29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਫੇਜ਼-7 ’ਚ ਨਾਬਾਲਗ ਲੜਕੀ ਨੂੰ ਅੱਗ ਲਾਉਣ ਦੇ ਮਾਮਲੇ ’ਚ ਪੀੜਤਾ ਨੇ ਪੀ. ਜੀ. ਆਈ. ਵਿਖੇ ਤੋੜਿਆ ਦਮ ਪੁਲਿਸ ਨੇ ਹੱਤਿਆ ਦੀ ਧਾਰਾ 103 (1) ਜੋੜੀ, ਮੁੱਖ ਮੁਲਜ਼ਮ ਦੀਪਕ ਦੇ ਦੋ ਚਚੇਰੇ ਭਰਾਵਾਂ ਦੀ ਗ੍ਰਿਫ਼ਤਾਰੀ ਬਾਕੀ

ਐੱਸ. ਏ.

ਅਜੀਤ ਡੈਸਕ 29-08-2026
ਐੱਸ. ਏ. ਐੱਸ. ਨਗਰ, 28 ਅਗਸਤ (ਕਪਿਲ ਵਧਵਾ)- ਉਦਯੋਗਿਕ ਖੇਤਰ ਫੇਜ਼-7 ਵਿਖੇ 21 ਅਗਸਤ ਨੂੰ ਪੰਜਾਬ ਬੰਦ ਦੌਰਾਨ ਦੀਪਕ ਨਾਂਅ ਦੇ ਨੌਜਵਾਨ ਵਲੋਂ ਸੈਨੀਟਾਈਜ਼ਰ ਨਾਲ ਅੱਗ ਲਗਾ ਕੇ ਸਾੜੀ ਗਈ ਅੱਠਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜੇਰੇ ਇਲਾਜ ਮੌਤ ਹੋਣ ਦੀ ਮੰਦਭਾਗੀ ਸੂਚਨਾ ਰੱਖੜੀ ਵਾਲੇ ਦਿਨ ਪ੍ਰਾਪਤ ਹੋਈ ਹੈ। ਪੁਲਿਸ ਨੇ ਸ਼ੁੱਕਰਵਾਰ ਸਵੇਰੇ ਰੁੱਕਾ ਮਿਲਣ ਉਪਰੰਤ ਮਾਮਲੇ ਵਿਚ ਹੱਤਿਆ ਦੀ ਧਾਰਾ 103 (1) ਬੀ. ਐੱਨ. ਐੱਸ. ਵੀ ਜੋੜ ਦਿੱਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਬੰਦ ਵਾਲੇ ਦਿਨ 21 ਅਗਸਤ ਨੂੰ ਕਰੀਬ 11 ਵਜੇ ਨਾਬਾਲਗ ਲੜਕੀ ਬਲੌਂਗੀ ਸਥਿਤ ਨਾਨਕੇ ਘਰ ਜਾਣ ਲਈ ਆਪਣੇ ਘਰੋਂ ਨਿਕਲੀ ਸੀ। ਇਸ ਦੌਰਾਨ ਰਸਤੇ ਵਿਚ ਜਦੋਂ ਉਹ ਆਪਣੇ ਜਾਣਕਾਰ ਦੀਪਕ ਕੁਮਾਰ ਦੇ ਘਰ ਅੱਗਿਓਂ ਲੰਘੀ ਤਾਂ ਦੀਪਕ ਉਸ ਨੂੰ ਘਰ ਦੇ ਅੰਦਰ ਲੈ ਗਿਆ ਤੇ ਲੜਕੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਸੀ ਕਿ ਦੀਪਕ ਨੇ ਉਸ ਦੀ ਸਹਿਮਤੀ ਨਾਲ ਨਜ਼ਦੀਕੀ ਵਧਾਈ। ਇਸ ਦੌਰਾਨ ਲੜਕੀ ਦਾ ਪਿਤਾ ਉਸ ਦੀ ਭਾਲ ਕਰਦਾ ਹੋਇਆ ਦੀਪਕ ਦੇ ਘਰ ਆ ਗਿਆ, ਜਿਥੇ ਦੋਵਾਂ ਨੂੰ ਇਕੱਠਿਆਂ ਦੇਖ ਕੇ ਲੜਕੀ ਦੇ ਪਿਤਾ ਦਾ ਖੂਨ ਖੋਲ ਗਿਆ ਅਤੇ ਦੀਪਕ ਤੇ ਉਸ ਵਿਚ ਤਕਰਾਰ ਹੋ ਗਈ। ਪੀੜਤਾ ਤੇ ਪੁਲਿਸ ਮੁਤਾਬਿਕ ਇਸੇ ਤਕਰਾਰ ਦੀ ਰੰਜਿਸ਼ ਵਿਚ ਦੀਪਕ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਲੜਕੀ ਦੇ ਘਰ ਗਿਆ ਅਤੇ ਉਪਰਲੇ ਕਮਰੇ ਵਿਚ ਨਾਬਾਲਗਾ ਨੂੰ ਅੱਗ ਲਗਾ ਕੇ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਪਰਿਵਾਰ ਵਲੋਂ ਲੜਕੀ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ 80 ਫ਼ੀਸਦੀ ਚਮੜੀ ਝੁਲਸ ਗਈ ਹੈ। ਬਾਅਦ ਵਿਚ ਬਿਆਨ ਦੇਣ ਦੀ ਹਾਲਤ ਵਿਚ ਆਉਣ ’ਤੇ ਨਾਬਾਲਗਾ ਨੇ ਦੀਪਕ ਨੂੰ ਆਪਣੀ ਇਸ ਹਾਲਤ ਦਾ ਜ਼ਿੰਮੇਵਾਰ ਠਹਿਰਾਇਆ ਸੀ। ਇਸ ਤੋਂ ਬਾਅਦ ਥਾਣਾ ਫੇਜ਼-1 ਦੀ ਪੁਲਿਸ ਨੇ ਬੀ. ਐੱਨ. ਐੱਸ. ਦੀਆਂ ਧਾਰਾਵਾਂ 109, 74, 331, 124 (1) ਅਤੇ ਪੋਕਸੋ ਐਕਟ ਦੀ ਧਾਰਾ 12 ਤਹਿਤ ਮਾਮਲਾ ਦਰਜ ਕਰਕੇ ਮੁੱਖ ਮੁਲਜ਼ਮ ਦੀਪਕ ਕੁਮਾਰ ਵਾਸੀ ਬਲੌਂਗੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਪੀੜਤਾ ਦੇ ਪਿਤਾ ਰਮੇਸ਼ ਅਤੇ ਚਾਚਾ ਮੋਹਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਤਿੰਨੋਂ ਹੁਣ ਨਿਆਂਇਕ ਹਿਰਾਸਤ ਵਿਚ ਹਨ, ਜਦਕਿ ਮਾਮਲੇ ਵਿਚ ਨਾਮਜ਼ਦ ਮੁੱਖ ਮੁਲਜ਼ਮ ਦੇ ਦੋ ਚਚੇਰੇ ਭਰਾਵਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ 104 ਹੈਲਪਲਾਈਨ ਡਿਸਚਾਰਜ ਤੋਂ ਬਾਅਦ ਵੀ ਮਰੀਜ਼ਾਂ ਨਾਲ ਸਰਕਾਰ ਦਾ ਸੰਪਰਕ ਬਣਾਈ ਰੱਖਦੀ ਹੈ ਅਗਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।