06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਅਧਿਆਪਕ ਦਿਵਸ ਮੌਕੇ ‘ਟੀਚਿੰਗ ਟਾਈਟਨਸ 2026’ ਐਵਾਰਡ ਸਮਾਰੋਹ ਕਰਵਾਇਆ

ਐੱਸ. ਏ.

ਅਜੀਤ ਡੈਸਕ 06-09-2026
ਐੱਸ. ਏ. ਐੱਸ. ਨਗਰ, 5 ਸਤੰਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਵਲੋਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦੀ ਮਿਹਨਤ, ਸਮਰਪਣ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ‘ਚ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਲਈ ‘ਟੀਚਿੰਗ ਟਾਈਟਨਸ-2026’ ਐਵਾਰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ‘ਚ ਸ਼ਾਨਦਾਰ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਕੁੱਲ 300 ਤੋਂ ਵੱਧ ਐਵਾਰਡਾਂ ਨਾਲ ਨਿਵਾਜਿਆ ਗਿਆ। ਇਸ ਐਵਾਰਡ ਸਮਾਰੋਹ ਦੀ ਪ੍ਰਧਾਨਗੀ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਸੀਨੀਅਰ ਅਕਾਦਮਿਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ, ਜਿਨ੍ਹਾਂ ‘ਚ ਦਮਨਦੀਪ ਕੌਰ ਸੰਧੂ (ਪ੍ਰੋ-ਚਾਂਸਲਰ), ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰ. ਐਸ. ਬਾਵਾ, ਰਜਿਸਟਰਾਰ ਪ੍ਰੋ. (ਡਾ.) ਐੱਸ. ਐੱਸ. ਸਹਿਗਲ ਅਤੇ ਕਾਰਜਕਾਰੀ ਨਿਰਦੇਸ਼ਕ (ਐੱਚ. ਆਰ.) ਨਵਜੋਤ ਸਿੰਘ ਮਿਗਲਾਨੀ ਸ਼ਾਮਿਲ ਸਨ। ਸਮਾਰੋਹ ਦੌਰਾਨ ‘ਟੀਚਿੰਗ ਟਾਈਟਨਸ 2026’ ਪੁਰਸਕਾਰਾਂ ਤਹਿਤ 18 ਵਰਗਾਂ ‘ਚ 300 ਤੋਂ ਵੱਧ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਨ, ਖੋਜ, ਵਿਦਿਆਰਥੀ ਮਾਰਗਦਰਸ਼ਨ, ਨਵੀਆਂ ਪੜ੍ਹਾਉਣ ਦੀਆਂ ਵਿਧੀਆਂ, ਸਮਾਜ ਸੇਵਾ, ਟੀਮ ਵਰਕ ਅਤੇ ਯੂਨੀਵਰਸਿਟੀ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ‘ਚ ਵਧੀਆ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਇਨ੍ਹਾਂ ਐਵਾਰਡਾਂ ਦਾ ਮਕਸਦ ਅਧਿਆਪਕਾਂ ਦੀ ਮਿਹਨਤ ਨੂੰ ਮਾਨਤਾ ਦੇਣ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ‘ਚ ਹੋਰ ਬਿਹਤਰ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਸੀ। ਯੂਨੀਵਰਸਿਟੀ ਪੱਧਰ ਦੇ ਪ੍ਰਮੁੱਖ ਸਨਮਾਨਾਂ ‘ਚ ਸੀ. ਵੀ. ਰਮਨ ਐਵਾਰਡ, ਡਾ. ਹੋਮੀ ਜੇ. ਭਾਭਾ ਐਵਾਰਡ ਅਤੇ ਡਾ. ਐੱਸ. ਰਾਧਾਕ੍ਰਿਸ਼ਨਨ ਐਵਾਰਡ ਸ਼ਾਮਿਲ ਸਨ। ਇਸ ਮੌਕੇ ਖੋਜ ਦੇ ਖੇਤਰ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਈ. ਸੀ. ਈ. ਤੋਂ ਡਾ. ਸ਼ੋਨਕ ਬਾਂਸਲ ਨੂੰ ਸੀ. ਵੀ. ਰਮਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਯੂ. ਸੀ. ਆਰ. ਡੀ. ਤੋਂ ਡਾ. ਜਸ਼ਨਪ੍ਰੀਤ ਸਿੰਘ ਨੂੰ ਖੋਜ ਦੇ ਖੇਤਰ ‘ਚ ਉੱਤਮ ਯੋਗਦਾਨ ਲਈ ਡਾ. ਹੋਮੀ ਜੇ. ਭਾਭਾ ਐਵਾਰਡ ਪ੍ਰਦਾਨ ਕੀਤਾ ਗਿਆ। ਇਸੇ ਤਰ੍ਹਾਂ ਅਧਿਆਪਨ ਦੇ ਖੇਤਰ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਬਾਇਓਟੈਕਨਾਲੋਜੀ ਯੂ. ਸੀ. ਆਰ. ਡੀ. ਤੋਂ ਡਾ. ਨਰਸ਼ੰਸ ਆਲੋਕ ਸਾਗਰ ਨੂੰ ਡਾ. ਐੱਸ. ਰਾਧਾਕ੍ਰਿਸ਼ਨਨ ਐਵਾਰਡ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਵਿਭਾਗੀ ਪੱਧਰ ‘ਤੇ ਖੋਜ ‘ਚ ਸ਼ਾਨਦਾਰ ਪ੍ਰਦਰਸ਼ਨ ਲਈ 60 ਰੀਸਰਚ ਲੂਮੀਨਰੀ ਐਵਾਰਡ ਅਤੇ ਅਧਿਆਪਨ ‘ਚ ਉੱਤਮਤਾ ਲਈ 60 ਸਟਾਰ ਐਜੂਕੇਟਰ ਐਵਾਰਡ ਅਧਿਆਪਕਾਂ ਨੂੰ ਪ੍ਰਦਾਨ ਕੀਤੇ ਗਏ, ਜਦਕਿ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ‘ਚ ਵਧੀਆ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ 5 ਕਮਿਊਨਿਟੀ ਸਰਵਿਸ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸੇਵਾ ਦੇ ਸ਼ੁਰੂਆਤੀ ਸਾਲਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਨੂੰ 8 ਇਮਰਜਿੰਗ ਸਟਾਰ ਐਜੂਕੇਟਰ ਐਵਾਰਡ ਵੀ ਦਿੱਤੇ ਗਏ, ਜਦਕਿ ਪੜ੍ਹਾਉਣ ਤੇ ਸਿੱਖਣ ਦੇ ਖੇਤਰ ‘ਚ ਨਵੇਂ ਤਰੀਕੇ ਅਪਣਾਉਣ ਵਾਲੇ ਅਧਿਆਪਕਾਂ ਨੂੰ 8 ਇੰਨੋਵੇਸ਼ਨ ਕੈਟਾਲਿਸ ਐਵਾਰਡ, ਅਕਾਦਮਿਕ ਤੇ ਯੂਨੀਵਰਸਿਟੀ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਨੂੰ ਬਿਹਤਰ ਢੰਗ ਨਾਲ ਨਿਭਾਉਣ ਵਾਲਿਆਂ ਨੂੰ 16 ਸਟਾਰ ਟੀਮ ਪਲੇਅਰ-ਕੋਆਰਡੀਨੇਟਰ ਰੋਲ ਐਵਾਰਡ ਅਤੇ ਯੂਨੀਵਰਸਿਟੀ ਦੇ ਕੰਮਕਾਜ ‘ਚ ਪ੍ਰਭਾਵਸ਼ਾਲੀ ਸੁਧਾਰ ਲਿਆਉਣ ਵਾਲੀਆਂ ਪਹਿਲਕਦਮੀਆਂ ਲਈ 8 ਟਰਾਂਸਫੋਰਮੇਸ਼ਨ ਚੈਂਪੀਅਨ ਐਵਾਰਡ ਵੀ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ ਅਕਾਦਮਿਕ ਜ਼ਿੰਮੇਵਾਰੀਆਂ ਦੇ ਨਾਲ ਵਾਧੂ ਪ੍ਰਬੰਧਕੀ ਜ਼ਿੰਮੇਵਾਰੀਆਂ ਨੂੰ ਸਫ਼ਲਤਾਪੂਰਵਕ ਨਿਭਾਉਣ ਵਾਲੇ ਅਧਿਆਪਕਾਂ ਨੂੰ 30 ਬੈਸਟ ਟੀਮ ਪਲੇਅਰ-ਐਡਮਿਨਸਟ੍ਰੇਟਿਵ ਰੋਲ ਐਵਾਰਡ, ਯੂਨੀਵਰਸਿਟੀ ਦੇ ਮੁੱਖ ਮੁੱਲਾਂ ਨੂੰ ਆਪਣੇ ਕੰਮ ਅਤੇ ਵਿਵਹਾਰ ਰਾਹੀਂ ਲਗਾਤਾਰ ਦਰਸਾਉਣ ਵਾਲੇ ਅਧਿਆਪਕਾਂ ਨੂੰ 5 ਸੀ. ਯੂ. ਵੈਲਿਊ ਅੰਬੈਸਡਰ ਐਵਾਰਡ ਅਤੇ ਮਹੱਤਵਪੂਰਨ ਯੋਗਦਾਨ ਲਈ 25 ਸਪੈਸ਼ਲ ਰੈਕੋਗਨਿਸ਼ਨ ਐਵਾਰਡ ਪ੍ਰਦਾਨ ਕੀਤੇ ਗਏ। ਇਸੇ ਤਰ੍ਹਾਂ ਵਿਦਿਆਰਥੀ-ਕੇਂਦਰਿਤ ਯੋਗਦਾਨ ਅਤੇ ਅਗਵਾਈ ਨੂੰ ਵੀ ਐਵਾਰਡਾਂ ‘ਚ ਵਿਸ਼ੇਸ਼ ਥਾਂ ਦਿੱਤੀ ਗਈ। ਵਿਭਾਗਾਂ, ਟੀਮਾਂ ਅਤੇ ਯੂਨੀਵਰਸਿਟੀ ਦੀ ਅਗਵਾਈ ‘ਚ ਸ਼ਾਨਦਾਰ ਕੰਮ ਕਰਨ ਵਾਲੇ ਐਚ. ਓ. ਡੀ., ਡੀਨ ਅਤੇ ਡਾਇਰੈਕਟਰਸ ਨੂੰ 25 ਲੀਡਰਸ਼ਿਪ ਐਮੀਨੈਂਸ ਐਵਾਰਡ ਦਿੱਤੇ ਗਏ, ਜਦਕਿ ਵਿਦਿਆਰਥੀਆਂ ਵਲੋਂ ਕੀਤੀ ਗਈ ਆਨਲਾਈਨ ਵੋਟਿੰਗ ਦੇ ਆਧਾਰ ‘ਤੇ 10 ਸਟੂਡੈਂਟਸ ਫ਼ੇਵਰੇਟ ਟੀਚਰ ਐਵਾਰਡ ਪ੍ਰਦਾਨ ਕੀਤੇ ਗਏ। ਇਸ ਮੌਕੇ ਵਿਦਿਆਰਥੀਆਂ ਦੀ ਪੜ੍ਹਾਈ, ਹਾਜ਼ਰੀ ਅਤੇ ਪਲੇਸਮੈਂਟ ਦੀ ਤਿਆਰੀ ‘ਚ ਪ੍ਰਭਾਵਸ਼ਾਲੀ ਮਾਰਗਦਰਸ਼ਨ ਦੇਣ ਵਾਲੇ ਅਧਿਆਪਕਾਂ ਨੂੰ 8 ਬੈਸਟ ਮੈਂਟੋਰ ਐਵਾਰਡ , ਜਦਕਿ ਪ੍ਰੀਖਿਆ ਤੇ ਮੁਲਾਂਕਣ ਪ੍ਰਕਿਰਿਆ ‘ਚ ਸ਼ਾਨਦਾਰ ਯੋਗਦਾਨ ਲਈ 8 ਐਗਜ਼ਾਮੀਨੇਸ਼ਨ ਐਵਾਰਡ ਦਿੱਤੇ ਗਏ। ਐਵਾਰਡ ਦੀ ਚੋਣ ਅਧਿਆਪਨ ਪ੍ਰਦਰਸ਼ਨ, ਵਿਦਿਆਰਥੀਆਂ ਦੀ ਪ੍ਰਤੀਕਿਰਿਆ, ਵਿਦਿਆਰਥੀਆਂ ਦੇ ਨਤੀਜੇ, ਖੋਜ ਕਾਰਜ, ਪ੍ਰਕਾਸ਼ਨ, ਪੇਟੈਂਟ, ਪ੍ਰਾਜੈਕਟ, ਵਿਦਿਆਰਥੀ ਮਾਰਗਦਰਸ਼ਨ ਅਤੇ ਯੂਨੀਵਰਸਿਟੀ ‘ਚ ਪਾਏ ਗਏ ਸਮੁੱਚੇ ਯੋਗਦਾਨ ਦੇ ਆਧਾਰ ‘ਤੇ ਕੀਤੀ ਗਈ। ਇਸ ਮੌਕੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਧਿਆਪਕਾਂ ਨੂੰ ਟੀਚਰਜ਼ ਡੇ ਦੀ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਹੋਣਾ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਰ ਕੰਮ ‘ਚ ਸਮਰਪਣ ਜ਼ਰੂਰੀ ਹੈ, ਉਸੇ ਤਰ੍ਹਾਂ ਜੇਕਰ ਅਧਿਆਪਕ ਪੂਰੀ ਇਮਾਨਦਾਰੀ, ਮਨੁੱਖਤਾ, ਸੰਵੇਦਨਸ਼ੀਲਤਾ ਅਤੇ ਪਿਆਰ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਦਿੰਦਾ ਹੈ ਤਾਂ ਅੱਧਾ ਕੰਮ ਉਥੇ ਹੀ ਪੂਰਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀ ਬਹੁਤ ਜਾਗਰੂਕ ਹਨ ਅਤੇ ਤਕਨਾਲੋਜੀ ਨਾਲ ਜੁੜੇ ਹੋਏ ਹਨ। ਇਸ ਲਈ ਅਧਿਆਪਕ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਸਿਰਫ਼ ਪੜ੍ਹਾਉਣ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਵਿਦਿਆਰਥੀਆਂ ਨਾਲ ਜੁੜ ਕੇ ਉਨ੍ਹਾਂ ਨੂੰ ਸਹੀ ਦਿਸ਼ਾ ਅਤੇ ਮਾਰਗਦਰਸ਼ਨ ਦੇਣਾ ਚਾਹੀਦਾ ਹੈ।
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦੋ ਰੋਜ਼ਾ ਗੁਰਮਤਿ ਸਮਾਗਮ 12 ਤੋਂ ਸ਼ੁਰੂ ਅਗਲੀ ਖ਼ਬਰ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੇ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।