ਪੰਚਕੂਲਾ, 11 ਅਗਸਤ (ਕਪਿਲ)- ਡੀ. ਟੀ. ਪੀ. ਬਬੀਤਾ ਗੁਪਤਾ ਦੀ ਅਗਵਾਈ ’ਚ ਜ਼ਿਲ੍ਹਾ ਨਗਰ ਯੋਜਨਾਕਾਰ ਪੰਚਕੂਲਾ ਦੀ ਟੀਮ ਵਲੋਂ ਅਰਬਨ ਏਰੀਆ ਪੰਚਕੂਲਾ ਦੀ ਅਮਰਾਵਤੀ ਐਨਕਲੇਵ ’ਚੋਂ ਕਰੀਬ 300 ਮਕਾਨਾਂ ਦੇ ਬਾਹਰ ਕੀਤੇ ਨਾਜਾਇਜ਼ ਕਬਜ਼ਿਆਂ ਤਹਿਤ ਲਗਾਈਆਂ ਫੈਂਸਿੰਗ/ਗਰਿੱਲਾਂ ਅਤੇ ਰੈਂਪਾਂ ਨਾਲ ਬਣਾਈਆਂ ਗਈਆਂ ਬੈਂਚਾਂ ਨੂੰ ਜੇ. ਸੀ. ਬੀ. ਦੀ ਮਦਦ ਨਾਲ ਹਟਾਇਆ ਗਿਆ। ਇਸ ਮੌਕੇ ਜ਼ਿਲ੍ਹਾ ਨਗਰ ਯੋਜਨਾਕਾਰ ਪੰਚਕੂਲਾ ਨੇ ਦੱਸਿਆ ਕਿ ਬਾਕੀ ਮਕਾਨਾਂ ਦੇ ਬਾਹਰ ਕੀਤੇ ਗਏ ਕਬਜ਼ਿਆਂ ਖ਼ਿਲਾਫ਼ ਵੀ ਦਫ਼ਤਰ ਵਲੋਂ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ। ਉਕਤ ਕਾਰਵਾਈ ਡਿਊਟੀ ਮੈਜਿਸਟ੍ਰੇਟ ਅਸ਼ੋਕ ਕੁਮਾਰ, ਸਹਾਇਕ ਨਗਰ ਯੋਜਨਾਕਾਰ ਪੰਚਕੂਲਾ ਡਿੰਪੀ ਰਾਠੀ ਅਤੇ ਭਾਰੀ ਪੁਲਿਸ ਬਲ ਦੀ ਮੌਜੂਦਗੀ ’ਚ ਕੀਤੀ ਗਈ। ਇਸ ਦੌਰਾਨ ਮਕਾਨ ਮਾਲਕਾਂ ਅਤੇ ਸਥਾਨਕ ਲੋਕਾਂ ਵੱਲੋਂ ਕੀਤੇ ਗਏ ਭਾਰੀ ਵਿਰੋਧ ਦੇ ਬਾਵਜੂਦ ਕਾਰਵਾਈ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਟੀ. ਪੀ. ਬਬੀਤਾ ਗੁਪਤਾ ਨੇ ਦੱਸਿਆ ਕਿ ਸਰਕਾਰ/ਵਿਭਾਗ ਵਲੋਂ ਮਨਜ਼ੂਰਸ਼ੁਦਾ ਲਾਇਸੰਸ ਪ੍ਰਾਪਤ ਕਾਲੋਨੀਆਂ ’ਚ ਹਰਿਆਣਾ ਬਿਲਡਿੰਗ ਕੋਡ-2017 ਅਨੁਸਾਰ ਹੀ ਉਸਾਰੀ ਕਰਨਾ ਲਾਜ਼ਮੀ ਹੈ। ਜੇਕਰ ਕਿਸੇ ਵੀ ਮਕਾਨ ਮਾਲਕ ਵਲੋਂ ਹਰਿਆਣਾ ਬਿਲਡਿੰਗ ਕੋਡ-2017 ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਮਾਰਤਾਂ ਦੀ ਉਸਾਰੀ ਵਿਭਾਗ ਦੀ ਨੀਤੀ ਅਤੇ ਹਦਾਇਤਾਂ ਅਨੁਸਾਰ ਹੀ ਕੀਤੀ ਜਾਵੇ।