18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜਨਗਣਨਾ-2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਸੰਬੰਧੀ ਡਾਇਰੈਕਟਰ ਜਨਗਣਨਾ ਸੰਚਾਲਨ ਪੰਜਾਬ ਵਲੋਂ ਮੁਹਾਲੀ ਵਿਖੇ ਸਮੀਖਿਆ ਮੀਟਿੰਗ

ਐੱਸ. ਏ.

ਜਨਗਣਨਾ-2027 ਦੇ ਦੂਜੇ ਪੜਾਅ ‘ਆਬਾਦੀ ਗਿਣਤੀ’ ਦੀਆਂ ਤਿਆਰੀਆਂ ਸੰਬੰਧੀ ਸੱਦੀ ਗਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਾ. ਨਵਜੋਤ ਖੋਸਾ ਡਾਇਰੈਕਟਰ ਜਨਗਣਨਾ ਸੰਚਾਲਨ ਪੰਜਾਬ। ਅਜੀਤ ਤਸਵੀਰ 18-08-2026
ਐੱਸ. ਏ. ਐੱਸ. ਨਗਰ, 17 ਅਗਸਤ (ਪ੍ਰੋ. ਅਵਤਾਰ ਸਿੰਘ)- ਜਨਗਣਨਾ-2027 ਦੇ ਦੂਜੇ ਪੜਾਅ ‘ਆਬਾਦੀ ਗਿਣਤੀ’ ਦੀਆਂ ਤਿਆਰੀਆਂ ਸੰਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਡਾ. ਨਵਜੋਤ ਖੋਸਾ ਡਾਇਰੈਕਟਰ ਜਨਗਣਨਾ ਸੰਚਾਲਨ ਪੰਜਾਬ ਦੀ ਪ੍ਰਧਾਨਗੀ ਹੇਠ ਸਮੀਖਿਆ ਮੀਟਿੰਗ ਸੱਦੀ ਗਈ। ਮੀਟਿੰਗ ‘ਚ ਕੋਮਲ ਮਿੱਤਲ ਡਿਪਟੀ ਕਮਿਸ਼ਨਰ ਮੁਹਾਲੀ, ਸੰਦੀਪ ਸਿੰਘ ਮਿਊਂਸੀਪਲ ਕਮਿਸ਼ਨਰ ਮੁਹਾਲੀ, ਏ. ਡੀ. ਸੀਜ਼ ਅਤੇ ਐਸ. ਡੀ. ਐਮਜ਼ ਸਮੇਤ ਸਾਰੇ ਸੰਬੰਧਿਤ ਅਧਿਕਾਰੀ, ਚਾਰਜ ਅਫ਼ਸਰ ਤੇ ਜਨਗਣਨਾ ਕਾਰਜ ਨਾਲ ਜੁੜੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਡਾਇਰੈਕਟਰ ਜਨਗਣਨਾ ਸੰਚਾਲਨ ਨੇ ਫੇਜ਼-1 ਦੇ ਜਨਗਣਨਾ ਕਾਰਜ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਚਾਰਜ ਅਫ਼ਸਰਾਂ ਅਤੇ ਫੀਲਡ ਸਟਾਫ਼ ਵਲੋਂ ਕੀਤੇ ਗਏ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਨਿਰਧਾਰਤ ਕਾਰਜ ਸਮੇਂ ਸਿਰ ਮੁਕੰਮਲ ਕਰਨ ਲਈ ਪ੍ਰਭਾਵਸ਼ਾਲੀ ਯੋਜਨਾਬੰਦੀ ਤੇ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ। ਉਨ੍ਹਾਂ ਉੱਨਤ ਅਤੇ ਸੁਚੱਜੀ ਯੋਜਨਾਬੰਦੀ ‘ਤੇ ਜ਼ੋਰ ਦਿੰਦਿਆਂ ਸਾਰੇ ਹਿੱਸੇਦਾਰ ਵਿਭਾਗਾਂ ਦਰਮਿਆਨ ਪ੍ਰਭਾਵਸ਼ਾਲੀ ਤਾਲਮੇਲ ਨਾਲ ਨਿਰਧਾਰਤ ਸਮੇਂ ਅੰਦਰ ਟੀਚੇ ਹਾਸਿਲ ਕਰਨ ਲਈ ਕਿਹਾ। ਉਨ੍ਹਾਂ ਜ਼ਿਲ੍ਹੇ ਤੇ ਮਿਊਂਸੀਪਲ ਕਾਰਪੋਰੇਸ਼ਨ ਦੇ ਖ਼ਾਸ ਕਰਕੇ ਉੱਚ-ਤਰਜੀਹ ਵਾਲੇ ਚਾਰਜਾਂ ‘ਚ ਹਾਊਸ ਲਿਸਟਿੰਗ ਆਪ੍ਰੇਸ਼ਨ ਦੇ ਕੰਮ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਨਗਣਨਾ ਅਮਲੇ ਵਲੋਂ ਕੀਤੀ ਗਈ ਮਿਹਨਤ ਅਤੇ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਜਨਗਣਨਾ ਦੇ ਦੂਜੇ ਪੜਾਅ ਨਾਲ ਸੰਬੰਧਿਤ ਸਾਰੇ ਕਾਰਜ ਵੀ ਸਫ਼ਲਤਾਪੂਰਵਕ ਮੁਕੰਮਲ ਕਰੇਗਾ। ਉਨ੍ਹਾਂ ਨੇ ਪ੍ਰਿੰਸੀਪਲ ਜਨਗਣਨਾ ਅਫ਼ਸਰਾਂ ਅਤੇ ਜਨਗਣਨਾ ਅਫ਼ਸਰਾਂ ਨੂੰ ਦੂਜੇ ਪੜਾਅ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੀ ਹਦਾਇਤ ਕੀਤੀ। ਇਸੇ ਦੌਰਾਨ ਡੀ. ਸੀ. ਕੋਮਲ ਮਿੱਤਲ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹੇ ‘ਚ ਜਨਗਣਨਾ ਨਾਲ ਸੰਬੰਧਿਤ ਸਾਰੇ ਕਾਰਜ ਨਿਰਧਾਰਤ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਿਊਂਸੀਪਲ ਕਾਰਪੋਰੇਸ਼ਨ ਜਨਗਣਨਾ ਕਾਰਜ ਨੂੰ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਸਹੀ ਤੇ ਭਰੋਸੇਯੋਗ ਅੰਕੜੇ ਇਕੱਤਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਮੀਟਿੰਗ ਦੌਰਾਨ ਜਨਗਣਨਾ-2027 ਦੇ ਦੂਜੇ ਪੜਾਅ ‘ਆਬਾਦੀ ਗਿਣਤੀ’ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਲਈ ਵਿਸਥਾਰਤ ਰੋਡ-ਮੈਪ ਅਤੇ ਕਾਰਜ ਯੋਜਨਾ ‘ਤੇ ਵੀ ਚਰਚਾ ਕੀਤੀ ਗਈ।
ਪਿਛਲੀ ਖ਼ਬਰ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਮੰਡੀਆਂ ਤੇ ਲਿੰਕ ਸੜਕਾਂ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਜ਼ਿਲ੍ਹਾ ਸਵੀਪ ਟੀਮ ਵਲੋਂ ਨਵੇਂ ਵੋਟਰਾਂ ਨਾਲ ਰੂ-ਬਰੂ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।