ਲਾਲੜੂ, 8 ਅਗਸਤ (ਰਾਜਬੀਰ ਸਿੰਘ)-ਸੀ. ਪੀ. ਆਈ. (ਐੱਮ) ਦੀ ਜ਼ਿਲ੍ਹਾ ਮੁਹਾਲੀ ਇਕਾਈ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ ਭਲਕੇ 10 ਅਗਸਤ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਮੁਹਾਲੀ ਦੇ ਸਾਹਮਣੇ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸ਼ਿਆਮ ਲਾਲ ਹੈਬਤਪੁਰ, ਜ਼ਿਲ੍ਹਾ ਸਕੱਤਰ ਕਾਮਰੇਡ ਚੰਦਰਪਾਲ ਲਾਲੜੂ ਤੇ ਖਰੜ ਤਹਿਸੀਲ ਦੇ ਸਕੱਤਰ ਕਾਮਰੇਡ ਪਰਮਜੀਤ ਸਿੰਘ ਖਿਜ਼ਰਾਬਾਦ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਭਾਰਤ-ਅਮਰੀਕਾ ਪਰਮਾਣੂ ਸਮਝੌਤਾ, ਮਨਰੇਗਾ ਕਾਨੂੰਨ, ਕਿਸਾਨੀ ਮੰਗਾਂ ਅਤੇ ਬਿਜਲੀ ਸੋਧ ਬਿੱਲ ਸਮੇਤ ਕਈ ਅਹਿਮ ਮੁੱਦਿਆਂ ‘ਤੇ ਸਰਕਾਰ ਦੀਆਂ ਨੀਤੀਆਂ ਲੋਕ ਹਿੱਤਾਂ ਦੇ ਉਲਟ ਹਨ। ਉਨ੍ਹਾਂ ਕਿਹਾ ਕਿ 10 ਅਗਸਤ ਦੇ ਪ੍ਰਦਰਸਨ ਦੌਰਾਨ ਇਨ੍ਹਾਂ ਸਾਰੇ ਮੁੱਦਿਆਂ ਨੂੰ ਜੋਰਦਾਰ ਢੰਗ ਨਾਲ ਸਰਕਾਰ ਦੇ ਧਿਆਨ ‘ਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਯੋਗ ਕੀਮਤ, ਮਜ਼ਦੂਰਾਂ ਨੂੰ ਰੁਜਗਾਰ ਅਤੇ ਹੱਕਾਂ ਦੀ ਸੁਰੱਖਿਆ, ਨੌਜਵਾਨਾਂ ਨੂੰ ਰੁਜ਼ਗਾਰ ਅਤੇ ਮੁਲਾਜਮਾਂ ਦੀਆਂ ਜਾਇਜ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਇਸ ਸੰਘਰਸ਼ ਦਾ ਮੁੱਖ ਉਦੇਸ ਹੈ। ਆਗੂਆਂ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਲਈ ਕੀਤੇ ਜਾ ਰਹੇ ਇਸ ਸੰਘਰਸ਼ ‘ਚ ਉਨ੍ਹਾਂ ਸਮੂਹ ਕਿਸਾਨਾਂ, ਮਜਦੂਰਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ।