ਐੱਸ. ਏ. ਐੱਸ. ਨਗਰ, 28 ਅਗਸਤ (ਕਪਿਲ ਵਧਵਾ)-ਇਕ ਕਾਰੋਬਾਰੀ ਨਾਲ 4.05 ਕਰੋੜ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਮਾਮਲੇ ਵਿਚ ਜੀਜਾ-ਸਾਲਾ ਅਮਿਤੇਸ਼ਵਰ ਪ੍ਰਤਾਪ ਸਿੰਘ ਅਤੇ ਇੰਦਰਵੀਰ ਸਿੰਘ ਪਨੇਸਰ ਨੂੰ ਬੀਤੇ ਦਿਨੀਂ ਅਦਾਲਤ ਤੋਂ ਰਾਹਤ ਨਹੀਂ ਮਿਲੀ। ਮੁਹਾਲੀ ਦੇ ਵਧੀਕ ਸੈਸ਼ਨ ਜੱਜ ਰਾਜੇਸ਼ ਆਹਲੂਵਾਲੀਆ ਦੀ ਅਦਾਲਤ ਨੇ ਦੋਵਾਂ ਮੁਲਜ਼ਮਾਂ ਦੀਆਂ ਅਗਾਊਂ ਜ਼ਮਾਨਤ ਪਟੀਸ਼ਨਾਂ ਰੱਦ ਕਰ ਦਿੱਤੀਆਂ। ਇਸ ਸੰਬੰਧੀ ਥਾਣਾ ਸੋਹਾਣਾ ਵਿਖੇ ਬੀ. ਐੱਨ. ਐੱਸ. ਦੀਆਂ ਧਾਰਾਵਾਂ 318 (4) ਅਤੇ 316 (2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਤਰਨਜੀਤ ਸਿੰਘ ਅਨੁਸਾਰ ਮੁਲਜ਼ਮਾਂ ਨੇ ਪਿੰਡ ਹੰਸਾਲੀ ਵਿਖੇ ਆਪਣੀ ਫੈਕਟਰੀ ਹੋਣ ਦੀ ਜਾਣਕਾਰੀ ਦਿੰਦਿਆਂ 50 ਤੋਂ 300 ਮੀਟ੍ਰਿਕ ਟਨ ਤੱਕ ਪਰਾਲੀ ਤਿਆਰ ਕਰਕੇ ਸਪਲਾਈ ਕਰਨ ਦਾ ਭਰੋਸਾ ਦਿੱਤਾ ਸੀ। ਇਸ ਸੰਬੰਧੀ 17 ਜਨਵਰੀ 2025 ਨੂੰ ਡੇਨੇ ਪਲਾਂਟ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਸੀ ਅਤੇ ਪਰਾਲੀ ਦੀ ਸਪਲਾਈ ਲਈ ਐਡਵਾਂਸ ਰਕਮ ਦੀ ਮੰਗ ਕੀਤੇ ਜਾਣ ‘ਤੇ ਸ਼ਿਕਾਇਤਕਰਤਾ ਵਲੋਂ ਆਰ. ਟੀ. ਜੀ. ਐੱਸ. ਰਾਹੀਂ ਕੰਪਨੀ ਦੇ ਖਾਤੇ ਵਿਚ ਕਰੀਬ 4.05 ਕਰੋੜ ਰੁ. ਦੀ ਰਾਸ਼ੀ ਟਰਾਂਸਫਰ ਕੀਤੀ ਗਈ ਸੀ। ਸ਼ਿਕਾਇਤ ਅਨੁਸਾਰ ਪਰਾਲੀ ਦੀ ਸਪਲਾਈ ਅਗਸਤ 2025 ਵਿਚ ਕੀਤੀ ਜਾਣੀ ਸੀ, ਪਰ ਨਿਰਧਾਰਤ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਮਾਲ ਦੀ ਸਪਲਾਈ ਨਹੀਂ ਕੀਤੀ ਗਈ ਅਤੇ ਰਕਮ ਵਾਪਸ ਮੰਗਣ ‘ਤੇ ਵੀ ਭੁਗਤਾਨ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।