ਸ਼੍ਰੋਮਣੀ ਅਕਾਲੀ ਦਲ ( ਬ ) ਤੇ ਭਾਜਪਾ ਦਾ ਗੱਠਜੋੜ ਸੂਬੇ ਜਾਂ ਲੋਕਾਂ ਦੇ ਹਿੱਤ ’ ਚ ਨਹੀਂ - ਜਗਮੋਹਨ ਸਿੰਘ ਕੰਗ
ਖਰੜ, 3 ਸਤੰਬਰ (ਗੁਰਮੁੱਖ ਸਿੰਘ ਮਾਨ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਜੋ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਅਤੇ ਵਾਰ-ਵਾਰ ਭਾਜਪਾ ਆਗੂਆਂ ਦੇ ਬਿਆਨ ਆ ਰਹੇ ਹਨ ਕਿ ਅਸੀਂ ਇਕੱਲੇ ਹੀ 117 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਾਂਗੇ, ਇਹ ਦੋਵਾਂ ਪਾਰਟੀਆਂ ਵਲੋਂ ਆਪੋ ਆਪਣੀਆਂ ਸੀਟਾਂ ‘ਤੇ ਹੱਕ ਵਧਾਉਣ ਵਾਸਤੇ ਹੋ ਰਹੀ ਖਿੱਚੋਤਾਣ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੀ ਸੀਟਾਂ ਦੀ ਐਡਜਸਟਮੈਂਟ ਲਈ ਲਗਾਤਾਰ ਗੱਲਬਾਤ ਚੱਲ ਰਹੀ ਹੈ।
ਖਰੜ, 3 ਸਤੰਬਰ (ਗੁਰਮੁੱਖ ਸਿੰਘ ਮਾਨ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਜੋ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਅਤੇ ਵਾਰ-ਵਾਰ ਭਾਜਪਾ ਆਗੂਆਂ ਦੇ ਬਿਆਨ ਆ ਰਹੇ ਹਨ ਕਿ ਅਸੀਂ ਇਕੱਲੇ ਹੀ 117 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਾਂਗੇ, ਇਹ ਦੋਵਾਂ ਪਾਰਟੀਆਂ ਵਲੋਂ ਆਪੋ ਆਪਣੀਆਂ ਸੀਟਾਂ ‘ਤੇ ਹੱਕ ਵਧਾਉਣ ਵਾਸਤੇ ਹੋ ਰਹੀ ਖਿੱਚੋਤਾਣ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੀ ਸੀਟਾਂ ਦੀ ਐਡਜਸਟਮੈਂਟ ਲਈ ਲਗਾਤਾਰ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਤਾਂ ਹੋਇਆ ਹੀ ਪਿਆ ਹੈ, ਪਰ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਦੋਵਾਂ ਪਾਰਟੀਆਂ ਦੇ ਆਗੂ ਵਾਰ-ਵਾਰ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ‘ਚ ਜਿੰਨੀ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਹਨ, ਉਹ ਹਮੇਸ਼ਾ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਾਰਨ ਹੀ ਬਣੀਆਂ ਹਨ। ਉਨ੍ਹਾਂ ਕਿਹਾ ਕਿ ਅੱਜ 2027 ‘ਚ ਪੰਜਾਬ ਦੀ ਸੱਤਾ ਨੂੰ ਹਥਿਆਉਣ ਲਈ ਸਾਰੀਆਂ ਪਾਰਟੀਆਂ ਤਰਲੋ-ਮੱਛੀ ਹੋਈਆਂ ਪਈਆਂ ਹਨ ਅਤੇ ਹਰ ਹੱਥਕੰਡਾ ਵਰਤ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਜਨਤਾ, ਬੁੱਧੀਜੀਵੀਆਂ ਤੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਨਹੀਂ ਹੁੰਦਾ ਤਾਂ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਦੇ ਨੇੜੇ-ਤੇੜੇ ਵੀ ਨਹੀਂ ਅੱਪੜ ਸਕਦੀਆਂ, ਲਿਹਾਜ਼ਾ ਪੰਜਾਬ ਦੀ ਸੱਤਾ ਹਥਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਲਈ ਗੱਠਜੋੜ ਕਰਨਾ ਮਜ਼ਬੂਰੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਦਿੱਲੀ ਵਿਖੇ ਚੱਲੇ ਕਿਸਾਨ ਸੰਘਰਸ਼ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਰੀਵਸ ਭਾਜਪਾ ਨਾਲ ਆਪਣਾ ਗੱਠਜੋੜ ਤੋੜਨਾ ਪਿਆ ਸੀ, ਪ੍ਰੰਤੂ ਹੁਣ ਮੌਜੂਦਾ ਹਾਲਾਤਾਂ ਮੁਤਾਬਿਕ ਇਨ੍ਹਾਂ ਦਾ ਗੱਠਜੋੜ ਹੋਣਾ ਪੱਥਰ ‘ਤੇ ਲਕੀਰ ਮੰਨਿਆ ਜਾ ਰਿਹਾ ਹੈ, ਜੋ ਕਿ ਸੂਬੇ ਜਾਂ ਲੋਕ ਹਿੱਤ ‘ਚ ਲਿਆ ਗਿਆ ਫ਼ੈਸਲਾ ਨਹੀਂ, ਬਲਕਿ ਕੁਰਸੀ ਲਈ ਕੀਤਾ ਗਿਆ ਸਮਝੌਤਾ ਹੈ।