10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਭਗਵੰਤ ਮਾਨ ਸਰਕਾਰ ਦੀ ਲਾਪ੍ਰਵਾਹੀ ਤੇ ਗ਼ਲਤ ਵਿਉਂਤਬੰਦੀ ਨੇ ਪੰਜਾਬ ਨੂੰ ਗੰਭੀਰ ਬਿਜਲੀ ਸੰਕਟ ’ ਚ ਧੱਕਿਆ - ਸਿੱਧੂ ਕਿਹਾ, ਮੁਹਾਲੀ ਸਮੇਤ ਸੂਬੇ ਦੇ ਸਨਅਤਕਾਰਾਂ ’ਚ ਮਚੀ ਹਾਹਾਕਾਰ

ਐੱਸ. ਏ.

ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। 10-09-2026
ਐੱਸ. ਏ. ਐੱਸ. ਨਗਰ, 9 ਸਤੰਬਰ (ਪ੍ਰੋ. ਅਵਤਾਰ ਸਿੰਘ)-ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਘੋਰ ਲਾਪ੍ਰਵਾਹੀ ਅਤੇ ਗ਼ਲਤ ਵਿਉਂਤਬੰਦੀ ਕਾਰਨ ਸੂਬਾ ਬਿਜਲੀ ਦੇ ਗੰਭੀਰ ਸੰਕਟ ਵਿਚ ਘਿਰ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਮੁਹਾਲੀ ਸਮੇਤ ਪੂਰੇ ਪੰਜਾਬ ਦੇ ਸਨਅਤਕਾਰਾਂ ‘ਚ ਹਾਹਾਕਾਰ ਮੱਚੀ ਹੋਈ ਹੈ ਕਿਉਂਕਿ ਸਨਅਤੀ ਸੈਕਟਰ ‘ਤੇ ਲੰਬੇ-ਲੰਬੇ ਬਿਜਲੀ ਕੱਟ ਲਗਾ ਕੇ ਉਦਯੋਗਾਂ ਦਾ ਲੱਕ ਤੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਦੇ ਥਰਮਲ ਪਲਾਂਟਾਂ ਕੋਲ ਮਹਿਜ਼ 4 ਦਿਨਾਂ ਦਾ ਹੀ ਕੋਲਾ ਬਾਕੀ ਬਚਿਆ ਹੈ, ਜਿਸ ਕਾਰਨ ਬਿਜਲੀ ਉਤਪਾਦਨ ਠੱਪ ਹੋਣ ਕਿਨਾਰੇ ਪੁੱਜ ਚੁੱਕਾ ਹੈ। ਉਨ੍ਹਾਂ ਸਰਕਾਰ ਦੀ ਨੀਅਤ ‘ਤੇ ਸਵਾਲ ਚੁੱਕਦਿਆਂ ਖੁਲਾਸਾ ਕੀਤਾ ਕਿ ਸੋਲਰ ਐਨਰਜ਼ੀ ਕਾਰਪੋਰੇਸ਼ਨ ਆਫ਼ ਇੰਡੀਆ ਨੇ ਪੰਜਾਬ ਨੂੰ 250 ਮੈਗਾਵਾਟ ਸੂਰਜੀ ਊਰਜਾ 25 ਸਾਲਾਂ ਲਈ 2.61 ਰੁ. ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦੇਣੀ ਸੀ, ਪਰ ਸਰਕਾਰ ਦੇ ਦਬਾਅ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਜਦੋਂ ਹੁੰਗਾਰਾ ਨਾ ਭਰਿਆ ਤਾਂ ਇਹ ਸਸਤੀ ਸੂਰਜੀ ਊਰਜਾ ਦਾ ਸਮਝੌਤਾ ਰੱਦ ਕਰਕੇ ਕਿਸੇ ਹੋਰ ਸੂਬੇ ਨੂੰ ਦੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਨਿੱਜੀ ਕੰਪਨੀਆਂ ਤੋਂ 8 ਰੁ. ਪ੍ਰਤੀ ਯੂਨਿਟ ਦੇ ਭਾਅ ‘ਤੇ ਥੋੜ੍ਹੇ ਸਮੇਂ ਦੇ ਸਮਝੌਤਿਆਂ ਰਾਹੀਂ ਬਿਜਲੀ ਖ਼ਰੀਦੀ ਜਾ ਰਹੀ ਹੈ, ਜੋ ਕਿ ਸਿੱਧੇ ਤੌਰ ‘ਤੇ ਜਨਤਾ ਦੇ ਪੈਸੇ ਦੀ ਲੁੱਟ-ਖਸੁੱਟ ਅਤੇ ਬਹੁਤ ਵੱਡਾ ਘੁਟਾਲਾ ਹੈ। ਸਾਬਕਾ ਮੰਤਰੀ ਸਿੱਧੂ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਟੇਟ ਪਾਵਰ ਕਾਰੋਪੋਰੇਸ਼ਨ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿਚ ਪ੍ਰਵਾਨ ਕੀਤੀ ਗਈ ਇਸ ਖ਼ਰੀਦ ਸਮਝੌਤੇ ਨੂੰ ਉਸ ਵੇਲੇ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਦਬਾਅ ਪਾ ਕੇ ਰੁਕਵਾਇਆ ਸੀ ਅਤੇ ਨਿੱਜੀ ਕੰਪਨੀਆਂ ਨਾਲ ਮਹਿੰਗੇ ਭਾਅ ਦੇ ਸਮਝੌਤੇ ਕੀਤੇ ਸਨ। ਉਨ੍ਹਾਂ ਕਿਹਾ ਕਿ ਇਸ ਨੰਗੀ-ਚਿੱਟੀ ਲੁੱਟ ਦਾ ਵਿਰੋਧ ਕੀਤੇ ਜਾਣ ਕਰਕੇ ਹੀ ਉਸ ਵੇਲੇ ਦੇ ਜੈਨਰੇਸ਼ਨ ਡਾਇਰੈਕਟਰ ਹਰਜੀਤ ਸਿੰਘ ਨੂੰ ਬਿਨਾਂ ਕੋਈ ਕਾਰਨ ਦੱਸੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ 5 ਸਾਲਾਂ ਦੌਰਾਨ ਸੂਬੇ ਦੇ ਬਿਜਲੀ ਢਾਂਚੇ ‘ਚ ਇਕ ਵੀ ਯੂਨਿਟ ਥਰਮਲ ਜਾਂ ਸੂਰਜੀ ਊਰਜਾ ਦੇ ਉਤਪਾਦਨ ਦਾ ਨਹੀਂ ਜੋੜਿਆ, ਜਿਸ ਦਾ ਖ਼ਮਿਆਜ਼ਾ ਅੱਜ ਸਨਅਤਕਾਰਾਂ ਅਤੇ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਦੀ ਇਹੀ ਹਾਲਤ ਰਹੀ ਤਾਂ ਪੰਜਾਬ ਦੀ ਇੰਡਸਟਰੀ ਇਥੋਂ ਪਲਾਇਨ ਕਰਕੇ ਬਾਹਰਲੇ ਸੂਬਿਆਂ ‘ਚ ਚਲੀ ਜਾਵੇਗੀ, ਜਿਸ ਨਾਲ ਲੱਖਾਂ ਨੌਜਵਾਨ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਸਨਅਤਕਾਰਾਂ ਤੇ ਵਪਾਰੀਆਂ ਦੇ ਹੱਕ ‘ਚ ਚਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਆਪਣੀ ਕੁੰਭਕਰਨੀ ਨੀਂਦ ਤਿਆਗ ਕੇ ਹਾਲਾਤ ਨਾ ਸੁਧਾਰੇ ਅਤੇ ਬਿਜਲੀ ਕੱਟ ਬੰਦ ਨਾ ਕੀਤੇ ਤਾਂ ਕਾਂਗਰਸ ਪਾਰਟੀ ਸਰਕਾਰ ਵਿਰੁੱਧ ਸੜਕਾਂ ‘ਤੇ ਉਤਰ ਕੇ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰੇਗੀ।
ਪਿਛਲੀ ਖ਼ਬਰ ਪੁਲਿਸ ਵਲੋਂ ਚੈੱਕ ਬਾਊਂਸ ਦੇ ਮਾਮਲਿਆਂ ’ ਚ ਦੋ ਭਗੌੜੇ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਹੈਰੋਇਨ ਸਮੇਤ ਔਰਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।