ਦੀ ਗਰਦਨ ’ਤੇ ਚਾਕੂ ਰੱਖ ਦਿੱਤਾ ਅਤੇ ਇਕ ਨੌਜਵਾਨ ਨੇ ਉਸ ਵੱਲ ਪਿਸਤੌਲ ਤਾਣ ਦਿੱਤੀ। ਇਸ ਦੌਰਾਨ ਇਕ ਮੁਲਜ਼ਮ ਨੇ ਉਸ ਦੀ ਕਾਰ ਦੀ ਚਾਬੀ ਜ਼ਬਰਦਸਤੀ ਕੱਢ ਲਈ ਅਤੇ ਹੌਂਡਾ ਸਿਟੀ ਲੈ ਕੇ ਫ਼ਰਾਰ ਹੋ ਗਿਆ। ਬਾਕੀ ਸਾਥੀ ਮੋਟਰਸਾਈਕਲ ਅਤੇ ਐਕਟਿਵਾ ’ਤੇ ਕਲਾਗ੍ਰਾਮ ਲਾਈਟ ਪੁਆਇੰਟ ਵੱਲ ਫ਼ਰਾਰ ਹੋ ਗਏ। ਵਾਰਦਾਤ ਵਿਚ ਕਰੀਬ 5-6 ਨੌਜਵਾਨ ਸ਼ਾਮਲ ਦੱਸੇ ਗਏ ਹਨ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਕਰਾਈਮ ਸੈੱਲ ਦੀ ਟੀਮ ਨੇ ਮਨੁੱਖੀ ਅਤੇ ਤਕਨੀਕੀ ਸੂਚਨਾਵਾਂ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੂੰ ਸੂਚਨਾ ਮਿਲੀ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਸੈਕਟਰ-25 ਇਲਾਕੇ ਵਿਚ ਘੁੰਮ ਰਹੇ ਹਨ। ਇਸ ’ਤੇ ਪੁਲਿਸ ਟੀਮ ਨੇ ਪੰਜਾਬ ਯੂਨੀਵਰਸਿਟੀ ਵਲੋਂ ਸੈਕਟਰ-25 ਨੂੰ ਜਾਂਦੀ ਸੜਕ ’ਤੇ ਲੁੱਟੀ ਗਈ ਕਾਰ ਵਿਚ ਘੁੰਮ ਰਹੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਗਿਰਫ਼ਤਾਰ ਮੁਲਜ਼ਮਾਂ ਦੀ ਪਛਾਣ ਕ੍ਰਿਸ਼, ਸੌਰਭ ਅਤੇ ਸੰਜੂ ਵਜੋਂ ਹੋਈ ਹੈ। ਪੁਲਿਸ ਅਨੁਸਾਰ ਤਿੰਨੇ ਨੌਜਵਾਨ ਮਜ਼ਦੂਰੀ ਜਾਂ ਨਿੱਜੀ ਕੰਮ ਕਰਦੇ ਹਨ। ਸੰਜੂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਸਾਹਮਣੇ ਆਇਆ ਹੈ ਅਤੇ ਪੰਚਕੂਲਾ ਪੁਲਿਸ ਵਲੋਂ 2018 ਵਿਚ ਉਸ ਨੂੰ ਚੋਰੀ ਅਤੇ ਅਸਲਾ ਐਕਟ ਦੇ ਦੋ ਮਾਮਲਿਆਂ ਵਿਚ ਗਿਰਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਅਨੁਸਾਰ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਦੀ ਲੋੜ ਪੂਰੀ ਕਰਨ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਰਿਮਾਂਡ ਦੌਰਾਨ ਬਾਕੀ ਸਾਥੀਆਂ ਰਿਤਿਕ, ਰੋਹਨ ਅਤੇ ਸ਼ੁਭਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।