ਹਰਿਆਣਾ ’ਚ ਵਧੇਗੀ ਪ੍ਰਦੂਸ਼ਣ ਪ੍ਰਬੰਧਨ ਸਮਰੱਥਾ, ਯਮੁਨਾ ਨੂੰ ਮਿਲੇਗਾ ਨਵਾਂ ਜੀਵਨ-ਮੁੱਖ ਸਕੱਤਰ
ਚੰਡੀਗੜ੍ਹ, 1 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਸਰਕਾਰ ਨੇ ਯਮੁਨਾ ਨਦੀ ਦੇ ਪੁਨਰਜੀਵਨ ਲਈ ਵਿਆਪਕ ਕਾਰਜ ਯੋਜਨਾ ਨੂੰ ਗਤੀ ਦਿੰਦੇ ਹੋਏ ਸੀਵਰੇਜ ਟ੍ਰੀਟਮੈਂਟ, ਉਦਯੋਗਿਕ ਪ੍ਰਦੂਸ਼ਣ ਕੰਟਰੋਲ, ਠੋਸ ਕਚਰਾ ਪ੍ਰਬੰਧਨ ਅਤੇ ਜਲ ਸਰੋਤਾਂ ਦੀ ਸੰਭਾਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਇਸ ਕਾਰਜ ਯੋਜਨਾ ਤਹਿਤ ਕੁੱਲ 621 ਐਮ.
ਚੰਡੀਗੜ੍ਹ, 1 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਸਰਕਾਰ ਨੇ ਯਮੁਨਾ ਨਦੀ ਦੇ ਪੁਨਰਜੀਵਨ ਲਈ ਵਿਆਪਕ ਕਾਰਜ ਯੋਜਨਾ ਨੂੰ ਗਤੀ ਦਿੰਦੇ ਹੋਏ ਸੀਵਰੇਜ ਟ੍ਰੀਟਮੈਂਟ, ਉਦਯੋਗਿਕ ਪ੍ਰਦੂਸ਼ਣ ਕੰਟਰੋਲ, ਠੋਸ ਕਚਰਾ ਪ੍ਰਬੰਧਨ ਅਤੇ ਜਲ ਸਰੋਤਾਂ ਦੀ ਸੰਭਾਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਇਸ ਕਾਰਜ ਯੋਜਨਾ ਤਹਿਤ ਕੁੱਲ 621 ਐਮ.ਐਲ.ਡੀ. ਸਮਰੱਥਾ ਦੇ 18 ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ.) ਸਥਾਪਿਤ ਕੀਤੇ ਜਾਣਗੇ, ਛੇ ਮੌਜੂਦਾ ਐਸ.ਟੀ.ਪੀ. ਦਾ ਤਕਨੀਕੀ ਅੱਪਗ੍ਰੇਡੇਸ਼ਨ ਕੀਤਾ ਜਾਵੇਗਾ, ਉਦਯੋਗਿਕ ਖੇਤਰਾਂ ਲਈ 12 ਕਾਮਨ ਇਫਲੂਐਂਟ ਟ੍ਰੀਟਮੈਂਟ ਪਲਾਂਟ (ਸੀ.ਈ.ਟੀ.ਪੀ.) ਵਿਕਸਿਤ ਕੀਤੇ ਜਾਣਗੇ, ਯਮੁਨਾ ਬੇਸਿਨ ਦੇ ਸਾਰੇ 3 3 ਸ਼ਹਿਰੀ ਸਥਾਨਕ ਨਿਕਾਏ ਵਿਚ ਏਕੀਕ੍ਰਿਤ ਠੋਸ ਕਚਰਾ ਪ੍ਰਬੰਧਨ (ਆਈ.ਐਸ.ਡਬਲਯੂ.ਐਮ.) ਕਲੱਸਟਰ ਸਥਾਪਿਤ ਹੋਣਗੇ। ਇਸ ਤੋਂ ਇਲਾਵਾ ਛੇ ਬਾਇਓਗੈਸ ਪਲਾਂਟ ਲਗਾਏ ਜਾਣਗੇ ਅਤੇ ਯਮੁਨਾ ਕੰਢੇ ਦੇ ਸਾਰੇ ਪਛਾਣੇ ਗਏ ਤਲਾਬਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਯਮੁਨਾ ਪੁਨਰਜੀਵਨ ਕਾਰਜ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਸਬੰਧਤ ਵਿਭਾਗਾਂ ਨੂੰ ਸਾਰੇ ਪ੍ਰੋਜੈਕਟਾਂ ਨੂੰ ਤੈਅ ਸਮਾਂ-ਸੀਮਾ ਵਿਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਯਮੁਨਾ ਨਦੀ ਦੀ ਸੰਭਾਲ ਲਈ ਸੀਵਰੇਜ ਅਤੇ ਉਦਯੋਗਿਕ ਗੰਦੇ ਪਾਣੀ ਦੇ ਵਿਗਿਆਨਕ ਉਪਚਾਰ, ਪ੍ਰਦੂਸ਼ਣ ਕੰਟਰੋਲ ਅਤੇ ਵਾਤਾਵਰਣਕ ਬਹਾਲੀ ਦੇ ਕੰਮਾਂ ਵਿੱਚ ਵਿਭਾਗਾਂ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਯਕੀਨੀ ਬਣਾਇਆ ਜਾਵੇ। ਮੀਟਿੰਗ ਵਿੱਚ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵਿਨੈ ਪ੍ਰਤਾਪ ਸਿੰਘ ਨੇ ਦੱਸਿਆ ਕਿ 284 ਐਮ.ਐਲ.ਡੀ. ਦੀ ਸੰਯੁਕਤ ਸਮਰੱਥਾ ਵਾਲੇ ਛੇ ਮੌਜੂਦਾ ਐਸ.ਟੀ.ਪੀ. ਦਾ ਤਕਨੀਕੀ ਅੱਪਗ੍ਰੇਡੇਸ਼ਨ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰੋਜੈਕਟਾਂ ਰਾਹੀਂ ਯਮੁਨਾ ਬੇਸਿਨ ਦੇ 6,417 ਉਦਯੋਗਾਂ ਤੋਂ ਨਿਕਲਣ ਵਾਲੇ ਉਦਯੋਗਿਕ ਗੰਦੇ ਪਾਣੀ ਦੇ ਉਪਚਾਰ ਦੀ ਬਾਕੀ ਲੋੜ ਪੂਰੀ ਕੀਤੀ ਜਾਵੇਗੀ। ਮੀਟਿੰਗ ਵਿੱਚ ਸ਼ਹਿਰੀ ਸਥਾਨਕ ਨਿਕਾਏ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਅਸ਼ੋਕ ਕੁਮਾਰ ਮੀਣਾ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਸਾਰਵਾਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।